ਦਰਬਾਰ ਸਾਹਿਬ ਦੀ ਦਰਸ਼ਨੀ ਡਿਓਢੀ ਦੀ ਕਾਰ ਸੇਵਾ ਸ਼ੁਰੂ

ਦਰਬਾਰ ਸਾਹਿਬ ਦੀ ਦਰਸ਼ਨੀ ਡਿਓਢੀ ਦੀ ਕਾਰ ਸੇਵਾ ਸ਼ੁਰੂ

ਦਰਸ਼ਨੀ ਡਿਓਢੀ ਦੀ ਉਪਰਲੀ ਮੰਜ਼ਿਲ ਦੇ ਅੰਦਰੂਨੀ ਹਿੱਸੇ ਦੀ ਮੁਰੰਮਤ ਲਈ ਕਾਰ ਸੇਵਾ ਸ਼ੁਰੂ ਕੀਤੇ ਜਾਣ ਮੌਕੇ ਦਾ ਦ੍ਰਿਸ਼।
ਅੰਮ੍ਰਿਤਸਰ/ਬਿਊਰੋ ਨਿਊਜ਼:
ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓਢੀ ਦੇ ਅੰਦਰੂਨੀ ਹਿੱਸੇ ਦੀ ਮੁਰੰਮਤ ਕਰਨ ਲਈ ਐਤਵਾਰ ਨੂੰ ਕਾਰ ਸੇਵਾ ਸ਼ੁਰੂ ਹੋਈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਆਖਿਆ ਕਿ ਇਸ ਇਤਿਹਾਸਕ ਇਮਾਰਤ ਦੀ ਮੁਰੰਮਤ ਕਰਨ ਵੇਲੇ ਇਸ ਦੇ ਪੁਰਾਤਨ ਸਰੂਪ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਦਰਸ਼ਨੀ ਡਿਓਢੀ ਦੇ ਉਪਰਲੇ ਹਿੱਸੇ ਦੀ ਖ਼ਸਤਾ ਹੋ ਰਹੀ ਹਾਲਤ ਕਰਕੇ ਮੁਰੰਮਤ ਦੀ ਲੋੜ ਹੈ। ਇਹ ਉਹ ਥਾਂ ਹੈ, ਜਿੱਥੇ ਤੋਸ਼ਾਖਾਨਾ ਹੈ ਅਤੇ ਵੱਖ-ਵੱਖ ਸਮਿਆਂ ‘ਤੇ ਗੁਰੂ ਘਰ ਨੂੰ ਭੇਟ ਕੀਤੀਆਂ ਬੇਸ਼ਕੀਮਤੀ ਵਸਤਾਂ ਸੰਭਾਲ ਕੇ ਰੱਖੀਆਂ ਗਈਆਂ ਹਨ। ਇਨ੍ਹਾਂ ਵਸਤਾਂ ਦੀ ਵਰਤੋਂ ਜਲੌਅ ਸਮੇਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਦਰਸ਼ਨੀ ਡਿਓਢੀ ਤੋਂ ਹਰ ਸਾਲ ਬੰਦੀ ਛੋੜ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਜਾਂਦਾ ਹੈ। ਇਸ ਇਮਾਰਤ ਦੀ ਕਾਰ ਸੇਵਾ ਦਾ ਕੰਮ ਬਾਬਾ ਕਸ਼ਮੀਰ ਸਿੰਘ ਕਾਰ ਸੇਵਾ ਸੰਪਰਦਾ ਭੂਰੀ ਵਾਲਿਆਂ ਨੂੰ ਸੌਂਪਿਆ ਗਿਆ ਹੈ। ਕਾਰ ਸੇਵਾ ਦੀ ਸ਼ੁਰੂਆਤ ਮੌਕੇ ਭਾਈ ਸਲਵਿੰਦਰ ਸਿੰਘ ਵੱਲੋਂ ਅਰਦਾਸ ਕੀਤੀ ਗਈ ਅਤੇ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਅਤੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਸਾਂਝੇ ਰੂਪ ਵਿੱਚ ਟੱਕ ਲਾ ਕੇ ਕਾਰ ਸੇਵਾ ਦੀ ਸ਼ੁਰੂਆਤ ਕੀਤੀ।
ਇਸ ਤੋਂ ਪਹਿਲਾਂ ਪ੍ਰੋ. ਬਡੂੰਗਰ ਨੇ ਸ਼੍ਰੋਮਣੀ ਕਮੇਟੀ ਦੇ ਦਫਤਰ ਵਿੱਚ ਵੱਖ-ਵੱਖ ਵਿਭਾਗਾਂ ਦੇ ਇੰਚਾਰਜ ਪੱਧਰ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸੰਸਥਾ ਦੇ ਕੰਮ ਵਿੱਚ ਪਾਰਦਰਸ਼ਤਾ ਲਿਆਉਣ ਲਈ  ਆਖਿਆ। ਉਨ੍ਹਾਂ ਕਿਹਾ ਕਿ ਇਹ ਧਾਰਮਿਕ ਸੰਸਥਾ ਹੈ ਅਤੇ ਇੱਥੇ ਕੰਮ ਕਰਦੇ ਕਰਮਚਾਰੀਆਂ ਦਾ ਵਿਹਾਰ ਆਮ ਨਾਲੋਂ ਵੱਖਰਾ ਤੇ ਸਤਿਕਾਰ ਵਾਲਾ ਹੋਣਾ ਜ਼ਰੂਰੀ ਹੈ। ਉਨ੍ਹਾਂ ਨੇ ਸੰਸਥਾ ਦੇ ਕੰਮ ਦੀ ਸਮੀਖਿਆ ਵੀ ਕੀਤੀ ਅਤੇ ਖਾਮੀਆਂ ਤੇ ਤਰੁਟੀਆਂ ਦੂਰ ਕਰਨ ਦੇ ਆਦੇਸ਼ ਦਿੱਤੇ।