‘ਬਾਦਲੀ ਭਲਵਾਨ’ ਦੁਆਲੇ ਸਿਕੰਜਾ ਹੋਰ ਕੱਸਣ ਦੀ ਤਿਆਰੀ

‘ਬਾਦਲੀ ਭਲਵਾਨ’ ਦੁਆਲੇ ਸਿਕੰਜਾ ਹੋਰ ਕੱਸਣ ਦੀ ਤਿਆਰੀ

ਕਾਂਗਰਸ ਤੇ ਅਕਾਲੀ-ਭਾਜਪਾ ਦੀ ‘ਮਿਹਰ’ ਨਾਲ ਲੁਟਦਾ ਰਿਹੈ ਬੁੱਲੇ’
ਚੰਡੀਗੜ੍ਹ/ਬਿਊਰੋ ਨਿਊਜ਼:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਸੁਰਿੰਦਰਪਾਲ ਸਿੰਘ ‘ਭਲਵਾਨ’ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ ਕਿਉਂਕਿ ਵਿਜੀਲੈਂਸ ਨੇ ਉਸ ਖ਼ਿਲਾਫ਼ ਇੱਕ ਹੋਰ ਕੇਸ ਦਰਜ ਕਰਨ ਦੀ ਤਿਆਰੀ ਖਿੱਚ ਲਈ ਹੈ। ਵਿਜੀਲੈਂਸ ਸੂਤਰਾਂ ਮੁਤਾਬਕ ਸੁਰਿੰਦਰਪਾਲ ਸਿੰਘ ਪਹਿਲਵਾਨ ਵੱਲੋਂ ਜਨਮ ਤਾਰੀਕ ਵਿੱਚ ਕਰਾਈ ਸੋਧ ਦਾ ਮਾਮਲਾ ਸ਼ੱਕੀ ਹੋਣ ਕਾਰਨ ਜਾਂਚ ਆਰੰਭੀ ਗਈ ਸੀ ਤੇ ਇਹ ਜਾਂਚ ਤਕਰੀਬਨ ਮੁਕੰਮਲ ਹੋ ਗਈ ਹੈ। ਵਿਜੀਲੈਂਸ ਨੂੰ ਹਾਲ ਦੀ ਘੜੀ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਅਜਿਹਾ ਕੋਈ ਦਸਤਾਵੇਜ਼ ਹਾਸਲ ਨਹੀਂ ਹੋਇਆ, ਜਿਸ ਤੋਂ ਪਹਿਲਵਾਨ ਵੱਲੋਂ ਕਰਾਈ ਸੋਧ ਨੂੰ ਦਰੁਸਤ ਠਹਿਰਾਉਣ ਦਾ ਮੁੱਢ ਬੱਝਦਾ ਹੋਵੇ।
‘ਭਲਵਾਨ’ ਦੀ ਨੌਕਰੀ ਦੇ ਸੇਵਾ ਕਾਲ ਤੋਂ ਇਹ ਤੱਥ ਵੀ ਸਾਹਮਣੇ ਆਏ ਹਨ ਕਿ ਪੰਜਾਬ ਮੰਡੀ ਬੋਰਡ ਵਿੱਚ ਜੂਨੀਅਰ ਇੰਜਨੀਅਰ ਭਰਤੀ ਹੋ ਕੇ ਚੀਫ਼ ਇੰਜਨੀਅਰ ਤੇ ਹੋਰਨਾਂ ਅਹੁਦਿਆਂ ‘ਤੇ ਕੰਮ ਕਰਨ ਵਾਲੇ ਇਸ ਵਿਅਕਤੀ ਨੂੰ ਬਾਦਲ ਪਰਿਵਾਰ ਦਾ ਹੀ ‘ਖ਼ਾਸ’ ਨਹੀਂ ਕਿਹਾ ਜਾ ਸਕਦਾ ਸਗੋਂ ਕਾਂਗਰਸ ਸਰਕਾਰ ਵੇਲੇ ਵੀ ਉਸ ‘ਤੇ ਸਿਆਸਤਦਾਨਾਂ ਦੀ ਪੂਰੀ ‘ਮਿਹਰ’ ਰਹੀ ਹੈ। ਪਿਛਲੀ ਕੈਪਟਨ ਸਰਕਾਰ (2002-2007) ਵੇਲੇ ਵੀ ਸੁਰਿੰਦਰਪਾਲ ਸਿੰਘ ਨੂੰ ਲੁਧਿਆਣਾ ‘ਚ ਕਾਰਜਕਾਰੀ ਇੰਜਨੀਅਰ ਹੁੰਦਿਆਂ ਮੁਕਤਸਰ ਜ਼ਿਲ੍ਹੇ ਦੇ ਕਾਰਜਕਾਰੀ ਇੰਜਨੀਅਰ ਦਾ ਵਾਧੂ ਚਾਰਜ ਦਿੱਤਾ ਗਿਆ ਸੀ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਰਿਕਾਰਡ ਮੁਤਾਬਕ ਸੁਰਿੰਦਰਪਾਲ ਸਿੰਘ ਪਹਿਲਵਾਨ ਨੇ ਦਸਵੀਂ  ਸੰਨ 1984 ਵਿੱਚ ਸਰਕਾਰੀ ਹਾਈ ਸਕੂਲ, ਪੰਨੀਵਾਲਾ ਫੱਤਾ ਤੋਂ ਕੀਤੀ ਅਤੇ ਨਤੀਜੇ ਦੇ ਗਜ਼ਟ ਮੁਤਾਬਕ ਇਸ ਵਿਅਕਤੀ ਦੀ ਜਨਮ ਮਿਤੀ 11 ਦਸੰਬਰ 1967 ਹੈ। ਇਸ ਤੋਂ ਬਾਅਦ ਸੁਰਿੰਦਰਪਾਲ ਸਿੰਘ ਪਹਿਲਵਾਨ ਨੇ ਇੰਜਨੀਅਰਿੰਗ ਦਾ ਡਿਪਲੋਮਾ (ਸਿਵਲ) ਕੀਤਾ ਤੇ ਸਾਲ 1993 ਵਿੱਚ ਖੇਡ ਕੋਟੇ ਅਧੀਨ ਜੂਨੀਅਰ ਇੰਜਨੀਅਰ ਭਰਤੀ ਹੋ ਗਿਆ। ਵਿਜੀਲੈਂਸ ਮੁਤਾਬਕ ਉਸ ਨੇ 1994 ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਜਨਮ ਮਿਤੀ ਵਿੱਚ ਸੋਧ ਕਰਵਾ ਲਈ। ਵਿਜੀਲੈਂਸ ਸੂਤਰਾਂ ਦਾ ਦੱਸਣਾ ਹੈ ਕਿ ਜਾਂਚ ਅਧਿਕਾਰੀਆਂ ਨੇ ਸਿੱਖਿਆ ਬੋਰਡ ਦੇ ਅਧਿਕਾਰੀਆਂ ਤੋਂ ਜਨਮ ਮਿਤੀ ਵਿੱਚ ਸੋਧ ਲਈ ਪੇਸ਼ ਕੀਤੇ ਜ਼ਰੂਰੀ ਦਸਤਾਵੇਜ਼ਾਂ ਦੀ ਮੰਗ ਕੀਤੀ ਤਾਂ ਅਜਿਹਾ ਕੋਈ ਵੀ ਦਸਤਾਵੇਜ਼ ਹਾਸਲ ਨਹੀਂ ਹੋਇਆ। ਵਿਜੀਲੈਂਸ ਸੂਤਰਾਂ ਦਾ ਕਹਿਣਾ ਹੈ ਕਿ ਜਨਮ ਮਿਤੀ ਵਿੱਚ ਕਰਵਾਈ ਤਰਮੀਮ ਪੂਰੀ ਤਰ੍ਹਾਂ ਸ਼ੱਕੀ ਹੈ ਤੇ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਵਿਜੀਲੈਂਸ ਨੇ ਪੰਜਾਬ ਮੰਡੀ ਬੋਰਡ ਦੇ ਇਸ ਨਿਗਰਾਨ ਇੰਜਨੀਅਰ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ‘ਤੇ ਆਮਦਨ ਤੋਂ ਵੱਧ 1200 ਕਰੋੜ ਦੀ ਜਾਇਦਾਦ ਬਣਾਉਣ ਦੇ ਦੋਸ਼ ਲਾਏ ਗਏ ਹਨ।

ਤਰੱਕੀਆਂ ਤੇ ਤਰੱਕੀਆਂ ਕਰਦੈ ਰਿਹੈ ‘ਭਲਵਾਨ’
ਸੁਰਿੰਦਰ ਸਿੰਘ ਪਹਿਲਵਾਨ 1993 ਵਿੱਚ ਜੇਈ ਭਰਤੀ ਹੋਣ ਤੋਂ ਬਾਅਦ ਮਹਿਜ਼ ਤਿੰਨ ਕੁ ਸਾਲਾਂ ‘ਚ ਹੀ ਐਸਡੀਓ ਦੇ ਅਹੁਦੇ ‘ਤੇ ਪੁੱਜ ਗਿਆ ਅਤੇ ਐਸਡੀਓ ਦੇ ਅਹੁਦੇ ‘ਤੇ ਹੁੰਦਿਆਂ ਤਤਕਾਲੀ ਬਾਦਲ ਸਰਕਾਰ ਵੇਲੇ 1999  ਵਿੱਚ ਉਸ ਨੂੰ ਕਾਰਜਕਾਰੀ ਇੰਜਨੀਅਰ, ਲੁਧਿਆਣਾ ਦਾ ਵਾਧੂ ਚਾਰਜ ਦੇ ਦਿੱਤਾ ਗਿਆ। 8 ਸਾਲ ਵਿੱਚ ਉਹ ਕਾਰਜਕਾਰੀ ਇੰਜਨੀਅਰ ਵੀ ਬਣ ਗਿਆ। ਸੰਨ 2012 ਵਿੱਚ ਕਾਰਜਕਾਰੀ ਇੰਜਨੀਅਰ, ਲੁਧਿਆਣਾ ਹੁੰਦਿਆਂ ਮੁਹਾਲੀ ‘ਚ ਇਸੇ ਅਹੁਦੇ ਦੇ ਬਰਾਬਰ ਦਾ ਚਾਰਜ ਤੇ ਗਮਾਡਾ ਵਿੱਚ ਵੀ ਕਾਰਜਕਾਰੀ ਇੰਜਨੀਅਰ ਦਾ ਚਾਰਜ ਦੇ ਦਿੱਤਾ ਗਿਆ। ਬਾਦਲ ਸਰਕਾਰ ਵੱਲੋਂ ਸੰਨ 2013 ਵਿੱਚ ਉਸ ਨੂੰ ਚਾਰ ਵਾਧੂ ਚਾਰਜ ਅਤੇ ਸੰਨ 2014 ਵਿੱਚ ਛੇ ਅਹਿਮ ਅਹੁਦਿਆਂ ਦਾ ਚਾਰਜ ਦਿੱਤਾ ਗਿਆ। ਸੰਨ 2015 ਤੋਂ 2016 ਤੱਕ ਪਹਿਲਵਾਨ ਨੂੰ ਅੱਠ ਚਾਰਜ ਜਿਨ੍ਹਾਂ ਵਿੱਚ ਕਾਰਜਕਾਰੀ ਇੰਜਨੀਅਰ ਲੁਧਿਆਣਾ, ਮੁਹਾਲੀ, ਗਮਾਡਾ ਦਾ ਵੀ ਕਾਰਜਕਾਰੀ ਇੰਜਨੀਅਰ, ਨਿਗਰਾਨ ਇੰਜਨੀਅਰ ਮੰਡੀ ਬੋਰਡ ਲੁਧਿਆਣਾ, ਨਿਗਰਾਨ ਇੰਜਨੀਅਰ ਗਮਾਡਾ-1, ਨਿਗਰਾਨ ਇੰਜਨੀਅਰ ਗਮਾਡਾ-2 ਅਤੇ ਮੁੱਖ ਇੰਜਨੀਅਰ ਗਮਾਡਾ ਦਾ ਵੀ ਚਾਰਜ ਦਿੱਤਾ ਗਿਆ ਸੀ।