ਬੀੜ ਬਾਬਾ ਬੁੱਢਾ ਸਾਹਿਬ ਦੇ ਖੂਹ ‘ਚੋਂ ਮਿਲੀਆਂ ਪੁਰਾਤਨ ਟਿੰਡਾਂ ਸੰਗਤ ਦਰਸ਼ਨ ਲਈ ਰੱਖੀਆਂ ਜਾਣਗੀਆਂ ਟਿੰਡਾ

ਬੀੜ ਬਾਬਾ ਬੁੱਢਾ ਸਾਹਿਬ ਦੇ ਖੂਹ ‘ਚੋਂ ਮਿਲੀਆਂ ਪੁਰਾਤਨ ਟਿੰਡਾਂ ਸੰਗਤ ਦਰਸ਼ਨ ਲਈ ਰੱਖੀਆਂ ਜਾਣਗੀਆਂ ਟਿੰਡਾ
ਕੈਪਸ਼ਨ-ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਦੇ ਵਿਹੜੇ ਵਿੱਚ ਬਣੇ ਇਤਿਹਾਸਕ ਖੂਹ ਦੀ ਕਾਰ ਸੇਵਾ ਦੌਰਾਨ ਮਿਲੀਆਂ ਮਿੱਟੀ ਦੀਆਂ ਟਿੰਡਾਂ ਦਿਖਾਉਂਦੇ ਸ਼੍ਰੋਮਣੀ ਕਮੇਟੀ ਮੈਂਬਰ ਮਨਜੀਤ ਸਿੰਘ ਅਤੇ ਹੋਰ।

ਅੰਮ੍ਰਿਤਸਰ/ਬਿਊਰੋ ਨਿਊਜ਼ :
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਨਾਲ ਸਬੰਧਤ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿੱਚ ਇਤਿਹਾਸਕ ਖੂਹ ਦੀ ਖੁਦਾਈ ਦੌਰਾਨ ਮਿੱਟੀ ਦੀਆਂ ਬਣੀਆਂ ਟਿੰਡਾਂ ਮਿਲੀਆਂ ਹਨ। ਦਾਅਵਾ ਕੀਤਾ ਗਿਆ ਹੈ ਕਿ ਇਹ ਟਿੰਡਾਂ ਬਾਬਾ ਬੁੱਢਾ ਜੀ ਦੇ ਵੇਲੇ ਦੀਆਂ ਹਨ। ਇਨ੍ਹਾਂ ਟਿੰਡਾਂ ਨੂੰ ਇੱਥੇ ਗੁਰਦੁਆਰੇ ਵਿੱਚ ਦਰਸ਼ਨ ਲਈ ਰੱਖਿਆ ਜਾਵੇਗਾ ਅਤੇ ਬੰਦ ਖੂਹ ਨੂੰ ਵੀ ਚਾਲੂ ਕਰਨ ਦੀ ਯੋਜਨਾ ਹੈ।
ਬਾਬਾ ਬੁੱਢਾ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਣਨ ਅਤੇ ਪੰਜ ਗੁਰੂ ਸਾਹਿਬਾਨ ਨੂੰ ਗੁਰਗੱਦੀ ਮੌਕੇ ਤਿਲਕ ਲਾਉਣ ਦਾ ਮੌਕਾ ਮਿਲਿਆ ਸੀ। ਉਨ੍ਹਾਂ ਆਪਣੇ ਜੀਵਨ ਦਾ ਲੰਮਾ ਹਿੱਸਾ ਬੀੜ ਬਾਬਾ ਬੁੱਢਾ ਸਾਹਿਬ ਵਿੱਚ ਬਿਤਾਇਆ। ਉਸ ਵੇਲੇ ਹੀ ਇੱਥੇ ਇਹ ਖੂਹ ਸਥਾਪਤ ਸੀ। ਖੂਹ ਦੇ ਆਲੇ-ਦੁਆਲੇ ਪਿੱਪਲ ਦੇ ਦੋ ਪੁਰਾਣੇ ਦਰੱਖਤ ਵੀ ਮੌਜੂਦ ਸਨ। ਇਸ ਵੇਲੇ ਇਹ ਖੂਹ ਬੰਦ ਪਿਆ ਹੈ, ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਸੰਭਾਲਿਆ ਹੋਇਆ ਸੀ। ਹੁਣ ਖੂਹ ਨੂੰ ਚਾਲੂ ਕਰਨ ਦੇ ਮੰਤਵ ਨਾਲ ਇਸ ਦੀ ਖੁਦਾਈ ਕੀਤੀ ਜਾ ਰਹੀ ਸੀ ਕਿ ਲਗਪਗ 40 ਫੁੱਟ ਹੇਠਾਂ ਮਿੱਟੀ ਦੀਆਂ ਟਿੰਡਾਂ ਮਿਲੀਆਂ ਹਨ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਅਤੇ ਗੁਰਦੁਆਰੇ ਦੇ ਮੈਨੇਜਰ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਪੁਰਾਤਨ ਖੂਹ ਦਾ ਜਲ ਸੰਗਤ ਨੂੰ ਛਕਾਉਣ ਦੇ ਮੰਤਵ ਨਾਲ ਇਸ ਦੀ ਖੁਦਾਈ ਸ਼ੁਰੂ ਕੀਤੀ ਗਈ ਸੀ ਤਾਂ ਜੋ ਇਸ ਖੂਹ ਨੂੰ ਸੁਰਜੀਤ ਕੀਤਾ ਜਾ ਸਕੇ। ਇਨ੍ਹਾਂ ਵਿੱਚੋਂ ਤਿੰਨ ਟਿੰਡਾਂ ਸਾਬਤ ਹਨ, ਜਦੋਂ ਕਿ ਬਾਕੀ ਟੁੱਟੀਆਂ ਹੋਈਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਟਿੰਡਾਂ ਗੁਰੂ ਸਾਹਿਬ ਦੇ ਵੇਲੇ ਨਾਲ ਸਬੰਧਤ ਹਨ। ਸ਼੍ਰੋਮਣੀ ਕਮੇਟੀ ਇਨ੍ਹਾਂ ਟਿੰਡਾਂ ਦੀ ਪੁਰਾਤਨਤਾ ਬਾਰੇ ਮਾਹਰਾਂ ਤੋਂ ਪਤਾ ਲਾਉਣ ਦਾ ਯਤਨ ਕਰੇਗੀ। ਭਾਈ ਮਨਜੀਤ ਸਿੰਘ ਨੇ ਆਖਿਆ ਕਿ ਹੁਣ ਇਸ ਖੂਹ ਦੀ ਖੁਦਾਈ ਵੀ ਮਾਹਿਰਾਂ ਦੀ ਨਿਗਰਾਨੀ ਹੇਠ ਕਰਾਉਣ ਦਾ ਯਤਨ ਕੀਤਾ ਜਾਵੇਗਾ ਤਾਂ ਜੋ ਖੁਦਾਈ ਦੌਰਾਨ ਪ੍ਰਾਪਤ ਹੋਣ ਵਾਲੇ ਸਾਮਾਨ ਨੂੰ ਬਚਾਇਆ ਜਾ ਸਕੇ ਅਤੇ ਖੂਹ ਨੂੰ ਵੀ ਪਹਿਲਾ ਵਾਂਗ ਸੰਭਾਲ ਕੇ ਰੱਖਿਆ ਜਾ ਸਕੇ। ਉਨ੍ਹਾਂ ਆਖਿਆ ਕਿ ਪੁਰਾਣੇ ਸਮੇਂ ਵਿੱਚ ਇਸ ਇਲਾਕੇ ਦੇ ਖੇਤਾਂ ਨੂੰ ਇਸ ਖੂਹ ਤੋਂ ਹੀ ਪਾਣੀ ਲਾਇਆ ਜਾਂਦਾ ਸੀ ਅਤੇ ਲੋਕ ਇਸੇ ਖੂਹ ਦੇ ਪਾਣੀ ਦੀ ਵਰਤੋਂ ਪੀਣ ਅਤੇ ਹੋਰ ਕੰਮਾਂ ਲਈ ਕਰਦੇ ਸਨ। ਸ਼ਾਇਦ ਉਸ ਵੇਲੇ ਹੀ ਲੋਕਾਂ ਦੀ ਸਹੂਲਤ ਲਈ ਖੂਹ ਦੇ ਦੋਵੇਂ ਪਾਸੇ ਪਿੱਪਲ ਦੇ ਰੁੱਖ ਲਾਏ ਗਏ ਹੋਣਗੇ, ਜੋ ਅੱਜ ਵੀ ਮੌਜੂਦ ਹਨ।
ਇਹ ਇਸ ਇਲਾਕੇ ਦਾ ਵੱਡਾ ਗੁਰਦੁਆਰਾ ਹੈ, ਜਿੱਥੇ ਦੇਸ਼-ਵਿਦੇਸ਼ ਤੋਂ ਸੰਗਤ ਮੱਥਾ ਟੇਕਣ ਆਉਂਦੀ ਹੈ। ਗੁਰਦੁਆਰੇ ਦੇ ਨਾਂ ‘ਤੇ ਲਗਭਗ 98 ਏਕੜ ਜ਼ਮੀਨ ਹੈ, ਜਿਸ ਵਿੱਚੋਂ 48 ਏਕੜ ਨੂੰ ਵਾਹੀ ਲਈ ਵਰਤਿਆ ਜਾਂਦਾ ਹੈ ਅਤੇ ਬਾਕੀ 40 ਏਕੜ ਵਿੱਚ ਗੁਰਦੁਆਰਾ ਕੰਪਲੈਕਸ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸਕੂਲ ਤੇ ਕਾਲਜ ਸਮੇਤ ਹਸਪਤਾਲ ਦੀਆਂ ਇਮਾਰਤਾਂ ਹਨ।