ਪਰਵਾਸੀ ਭਾਰਤੀਆਂ ਨੇ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਖ਼ਿਲਾਫ਼ ਖੋਲ੍ਹਿਆ ਮੋਰਚਾ

ਪਰਵਾਸੀ ਭਾਰਤੀਆਂ ਨੇ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਖ਼ਿਲਾਫ਼ ਖੋਲ੍ਹਿਆ ਮੋਰਚਾ

ਪੰਜਾਬ ਤੋਂ ਲਾਂਭੇ ਕਰਨ ਲਈ ਚਲਾਈ ਆਨ ਲਾਈਨ ਪਟੀਸ਼ਨ
ਜਲੰਧਰ/ਬਿਊਰੋ ਨਿਊਜ਼ :
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੀ ਹਾਰ ਸਬੰਧੀ ਪਰਵਾਸੀ ਪੰਜਾਬੀਆਂ ਨੇ ਪਾਰਟੀ ਦੇ ਸੀਨੀਅਰ ਆਗੂਆਂ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਨੂੰ ਸੂਬੇ ਤੋਂ ਲਾਂਭੇ ਕਰਨ ਲਈ ਆਨਲਾਈਨ ਪਟੀਸ਼ਨ (ਅਰਜ਼ੀ) ਪਾ ਦਿੱਤੀ ਹੈ।
‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮੁਖ਼ਾਤਬ ਹੋ ਕੇ ਤਿਆਰ ਕੀਤੀ ਇਹ ਪਟੀਸ਼ਨ ਆਸਟਰੇਲੀਆ ਤੋਂ ਗੁਰਪ੍ਰੀਤ ਗਿੱਲ ਨੇ ਪਾਈ ਹੈ। ਹੁਣ ਤੱਕ ਇਸ ਪਟੀਸ਼ਨ ਦੀ ਹਮਾਇਤ ਵਿੱਚ 583 ਦੇ ਕਰੀਬ ਵਿਅਕਤੀਆਂ ਨੇ ਟਿੱਪਣੀਆਂ ਕੀਤੀਆਂ ਹਨ। ਉਨ੍ਹਾਂ ਨੇ ‘ਆਪ’ ਦੀ ਹਾਰ ਲਈ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਇਆ ਹੈ। ਇਹ ਵੀ ਕਿਹਾ ਹੈ ਕਿ ਦੋਵੇਂ ਆਗੂ ਪੰਜਾਬ ਦੇ ਵਲੰਟੀਅਰਾਂ ਦਾ ਭਰੋਸਾ ਗੁਆ ਚੁੱਕੇ ਹਨ ਤੇ ਪੰਜਾਬ ਨੂੰ ਦਿੱਲੀ ਦੇ ਲੀਡਰਾਂ ਦੀ ਕੋਈ ਲੋੜ ਨਹੀਂ ਹੈ। ਇਸ ਅਰਜ਼ੀ ਵਿੱਚ ਸ੍ਰੀ ਕੇਜਰੀਵਾਲ ਨੂੰ ਕਿਹਾ ਹੈ ਕਿ ਉਹ ਪੰਜਾਬ ਦੇ ਵਲੰਟੀਅਰਾਂ ਦੀ ਆਵਾਜ਼ ਨੂੰ ਸੁਣਨ। ਇਸ ਵਿੱਚ ਅਪੀਲ ਕੀਤੀ ਹੈ ਕਿ ਵਿਦੇਸ਼ਾਂ ਵਿੱਚ ਵਸਦੇ ਅਤੇ ਪੰਜਾਬ ਵਿੱਚ ਰਹਿੰਦੇ ‘ਆਪ’ ਦੇ ਸਮਰਥਕ ਇਸ ਆਨਲਾਈਨ ਪਟੀਸ਼ਨ ‘ਤੇ ਵੱਧ ਤੋਂ ਵੱਧ ਆਪਣੀ ਰਾਇ ਦੇਣ ਤਾਂ ਜੋ ਇਨ੍ਹਾਂ ਆਗੂਆਂ ਨੂੰ ਪਾਰਟੀ ਤੋਂ ਲਾਂਭੇ ਕੀਤਾ ਜਾ ਸਕੇ। ਇਸ ਦੌਰਾਨ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਨੂੰ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣ ਦੀ ਅਪੀਲ ਵੀ ਕੀਤੀ ਗਈ ਹੈ। ‘ਆਪ’ ਦੇ ਆਸਟਰੇਲੀਆ ਤੋਂ ਸਰਗਰਮ ਆਗੂ ਗੁਰਪ੍ਰੀਤ ਗਿੱਲ ਨੇ ਇਸ ਮੁਹਿੰਮ ਨੂੰ ਹੋਰ ਭਖਾਉਣ ਲਈ ਦੂਜੇ ਦੇਸ਼ਾਂ ਵਿੱਚ ਵਸਦੇ ਪਰਵਾਸੀ ਪੰਜਾਬੀਆਂ ਨੂੰ ਇੱਕਜੁਟਤਾ ਦਿਖਾਉਣ ਦੀ ਅਪੀਲ ਕੀਤੀ ਹੈ।
ਨਿਊਜ਼ੀਲੈਂਡ ਤੋਂ ਖੁਸ਼ਮੀਤ ਸਿੱਧੂ ਨੇ ਇਸ ਆਨਲਾਈਨ ਪਟੀਸ਼ਨ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਪੰਜਾਬ ਦੀ ਲੀਡਰਸ਼ਿਪ ਦੀ ਮਜ਼ਬੂਤ ਦੇਖਣਾ ਚਾਹੁੰਦੇ ਹਨ। ਆਸਟਰੇਲੀਆ ਤੋਂ ਭਵਜੀਤ ਸਿੰਘ ਨੇ ਕਿਹਾ ਕਿ ‘ਆਪ’ ਪੰਜਾਬ ਵਿਚ ਜਿੱਤਣ ਦੀ ਸਥਿਤੀ ਵਿਚ ਸੀ ਪਰ ਸੰਜੇ ਸਿੰਘ ਵਰਗੇ ਆਗੂਆਂ ਨੇ ਇਸ ਨੂੰ ਹੇਠਾਂ ਲੈ ਆਂਦਾ। ਸਾਂ-ਫਰਾਂਸਿਸਕੋ ਤੋਂ ਸ਼ੇਖਰ ਸਿੰਗਲਾ ਨੇ ਦੋਸ਼ ਲਾਇਆ ਕਿ ਇਨ੍ਹਾਂ ਆਗੂਆਂ ਨੇ ਪੈਸੇ ਲੈ ਕੇ ਟਿਕਟਾਂ ਵੇਚੀਆਂ ਹਨ। ਇਸ ਪਟੀਸ਼ਨ ਨੂੰ ਸੋਸ਼ਲ ਮੀਡੀਆ ਰਾਹੀਂ ਪ੍ਰਚਾਰਿਆ ਜਾ ਰਿਹਾ ਹੈ।