ਅਕਾਲੀ-ਕਾਂਗਰਸੀਆਂ ਵਿਚਾਲੇ ਖੜਕੀ, ਗੋਲੀ ਚੱਲਣ ਕਾਰਨ ਇਕ ਜ਼ਖ਼ਮੀ

ਅਕਾਲੀ-ਕਾਂਗਰਸੀਆਂ ਵਿਚਾਲੇ ਖੜਕੀ, ਗੋਲੀ ਚੱਲਣ ਕਾਰਨ ਇਕ ਜ਼ਖ਼ਮੀ

ਕੈਪਸ਼ਨ-ਹਸਪਤਾਲ ਵਿੱਚ ਦਾਖ਼ਲ ਕਾਂਗਰਸੀ ਸਮਰਥਕ।  
ਬਟਾਲਾ/ਬਿਊਰੋ ਨਿਊਜ਼ :
ਡੇਰਾ ਬਾਬਾ ਨਾਨਕ ਨਜ਼ਦੀਕ ਪਿੰਡ ਅਗਵਾਨ ਵਿੱਚ ਕਾਂਗਰਸ ਅਤੇ ਅਕਾਲੀ ਸਮਰਥਕਾਂ ਵਿਚਕਾਰ ਗੋਲੀ ਚੱਲਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਇਆ ਗਿਆ ਹੈ। ਡੀਐਸਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਦੋ ਖੋਲ ਬਰਾਮਦ ਕੀਤੇ ਹਨ। ਥਾਣਾ ਡੇਰਾ ਬਾਬਾ ਨਾਨਕ ਪੁਲੀਸ ਨੇ ਅਕਾਲੀ ਦਲ ਦੇ ਸਾਬਕਾ ਚੇਅਰਮੈਨ, ਉਸ ਦੇ ਭਰਾ ਅਤੇ ਸਰਪੰਚ ਸਮੇਤ ਸੱਤ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਐਸਐਚਓ ਬਲਜੀਤ ਸਿੰਘ ਨੇ ਦੱਸਿਆ ਕਿ ਅਕਾਲੀ ਸਮਰਥਕ ਅਤੇ ਬਲਾਕ ਸਮਿਤੀ ਦੇ ਸਾਬਕਾ ਚੇਅਰਮੈਨ ਕੁਲਵੰਤ ਸਿੰਘ ਅਤੇ ਕਾਂਗਰਸੀ ਪੱਖੀ ਕੰਵਲਜੀਤ ਸਿੰਘ ਦਰਮਿਆਨ ਝਗੜਾ ਹੋ ਗਿਆ। ਦੋਵਾਂ ਧਿਰਾਂ ਨੇ ਤੇਜ਼ਧਾਰ ਹਥਿਆਰਾਂ ਦੀ ਵਰਤੋਂ  ਕੀਤੀ। ਇਸ ਦੌਰਾਨ ਕੰਵਲਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਨੇ ਸਾਬਕਾ ਚੇਅਰਮੈਨ ਕੁਲਵੰਤ ਸਿੰਘ, ਉਸ ਦੇ ਭਰਾ ਤੇ ਸਰਪੰਚ ਨਿਰਮਲ ਸਿੰਘ, ਹਰਵੰਤ ਸਿੰਘ, ਸੱਤਪਾਲ ਸਿੰਘ, ਨਰਿੰਦਰ ਸਿੰਘ, ਰਾਜਾ ਤੇ ਇੱਕ ਹੋਰ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਐਸਐਚਓ ਨੇ ਜ਼ਖ਼ਮੀ ਵਿਅਕਤੀ ਦੇ ਗੋਲੀ ਵੱਜਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕੀਤਾ ਗਿਆ ਹੈ। ਉਧਰ, ਡੀਐਸਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਗੋਲੀਆਂ ਦੇ ਦੋ ਖੋਲ ਬਰਾਮਦ ਹੋਏ। ਦੱਸਣਯੋਗ ਹੈ ਕਿ ਹਲਕਾ ਡੇਰਾ ਬਾਬਾ ਨਾਨਕ ਵਿੱਚ ਚੋਣ ਨਤੀਜਿਆਂ ਤੋਂ ਬਾਅਦ ਰਾਜਸੀ ਪਾਰਟੀਆਂ ਦੇ ਸਮਰਥਕਾਂ ਦੌਰਾਨ ਝਗੜੇ ਦੀ ਇਹ ਤੀਜੀ  ਘਟਨਾ ਹੈ।