ਅਕਾਲੀਆਂ ਨਾਲ ਗੰਢਤੁਪ ਕਰਕੇ ਕੈਪਟਨ ਸੱਤਾ ‘ਚ ਆਏ : ਭਗਵੰਤ ਮਾਨ

ਅਕਾਲੀਆਂ ਨਾਲ ਗੰਢਤੁਪ ਕਰਕੇ ਕੈਪਟਨ ਸੱਤਾ ‘ਚ ਆਏ : ਭਗਵੰਤ ਮਾਨ

ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਕਿ ਉਹ ‘ਬਦਲਾਖੋਰੀ ਦੀ ਸਿਆਸਤ’ ਵਿੱਚ ਨਹੀਂ ਪੈਣਾ ਚਾਹੁੰਦੇ ਤੋਂ ਸਾਫ਼ ਹੋ ਗਿਆ ਹੈ ਕਿ ਕਾਂਗਰਸ ਪਾਰਟੀ ਅਕਾਲੀ ਦਲ ਨਾਲ ਅੰਦਰਖਾਤੇ ਕੀਤੇ ਕਥਿਤ ਸਮਝੌਤੇ ਤਹਿਤ ਹੀ ਸੱਤਾ ਵਿੱਚ ਆਈ ਹੈ। ਸ੍ਰੀ ਮਾਨ ਨੇ ਕਿਹਾ ਉਹ ਦੋਵਾਂ ਪਾਰਟੀਆਂ ਵਿਚਾਲੇ ਹੋਏ ਕਰਾਰ ਬਾਰੇ ਪਹਿਲਾਂ ਤੋਂ ਜਾਣਦੇ ਹਨ।
ਮਾਨ ਨੇ ਕਿਹਾ ਕਿ ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਐਨ ਪਹਿਲਾਂ ਕੈਪਟਨ ਦੀ ਸ਼ਮੂਲੀਅਤ ਵਾਲੇ ‘ਅੰਮ੍ਰਿਤਸਰ ਨਗਰ ਨਿਗਮ ਘੁਟਾਲ’ ‘ਚੋਂ ਉਨ੍ਹਾਂ ਦਾ ਨਾਂ ਬਾਹਰ ਕੀਤੇ ਜਾਣ ਲਈ ਹੁਣ ਉਹ ‘ਸਿਆਸੀ ਬਦਲਾਖੋਰੀ’ ਵਿਚ ਨਾ ਪੈਣ ਦਾ ਹਵਾਲਾ ਦੇ ਅਕਾਲੀ ਆਗੂਆਂ ਨੂੰ ਬਚਾਅ ਰਹੇ ਹਨ। ਮਾਨ ਨੇ ਕਿਹਾ ਕਿ ਇਕ ਪਾਸੇ ਜਿੱਥੇ ਕਾਂਗਰਸੀ ਮੰਤਰੀ ਤੇ ਵਿਧਾਇਕ ਅਕਾਲੀਆਂ ਦੇ ਖ਼ੂਨ ਦੇ ਪਿਆਸੇ ਹਨ, ਉਥੇ ਮੁੱਖ ਮੰਤਰੀ ਵੱਲੋਂ ਸਿਆਸੀ ਬਦਲਾਖੋਰੀ ਤਹਿਤ ਕਿਸੇ ਕਾਰਵਾਈ ਤੋਂ ਇਨਕਾਰ ਕੀਤਾ ਜਾ ਰਿਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ਼ਾਇਦ ਚੋਣਾਂ ਤੋਂ ਪਹਿਲਾਂ ਨਸ਼ਾ ਕਾਰੋਬਾਰੀਆਂ ਅਤੇ ਰੇਤ ਤੇ ਕੇਬਲ ਮਾਫੀਆ ਨੂੰ ਨੱਥ ਪਾਉਣ ਦੇ ਕੀਤੇ ਗਏ ਵਾਅਦਿਆਂ ਭੁੱਲ ਗਏ ਹਨ। ਸੰਸਦ ਮੈਂਬਰ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਵਿਚਾਲੇ ਅੰਦਰਖਾਤੇ ਹੋਏ ਸਮਝੌਤੇ ਤੋਂ ਬਾਅਦ ‘ਆਪ’ ਹੀ ਇਕੋ ਇਕ ਅਜਿਹੀ ਪਾਰਟੀ ਹੈ ਜੋ ਉਸਾਰੂ ਵਿਰੋਧੀ ਧਿਰ ਦੀ ਭੂਮਿਕਾ ਨਿਭਾਏਗੀ।