ਰਾਣਾ ਗੁਰਜੀਤ ਖ਼ਾਨਸਾਮੇ ਦੇ ਕਰਜ਼ਦਾਰ

ਰਾਣਾ ਗੁਰਜੀਤ ਖ਼ਾਨਸਾਮੇ ਦੇ ਕਰਜ਼ਦਾਰ

ਰਾਣਾ ਨੇ ਖ਼ੁਦ ਖਾਨੇਸਾਮੇ ਦੀ ਕੰਪਨੀ ਤੋਂ ਲਿਆ 50 ਲੱਖ ਦਾ ਕਰਜ਼ਾ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੇ ਸਿੰਜਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਭਾਵੇਂ ਰੇਤ ਦੀ ਖੱਡ ਦੀ 26 ਕਰੋੜ ਰੁਪਏ ਦੀ ਸਫ਼ਲ ਬੋਲੀ ਦੇਣ ਵਾਲੇ ਆਪਣੇ ਖ਼ਾਨਸਾਮੇ ਅਮਿਤ ਬਹਾਦੁਰ ਨਾਲ ਕੋਈ ਸਬੰਧ ਹੋਣ ਤੋਂ ਨਾਂਹ ਕੀਤੀ ਹੈ, ਪਰ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਰਾਣਾ ਗੁਰਜੀਤ ਅਤੇ ਉਨ੍ਹਾਂ ਦੇ ਪਰਿਵਾਰ ਦੀ ਮਾਲਕੀ ਵਾਲੀ ਕੰਪਨੀ ਅਤੇ ਉਨ੍ਹਾਂ ਦੇ ਭਰਾ ਨੇ ਉਸ ਕੰਪਨੀ ਤੋਂ 2015-16 ਵਿੱਚ 5.79 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਦੇ ਡਾਇਰੈਕਟਰਾਂ ਵਿੱਚ ਬਹਾਦੁਰ ਵੀ ਸ਼ਾਮਲ ਸੀ। ਰਿਕਾਰਡ ਮੁਤਾਬਕ ਇਸ ਵਿਚੋਂ 50 ਲੱਖ ਰੁਪਏ ਦਾ ਕਰਜ਼ ਰਾਣਾ ਨੇ ਖ਼ੁਦ ਲਿਆ ਹੈ।
ਇਸ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਦੀ ਕੰਪਨੀ ਰਾਣਾ ਪੌਲੀਕੌਟ ਲਿਮਟਿਡ ਨੇ ਅਮਿਤ ਬਹਾਦੁਰ ਦੀ ਮਾਲਕੀ ਵਾਲੀ ਫਲਾਅਲੈੱਸ ਟਰੇਡਰਜ਼ (ਪ੍ਰਾ.) ਲਿਮਟਿਡ ਤੋਂ 3.84 ਕਰੋੜ ਰੁਪਏ ਤੇ ਉਨ੍ਹਾਂ ਦੇ ਭਰਾ ਰਾਣਾ ਰਣਜੀਤ ਸਿੰਘ (ਰਾਣਾ ਗਰੁੱਪ  ਦਾ ਸਹਿ-ਬਾਨੀ) ਨੇ 1.45 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਇਹ ਕਰਜ਼ਾ ‘ਕਾਰੋਬਾਰੀ ਮਕਸਦ’ ਲਈ 2015-16 ਵਿੱਚ ਦਿੱਤਾ ਗਿਆ ਸੀ। ਬਹਾਦੁਰ 21 ਮਾਰਚ, 2017 ਤੱਕ ਕੰਪਨੀ ਦਾ  ਡਾਇਰੈਕਟਰ ਸੀ। ਕੰਪਨੀ ਵੱਲੋਂ ਰਜਿਸਟਰਾਰ ਆਫ਼ ਕੰਪਨੀਜ਼ ਕੋਲ ਦਾਖ਼ਲ 2016-17 ਦੀ ਬੈਲੈਂਸ ਸ਼ੀਟ ਮੁਤਾਬਕ ਕੰਪਨੀ ਦੀਆਂ ਨਕਦ ਜਮ੍ਹਾਂ ਰਕਮਾਂ ਵਿੱਚ ਵਾਧਾ ‘ਅੰਤਰ-ਕਾਰਪੋਰੇਟ ਵਿਆਜ-ਰਹਿਤ ਕਰਜ਼ਿਆਂ’ ਰਾਹੀਂ ਹੋਇਆ। ਕੰਪਨੀ ਨੇ ਰਾਣਾ ਪਰਿਵਾਰ ਦੀ ਮਾਲਕੀ ਵਾਲੀਆਂ ਕੰਪਨੀਆਂ ਵਿੱਚ ਵੀ ਸ਼ੇਅਰਾਂ ਦੀ ਖ਼ਰੀਦ ਰਾਹੀਂ 22.48 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ।