ਸਿੱਖ ਯੂਥ ਆਫ ਅਮਰੀਕਾ ਨੂੰ ਹੋਰ ਸਰਗਰਮ ਕਰਨ ਦਾ ਅਹਿਦ

ਸਿੱਖ ਯੂਥ ਆਫ ਅਮਰੀਕਾ ਨੂੰ ਹੋਰ ਸਰਗਰਮ ਕਰਨ ਦਾ ਅਹਿਦ

ਭਾਈ ਜਸਵਿੰਦਰ ਸਿੰਘ ਜੰਡੀ ਨੂੰ ਸੌਂਪੀ ਵੈਸਟ ਕੋਸਟ ਦੀ ਕਮਾਂਡ
ਗੁਰਦੁਆਰਾ ਸਾਹਿਬ ਸਿੰਘ ਸਭਾ ਮਿਲਪੀਟਸ ਵਿਖੇ 
ਵੱਡੇ ਇਕੱਠ ‘ਚ ਅਹਿਮ ਪੰਥਕ ਮਸਲੇ ਵਿਚਾਰੇ
ਮਿਲਪੀਟਸ/ਬਲਵਿੰਦਰਪਾਲ ਸਿੰਘ ਖਾਲਸਾ:
ਮੀਰੀ-ਪੀਰੀ ਦੇ ਸਿਧਾਂਤ ਅਧੀਨ ਖਾਲਿਸਤਾਨ ਦੀ ਪ੍ਰਾਪਤੀ ਲਈ  ਦਹਾਕਿਆਂ ਤੋਂ ਲੋਕਤੰਤਰੀ ਢੰਗ ਨਾਲ ਕਾਰਜ ਕਰ ਰਹੀ ਵਡੀ ਜਥੇਬੰਦੀ ਸਿੱਖ ਯੂਥ ਆਫ ਅਮਰੀਕਾ ਦੇ ਪੱਛਮੀ ਤੱਟ ਸੈਨ ਫਰਾਂਸਿਸਕੋ ਬੇਅ ਏਰੀਆ ਦਾ ਵੱਡਾ ਇਕੱਠ ਹੋਇਆ ਪਿਛਲੇ ਦਿਨੀ ਗੁਰਦੁਆਰਾ ਸਾਹਿਬ ਸਿੰਘ ਸਭਾ ਮਿਲਪੀਟਸ ਵਿਖੇ ਹੋਇਆ। ਜਥੇਬੰਦੀ ਦੇ ਮੋਢੀ ਮੈਂਬਰ ਤੇ ਏਜੀਪੀਸੀ ਦੇ ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ ਦੀ ਪ੍ਰਧਾਨਗੀ ਵਿਚ ਬਹੁਤ ਸਾਰੀਆਂ ਵੀਚਾਰਾ ਹੋਈਆਂ। ਜਥੇਬੰਦੀ ਦੇ ਮੋਢੀ ਮੈਂਬਰ ਤੇ ਏਜੀਪੀਸੀ ਦੇ ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ ਦੀ ਪ੍ਰਧਾਨਗੀ ਹੇਠ ਹੋਏ ਇਸ ਇਕੱਠ ‘ਚ ਜਥੇਬੰਦੀ ਦੇ ਮੋਢੀ ਤੇ ਨਵੇਂ ਆ ਕੇ ਰਲਣ ਵਾਲੇ ਮੈਂਬਰਾਂ ਵਲੋਂ  ਪੰਥਕ ਮਸਲਿਆਂ ਸਬੰਧੀ ਅਹਿਮ ਵਿਚਾਰ-ਵਟਾਂਦਰਾ ਕੀਤਾ ਗਿਆ।
ਭਾਈ ਜਸਵੰਤ ਸਿੰਘ ਹੋਠੀ ਨੇ ਇਸ ਮੌਕੇ ਬੋਲਦਿਆਂ ਜਥੇਬੰਦੀ ਵਿਚ ਆਈ ਖੜੋਤ ਤੋੜਨ ਲਈ ਮੁੱਢਲੇ ਯਤਨਾਂ ਦੀ ਅਰੰਭਤਾ ਕਰਦਿਆਂ ਕਿਹਾ ਕਿ ਦੇਸ਼ ਪੰਜਾਬ ਤੇ ਵਿਦੇਸ਼ਾਂ ਵਿਚ ਸਿੱਖ ਕੌਮ ਲਈ ਹਾਲਾਤ ਬਹੁਤ ਨਾਜ਼ਕ ਹਨ ਤੇ ਜਥੇਬੰਦੀ ਨੂੰ ਸਿਰ ਜੋੜ ਕੇ ਵਿਚਾਰਾਂ ਕਰਨੀਆਂ ਚਾਹੀਦੀਆਂ ਹਨ।
ਸਿੱਖ ਯੂਥ ਆਫ ਦੇ ਸੀਨੀਅਰ ਮੈਂਬਰ ਭਾਈ ਜਸਜੀਤ ਸਿੰਘ ਨੇ ਬੜੇ ਜ਼ੋਰ ਨਾਲ ਕਿਹਾ ਕਿ ਇਹ ਜਥੇਬੰਦੀ ਖਾਲਿਸਤਾਨ ਦੀ ਪ੍ਰਾਪਤੀ ਲਈ ਕਾਰਜ ਕਰਦੀ ਰਹੀ ਹੈ, ਕਰ ਰਹੀ ਹੈ ਤੇ ਕਰਦੀ ਰਹੇਗੀ। ਸਾਨੂੰ ਨਵੀਂ ਸਿੱਖ ਪੀੜ੍ਹੀ ਦਾ ਸੁਆਗਤ ਕਰਦਿਆਂ, ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵਧਣਾ ਚਾਹੀਦਾ ਹੈ ਤੇ ਰਲ ਮਿਲ ਕੇ ਸਿੱਖ ਕੌਮ ਦੀ ਸੇਵਾ ਕਰਦਿਆਂ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਥਾਨਕ ਮੁਸ਼ਕਲਾਂ ਨੂੰ ਆਪਸੀ ਵਿਚਾਰ ਵਟਾਂਦਰੇ ਰਾਹੀਂ ਮਿਲਜੁਲ ਕੇ ਹੱਲ ਕਰਦਿਆਂ ਭਵਿੱਖ ਵੱਲ ਪੁਲਾਂਘ ਪੁੱਟਣੀ ਚਾਹੀਦੀ ਹੈ।
ਏਜੀਪੀਸੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਕੌਮ ਦੇ ਨਿਸ਼ਾਨੇ ਰਾਜ ਕਰੇਗਾ ਖਾਲਸਾ ਦੀ ਸੇਧ ਵਿਚ ਕਾਰਜ ਕਰਨਾ ਚਾਹੀਦਾ ਹੈ। ਬਤੌਰ ਇਕ ਸਿੱਖ ਦੇ ਗੁਰੂ ਘਰਾਂ ਦੇ ਹਰ ਕਾਰਜ ਵਿਚ ਹਿੱਸਾ ਲੈਣਾ ਚਾਹੀਦਾ ਹੈ ਤੇ ਸੇਵਾ ਦੇ ਜਜ਼ਬੇ ਨੂੰ ਮੁੱਖ ਰਖਦਿਆਂ ਸਿੱਖੀ ਕਦਰਾਂ ਕੀਮਤਾਂ ਦੀ ਰਖਵਾਲੀ ਕਰਨੀ ਚਾਹੀਦੀ ਹੈ। ਵੱਖ ਵੱਖ ਪੰਥਕ ਜਥੇਬੰਦੀਆਂ ਤੇ ਗੁਰਦੁਆਰਾ ਪ?ਬੰਧਕ ਕਮੇਟੀਆਂ ਨਾਲ ਤਾਲਮੇਲ ਕਰਕੇ ਸਿੱਖੀ ਸ਼ਾਨ ਦੀ ਬੇਹਤਰੀ ਲਈ ਸਦਾ ਤਿਆਰ ਰਹਿਣਾ ਚਾਹੀਦਾ ਹੈ।
ਜਥੇਬੰਦੀ ਦੇ ਮੋਢੀ ਮੈਂਬਰਾਂ ਵਿਚੋਂ ਹੀ ਭਾਈ ਕੁਲਵੰਤ ਸਿੰਘ ਸੈਨ ਫਰਾਂਸਿਸਕੋ ਨੇ ਵੀ ਜਥੇਬੰਦੀ ਦੀਆਂ ਸਰਗਰਮੀਆਂ ਵਧਾਉਣ ਤੇ ਜ਼ਿੰਮੇਵਾਰੀ ਸਾਂਝੀ ਕਰਨ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਜਥੇਬੰਦੀ ਦੇ ਨਵੇਂ ਤੇ ਤਜ਼ਰਬੇਕਾਰ ਮੈਂਬਰਾਂ ਦਾ ਸਹਿਯੋਗ ਵਧਾਂਉਂਦਿਆਂ ਖਾਲਿਸਤਾਨ ਦੇ ਨਿਸ਼ਾਨੇ ਵੱਲ ਅੱਗੇ ਵਧਣਾ ਚਹੀਦਾ ਹੈ।
ਜਥੇਬੰਦੀ ਦੇ ਨੌਜਵਾਨ ਮੈਂਬਰ ਭਾਈ ਸੰਦੀਪ ਸਿੰਘ ਜੰਟੀ ਨੇ ਵੀ ਸਭ ਦੇ ਵੀਚਾਰਾਂ ਦੀ ਹਾਮੀ ਭਰਦਿਆਂ ਕਿਹਾ ਕਿ ਮਸਲਾ ਖਾਲਸਾ ਪੰਥ ਲਈ ਸ਼ੁਭ ਕਾਰਜ ਕਰਨ ਦਾ ਹੈ ਤੇ ਸਭ ਦਾ ਸਤਿਕਾਰ ਕਰਦਿਆਂ ਸਿੱਖ ਸਰਗਰਮੀਆਂ ਨੂੰ ਵਧਾਉਣ ਦੀ ਲੋੜ ਹੈ।
ਉਪਰੰਤ ਭਾਈ ਜਸਵੰਤ ਸਿੰਘ ਹੋਠੀ ਨੇ ਨਵੀਂ ਤਜਵੀਜ਼ ਪੇਸ਼ ਕਰਦਿਆਂ ਕਿਹਾ ਕਿ ਭਾਈ ਜਸਵਿੰਦਰ ਸਿੰਘ ਜੰਡੀ ਜਥੇਬੰਦੀ ਦੇ ਪੱਛਮੀ ਤੱਟ (West Coast) ਦੀ ਅਗਵਾਈ ਕਰਦੇ ਰਹੇ ਹਨ ਤੇ ਉਨਾਂ ਦੀ ਅਗਵਾਈ ਵਿਚ ਜਥੇਬੰਦੀ ਨੇ ਪੰਥ ਦੀ ਬਹੁਤ ਸੇਵਾ ਕੀਤੀ ਹੈ ਤੇ ਇਕ ਵਾਰ ਫਿਰ ਉਨਾਂ ਦੀ ਅਗਵਾਈ ਵਿਚ ਅੱਗੇ ਵਧਣ ਦੀ ਲੋੜ ਹੈ ਤਾਂ ਕਿ ਮਿੱਥੇ ਸਮੇਂ ਵਿਚ ਪੂਰੇ ਕੀਤੇ ਜਾਣ ਵਾਲੇ ਸੇਵਾ ਦੇ ਕਾਰਜ ਅੱਗੇ ਵਧਾਏ ਜਾਣ। ਸਭਨਾਂ ਵਲੋਂ ਜੈਕਾਰੇ ਬੁਲਾ ਕੇ ਭਾਈ ਜਸਵਿੰਦਰ ਸਿੰਘ ਜੰਡੀ ਨੂੰ ਜ਼ਿਮੇਵਾਰੀ ਸੌਂਪਕੇ ਜਥੇਬੰਦੀ ਵਿਚ ਨਵੀਂ ਰੂਹ ਫੂਕਣ ਲਈ ਅਰਦਾਸ ਬੇਨਤੀ ਕੀਤੀ ਗਈ। ਭਾਈ ਜੰਡੀ ਨੇ ਉਨਾਂ ਉਪਰ ਪਾਈ ਗਈ ਨਵੀਂ ਸੇਵਾ ਤੇ ਜ਼ਿੰਮੇਵਾਰੀ ਲਈ ਸਭ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਸਭ ਨਾਲ ਮਿਲ ਕੇ ਚਲਦਿਆਂ ਸੇਵਾ ਦੇ ਕਾਰਜ ਨੂੰ ਨੇਪਰੇ ਚਾੜਨ ਲਈ ਪੁਰਜ਼ੋਰ ਯਤਨ ਕਰਨਗੇ।
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਮਨਜੀਤ ਸਿੰਘ ਬਰਾੜ ਨੇ ਵਿਸ਼ੇਸ ਤੌਰ ਤੇ ਇਸ ਵਿਚਾਰ ਵਟਾਂਦਰੇ ਵਿਚ ਹਿੱਸਾ ਲੈਂਦਿਆਂ ਸਭ ਨੂੰ ਸਹਿਯੋਗ ਦੇਣ ਲਈ ਬੇਨਤੀਆਂ ਕੀਤੀਆਂ। ਇਸ ਭਰੇ ਹੋਏ ਇਕੱਠ ਵਿਚ ਹੇਅਵਰਡ, ਫਰੀਮਾਂਟ, ਯੂਨੀਅਨ ਸਿਟੀ, ਸੈਨਹੋਜ਼ੇ, ਟਰੇਸੀ, ਮਨਟੀਕਾ, ਟਰਲਕ, ਮੋਡੈਸਟੋ, ਲੈਥਰੋਪ,ਸਟਾਕਟਨ ਤੇ ਹੋਰਨਾਂ ਥਾਂਵਾਂ ਤੋਂ ਜਥੇਬੰਦੀ ਦੇ ਮੈਂਬਰ ਸ਼ਾਮਲ ਹੋਏ।

 

ਗੁਰਦੁਆਰਾ ਸਾਹਿਬ ਫਰੀਮਾਂਟ ‘ਚੋਣ-2018’ ਲਈ ਮੈਦਾਨ ਭਖ਼ਣ ਲੱਗਾ
ਸਿੱਖ ਪੰਚਾਇਤ ਵਲੋਂ ਸਰਬਸੰਮਤੀ ਨਾਲ ਚੋਣ ਕਰਾਉਣ ਦੀਆਂ ਕੋਸ਼ਿਸ਼ਾਂ
ਫਰੀਮਾਂਟ/ਬਿਊਰੋ ਨਿਊਜ਼:
ਕੈਲੀਫੋਰਨੀਆ ਦੇ ਖਾਲਿਸਤਾਨੀ ਗੜ੍ਹ ਸਮਝੇ ਜਾਂਦੇ ਗੁਰਦੁਆਰਾ ਸਾਹਿਬ ਫਰੀਮਾਂਟ ਦੀਆਂ ਇਸ ਸਾਲ  ਹੋਣ ਵਾਲੀਆਂ ਚੋਣਾਂ ਲਈ ਵੋਟਾਂ ਬਣਨ ਦਾ ਕੰਮ ਸ਼ੁਰੂ ਹੋਣ ਨਾਲ ਚੋਣ ਮੈਦਾਨ ਵੀ ਭਖ਼ਣਾ ਸ਼ੁਰੂ ਹੋ ਗਿਆ ਹੈ। ਵਰਨਣਯੋਗ ਹੈ ਕਿ ਬੇਅ-ਏਰੀਆ ਦੇ ਕੇਂਦਰ ਵਿਚਲੇ ਇਸ ਗੁਰਦੁਆਰਾ ਸਾਹਿਬ ਦੀ ਸੁਪਰੀਮ ਕੌਂਸਲ, ਜਿਹੜੀ ਅੱਗੋਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਨਿਯੁਕਤ ਕਰਦੀ ਹੈ, ਲਈ ਹਰ ਦੋ ਸਾਲ ਬਾਅਦ ਵੋਟਾਂ ਪੈਂਦੀਆਂ ਹਨ। ਇਨ੍ਹੀਂ ਦਿਨੀਂ ਨਵੀਆਂ ਵੋਟਾਂ ਬਣਨ ਦਾ ਕੰਮ ਚੱਲ ਰਿਹਾ ਹੈ ਅਤੇ ਨਾਲ-ਨਾਲ ਸਾਰੀਆਂ ਪਾਰਟੀਆਂ ਦੇ ਜੋੜ-ਤੋੜ ਦਾ ਸਿਲਸਿਲਾ ਵੀ ਜਾਰੀ ਹੈ।
ਵਰਨਣਯੋਗ ਹੈ ਕਿ ਇਸ ਏਰੀਏ ਦੇ ਸਿੱਖਾਂ ਦੀਆਂ ਤਿੰਨ ਪ੍ਰਮੁੱਖ ਧਿਰਾਂ ਨੇ ਅੱਜ ਤੋਂ 6 ਸਾਲ ਪਹਿਲਾਂ ਇਕੱਠੇ ਹੋ ਕੇ ਸਿੱਖ ਪੰਚਾਇਤ ਬਣਾ ਲਈ ਸੀ ਅਤੇ ਇੱਕ ਨਵੇਂ ਕਿਸਮ ਦਾ ਮਾਡਲ ਉਸਾਰਿਆ ਸੀ, ਜਿਸ ਵਿੱਚ ਪਾਰਟੀਆਂ ਦੀ ਤਾਕਤ ਘਟਾ ਕੇ ਗੁਣਵੱਤਾ ਨੂੰ ਤਰਜੀਹ ਦਿੱਤੀ ਗਈ ਸੀ। ਇਸ ਮਾਡਲ ਰਾਹੀਂ ਕਈ ਨਵੇਂ ਚਿਹਰੇ ਸਾਹਮਣੇ ਆਏ ਅਤੇ ਗੁਰਦੁਆਰਾ ਸਾਹਿਬ ਵਿੱਚ ਸ਼ਾਂਤੀ ਦੇ ਮਾਹੌਲ ਦੇ ਨਾਲ-ਨਾਲ 3 ਮਿਲੀਅਨ ਡਾਲਰ ਤੋਂ ਉਪਰ ਸਕੂਲ ਦੀ ਇਮਾਰਤ ਵੀ ਬਿਨਾ ਕਰਜ਼ਾ ਲਏ ਮੁਕੰਮਲ ਕੀਤੀ ਗਈ। ਇਸ ਸਿਸਟਮ ਨਾਲ ਸਿੱਖ ਪੰਚਾਇਤ ਦਿਨੋ-ਦਿਨ ਮਜ਼ਬੂਤ ਹੁੰਦੀ ਗਈ।
ਇਸ ਸਾਲ ‘ਸਿੱਖ ਪੰਚਾਇਤ’ ਨੇ ਬਾਕੀ ਪਾਰਟੀਆਂ ਨੂੰ ਵੀ ਪੰਚਾਇਤ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਅਤੇ ਬੜੀ ਸ਼ਿੱਦਤ ਨਾਲ ਇਹ ਕੰਮ ਆਰੰਭਿਆ। ਸਭ ਤੋਂ ਪਹਿਲਾਂ ਸਿੱਖ ਯੂਥ ਆਫ਼ ਅਮਰੀਕਾ ਨੇ ਆਪਣੇ ਦੋਫਾੜ ਹੋਏ ਗਰੁੱਪ ਨੂੰ ਦੁਬਾਰਾ ਜਥੇਬੰਦ ਕੀਤਾ ਅਤੇ ਭਾਈ ਜਸਵਿੰਦਰ ਸਿੰਘ ਜੰਡੀ ਦੀ ਕਮਾਂਡ ਹੇਠ 5 ਮੈਂਬਰ ਕਮੇਟੀ ਬਣਾਉਣ ਦਾ ਐਲਾਨ ਕੀਤਾ। ਇੱਕ ਹੋਰ ਗਰੇਵਾਲ ਗਰੁੱਪ ਵਲੋਂ ਜਾਣੀ ਜਾਂਦੀ ‘ਬਾਸਾ’ ਵੀ ਦੋਫਾੜ ਹੋ ਚੁੱਕੀ ਹੈ ਅਤੇ ਇਕ ਗਰੁੱਪ ਜਿਸ ਦੀ ਅਗਵਾਈ ਅਮਰਜੀਤ ਸਿੰਘ ਸਿੱਧੂ ਕਰਦੇ ਹਨ ਦੇ ਪੰਚਾਇਤ ਦੇ ਪਲੇਟ ਫਾਰਮ ‘ਤੇ ਆਉਣ ਦੇ ਆਸਾਰ ਹਨ।
ਇਸੇ ਦੌਰਾਨ ਤਾਜ਼ਾ ਜਾਣਕਾਰੀ ਅਨੁਸਾਰ ਇਕ ਛੋਟੇ ਜਿਹੇ ਗਰੁੱਪ, ਜਿਸ ਦੀ ਅਗਵਾਈ ਜਸਵੀਰ ਸਿੰਘ ਤੱਖਰ ਕਰਦੇ ਹਨ, ਨੇ ਸਿੱਖ ਪੰਚਾਇਤ ਵਿਚ ਆਉਣ ਦੀ ਬਜਾਏ ਚੋਣਾਂ ਲੜਨ ਦਾ ਫੈਸਲਾ ਲਿਆ ਹੈ। ਇਹ ਵੀ ਸਮਝਿਆ ਜਾਂਦਾ ਹੈ ਕਿ ਇਹ ਧੜਾ ਆਪਣਾ ਭਾਰ ਬਣਾਉਣ ਲਈ ਹੀ ਇਹ ਐਲਾਨ ਕਰ ਰਿਹਾ ਹੈ ਤਾਂ ਜੋ ਸਿੱਖ ਪੰਚਾਇਤ ਵਿੱਚ ਢੁੱਕਵੀਂ ਜਗ੍ਹਾ ਮਿਲ ਸਕੇ। ਪਰ ਸਿੱਖ ਪੰਚਾਇਤ ਦੇ ਇੱਕ ਸੀਨੀਅਰ ਮੈਂਬਰ ਨੇ ਕਿਹਾ ਹੈ ਕਿ ਇਸ ਧੜੇ ਨੂੰ ਪੰਚਾਇਤ ਵਿਚ ਸ਼ਾਮਲ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਵਿਚਲੇ ਬੰਦੇ ਭਾਰਤੀ ਕੌਸਲੇਟ ਦੇ ਚਹੇਤੇ ਹਨ। ਉਸ ਨੇ ਦਸਿਆ ਕਿ ਸਾਰੇ ਗੁਰਦੁਆਰਿਆਂ ਨੇ ਭਾਰਤੀ ਕੌਂਸਲੇਟ ਨਾਲ ਕੋਈ ਰਾਬਤਾ ਨਾ ਰੱਖਣ ਦੀ ਅਪੀਲ ਕੀਤੀ ਹੈ ਅਤੇ ਹੋ ਸਕਦਾ ਹੈ ਕਿ ਅਜਿਹੇ ਉਮੀਦਵਾਰਾਂ ਦੇ ਪੇਪਰ ਹੀ ਰੱਦ ਕਰ ਦਿੱਤੇ ਜਾਣ।
ਦੂਜੇ ਪਾਸੇ ਕਈ ਸਾਲਾਂ ਤੋਂ ਪੰਥਕ ਧਿਰਾਂ ਵਿਰੁੱਧ ਲੜਾਈ ਲੜ ਰਹੇ ਹਰਦੇਵ ਸਿੰਘ ਗਰੇਵਾਲ ਹਾਲ ਦੀ ਘੜੀ ਚੁੱਪ ਹਨ। ਉਮੀਦਵਾਰਾਂ ਵਲੋਂ ਕਾਗਜ਼ ਭਰਨ ਦੀ ਆਖਰੀ ਤਰੀਕ ਫਰਵਰੀ ਦੇ ਪਹਿਲੇ ਹਫ਼ਤੇ ਹੈ ਅਤੇ ਉਸ ਤੋਂ ਬਾਅਦ ਹੀ ਸਾਰੀ ਸਥਿਤੀ ਸ਼ਪੱਸ਼ਟ ਹੋਵੇਗੀ। ਪਰ ਸਿੱਖ ਪੰਚਾਇਤ ਇਸ ਸਾਲ ਚੋਣਾਂ ਤੋਂ ਬਗ਼ੈਰ ਹੀ ਸਰਬਸੰਮਤੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।