ਮਨੀਲਾ ਵਿਚ ਫਾਈਨਾਂਸਰ ਪੰਜਾਬੀ ਨੌਜਵਾਨ ਦਾ ਕਤਲ

ਮਨੀਲਾ ਵਿਚ ਫਾਈਨਾਂਸਰ ਪੰਜਾਬੀ ਨੌਜਵਾਨ ਦਾ ਕਤਲ

ਤਲਵੰਡੀ ਭਾਈ/ਬਿਊਰੋ ਨਿਊਜ਼ :
ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਨਜ਼ਦੀਕ ਸਥਿਤ ਪਿੰਡ ਹਕੂਮਤ ਸਿੰਘ ਵਾਲਾ ਦੇ ਮਨੀਲਾ ਰਹਿੰਦੇ ਇਕ ਨੌਜਵਾਨ ਦੀ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਮੇਲ ਸਿੰਘ (31) ਪੁੱਤਰ ਬਲਵੰਤ ਸਿੰਘ ਵਾਸੀ ਹਕੂਮਤ ਸਿੰਘ ਵਾਲਾ ਕਰੀਬ 9 ਵਰ੍ਹੇ ਪਹਿਲਾਂ ਫਿਲਪਾਈਨ (ਮਨੀਲਾ) ਵਿਖੇ ਗਿਆ ਸੀ ਅਤੇ ਉੱਥੇ ਕਸਬਾ ਲੌਂਗਪੁਰ ਵਿਖੇ ਰਹਿ ਕੇ ਫਾਈਨਾਂਸ ਦਾ ਕਾਰੋਬਾਰ ਕਰਦਾ ਸੀ। ਬੀਤੇ ਦਿਨ ਉਹ ਰੋਜ਼ਾਨਾ ਦੀ ਤਰ੍ਹਾਂ ਉੱਥੋਂ ਦੇ ਲੋਕਾਂ ਨੂੰ ਦਿੱਤੇ ਕਰਜ਼ੇ ਦੀ ਉਗਰਾਹੀ ਕਰਨ ਗਿਆ ਸੀ ਅਤੇ ਉਗਰਾਹੀ ਕਰਕੇ ਪਰਤਣ ਮੌਕੇ ਰਸਤੇ ਵਿਚ ਉਸ ਉੱਪਰ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਚੱਲਦਿਆਂ ਉਸ ਦੀ ਮੌਤ ਹੋ ਗਈ। ਇਹ ਵਿਅਕਤੀ ਗੁਰਮੇਲ ਸਿੰਘ ਨੂੰ ਗੋਲੀਆਂ ਮਾਰ ਕੇ ਉਸ ਕੋਲ ਮੌਜੂਦ ਨਕਦੀ, ਕਾਗਜ਼ਾਤ ਅਤੇ ਉਸ ਦਾ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ। ਗੁਰਮੇਲ ਸਿੰਘ ਦੇ ਪਿਤਾ ਬਲਵੰਤ ਸਿੰਘ ਨੇ ਦੱਸਿਆ ਕਿ ਪਰਿਵਾਰ ਦੀ ਹਾਲਤ ਚੰਗੀ ਨਾ ਹੋਣ ਕਾਰਨ ਉਸ ਨੇ ਸਾਲ 2008 ਵਿਚ ਆਪਣੇ ਪੁੱਤਰ ਨੂੰ ਮਨੀਲਾ ਭੇਜਿਆ ਸੀ ਤੇ ਦੋ ਸਾਲ ਪਹਿਲਾਂ ਉਨ੍ਹਾਂ ਨੇ ਗੁਰਮੇਲ ਸਿੰਘ ਦਾ ਵਿਆਹ ਕੀਤਾ ਸੀ ਅਤੇ ਉਸ ਦੇ ਘਰ ਇਕ ਸਾਲ ਦਾ ਬੇਟਾ ਵੀ ਹੈ। ਉਨ੍ਹਾਂ ਦੱਸਿਆ ਕਿ ਉਸ ਦਾ ਵੱਡਾ ਬੇਟਾ ਸੁਖਵਿੰਦਰ ਸਿੰਘ ਵੀ ਮਨੀਲਾ ਵਿਖੇ ਰਹਿ ਰਿਹਾ ਹੈ, ਜਿਸ ਨੇ ਫੋਨ ਕਰਕੇ ਵਾਪਰੇ ਭਾਣੇ ਦੀ ਖ਼ਬਰ ਦਿੱਤੀ ਹੈ। ਗੁਰਮੇਲ ਸਿੰਘ ਦੇ ਭਰਾ ਅਤੇ ਉੱਥੇ ਰਹਿੰਦੇ ਹੋਰ ਭਾਰਤੀਆਂ ਵੱਲੋਂ ਗੁਰਮੇਲ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ।