ਪੰਜਾਬ ਸਰਕਾਰ ਮਾਸਟਰ ਤਾਰਾ ਸਿੰਘ ਦੀ ਯਾਦਗਾਰ ਬਣਾਏਗੀ

ਪੰਜਾਬ ਸਰਕਾਰ ਮਾਸਟਰ ਤਾਰਾ ਸਿੰਘ ਦੀ ਯਾਦਗਾਰ ਬਣਾਏਗੀ
Punjab Cabinet Minister Navjot Singh Sidhu along with others Congress leader during a function organised on the Birth Anniversary of Sikh political and religious leader Master Tara Singh in Amritsar on Saturday. Photo Sunil kumar

ਅੱਜ ਦੇ ਅਕਾਲੀਆਂ ਅਤੇ ਮਾਸਟਰ ਤਾਰਾ ਸਿੰਘ ਵਿਚਾਲੇ ਵੱਡਾ ਫ਼ਰਕ-ਨਵਜੋਤ ਸਿੱਧੂ
ਅੰਮ੍ਰਿਤਸਰ/ਬਿਊਰੋ ਨਿਊਜ਼
ਪੰਜਾਬ ਦੀ ਕਾਂਗਰਸ ਸਰਕਾਰ ਨੇ ਮਾਸਟਰ ਤਾਰਾ ਸਿੰਘ ਦੀ ਯਾਦਗਾਰ ਬਣਾਉਣ ਦਾ ਐਲਾਨ ਕੀਤਾ ਹੈ। ਇਹ ਐਲਾਨ ਐਤਵਾਰ ਨੂੰ  ਇੱਥੇ ਮਾਸਟਰ ਤਾਰਾ ਸਿੰਘ ਦੀ ਯਾਦ ਵਿੱਚ ਕਰਾਏ ਰਾਜ ਪੱਧਰੀ ਸਮਾਗਮ ਦੌਰਾਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੀਤਾ। ਸਮਾਗਮ ਵਿੱਚ ਮਾਸਟਰ ਤਾਰਾ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਵੀ ਕੀਤਾ ਗਿਆ।
ਮਾਸਟਰ ਤਾਰਾ ਸਿੰਘ ਦੇ 132ਵੇਂ ਜਨਮ ਦਿਨ ਮੌਕੇ ਕਰਾਏ ਸੂਬਾ ਪੱਧਰੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਦੀ ਯਾਦਗਾਰ ਉਨ੍ਹਾਂ ਦੇ ਪਰਿਵਾਰ ਦੀ ਇੱਛਾ ਮੁਤਾਬਕ ਬਣਾਈ ਜਾਵੇਗੀ। ਪਰਿਵਾਰ ਜਿੱਥੇ ਇਹ ਯਾਦਗਾਰ ਬਣਾਉਣ ਲਈ ਇੱਛਾ ਪ੍ਰਗਟਾਏਗਾ, ਯਾਦਗਾਰ ਉਥੇ ਹੀ ਬਣਾਈ ਜਾਵੇਗੀ। ਉਨ੍ਹਾਂ ਮਾਸਟਰ ਤਾਰਾ ਸਿੰਘ ਨੂੰ ਯਾਦ ਕਰਦਿਆਂ ਆਖਿਆ ਕਿ ਉਹ ਅਜਿਹੇ ਆਗੂ ਸਨ, ਜਿਨ੍ਹਾਂ ਨੇ ਸਾਰੀ ਉਮਰ ਪੰਥ ਦੇ ਭਲੇ ਅਤੇ ਇਕਜੁੱਟਤਾ ਦੇ ਲੇਖੇ ਲਾ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਦੇ ਅਕਾਲੀਆਂ ਅਤੇ ਮਾਸਟਰ ਤਾਰਾ ਸਿੰਘ ਵਿਚਾਲੇ ਵੱਡਾ ਫ਼ਰਕ ਹੈ। ਸ੍ਰੀ ਸਿੱਧੂ ਨੇ ਆਖਿਆ ਕਿ ਮਾਸਟਰ ਤਾਰਾ ਸਿੰਘ ਆਪਣੀ ਸਕੂਲ ਦੀ 150 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਵਿੱਚੋਂ 135 ਰੁਪਏ ਦਾਨ ਕਰ ਦਿੰਦੇ ਸਨ।
ਇਸ ਮੌਕੇ ਮਾਸਟਰ ਤਾਰਾ ਸਿੰਘ ਦੀ ਪੋਤ ਨੂੰਹ ਡਾ. ਜਸਪ੍ਰੀਤ ਕੌਰ ਨੇ ਉਨ੍ਹਾਂ ਦੇ ਸੁਤੰਤਰਤਾ ਸੰਗਰਾਮ, ਗੁਰਦੁਆਰਾ ਸੁਧਾਰ ਲਹਿਰ ਤੇ ਪੰਜਾਬੀ ਸੂਬੇ ਲਈ ਯੋਗਦਾਨ ਨੂੰ ਯਾਦ ਕਰਦਿਆਂ ਅਤੀਤ ਦੇ ਕਈ ਵਰਕੇ ਫਰੋਲੇ। ਉਨ੍ਹਾਂ ਦਾਅਵਾ ਕੀਤਾ ਕਿ ਮਾਸਟਰ ਤਾਰਾ ਸਿੰਘ ਦੇ ਯਤਨਾਂ ਨਾਲ ਹੀ ਦੇਸ਼ ਵੰਡ ਵੇਲੇ ਪੰਜਾਬ ਭਾਰਤ ਦਾ ਹਿੱਸਾ ਬਣ ਸਕਿਆ ਸੀ, ਨਹੀਂ ਤਾਂ ਉਸ ਵੇਲੇ ਸਮੁੱਚਾ ਪੰਜਾਬ ਪਾਕਿਸਤਾਨ ਵਿੱਚ ਸ਼ਾਮਲ ਹੋ ਜਾਣਾ ਸੀ। ਇਸ ਮੌਕੇ ਸੰਤ ਸਿੰਘ ਸੁੱਖਾ ਸਿੰਘ ਸੰਸਥਾਵਾਂ ਦੇ ਚੇਅਰਮੈਨ ਪ੍ਰਿੰਸੀਪਲ ਜਗਦੀਸ਼ ਸਿੰਘ ਅਤੇ ਗੁਰੂ ਤੇਗ਼ ਬਹਾਦਰ ਖਾਲਸਾ ਕਾਲਜ ਦਿੱਲੀ ਦੇ ਪ੍ਰੋਫੈਸਰ ਅਮਨਪ੍ਰੀਤ ਸਿੰਘ ਗਿੱਲ ਨੇ ਵੀ ਸੰਬੋਧਨ ਕੀਤਾ। ਸ੍ਰੀ ਸਿੱਧੂ ਨੇ ਮਾਸਟਰ ਤਾਰਾ ਸਿੰਘ ਦੀ ਪੋਤ ਨੂੰਹ ਡਾ. ਜਸਪ੍ਰੀਤ ਕੌਰ ਅਤੇ ਪੜ੍ਹਦੋਹਤੇ ਨਵਰੀਤ ਸਿੰਘ ਦਾ ਸਨਮਾਨ ਕੀਤਾ।