ਟਰੰਪ ਪ੍ਰਸ਼ਾਸਨ ਵਲੋਂ ਸਰਜਨ ਜਨਰਲ ਵਿਵੇਕ ਮੂਰਤੀ ਬਰਖਾਸਤ

ਟਰੰਪ ਪ੍ਰਸ਼ਾਸਨ ਵਲੋਂ ਸਰਜਨ ਜਨਰਲ ਵਿਵੇਕ ਮੂਰਤੀ ਬਰਖਾਸਤ

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਦੀ ਟਰੰਪ ਸਰਕਾਰ ਨੇ ਓਬਾਮਾ ਪ੍ਰਸ਼ਾਸਨ ਵੱਲੋਂ ਨਿਯੁਕਤ ਕੀਤੇ ਗਏ ਭਾਰਤੀ-ਅਮਰੀਕੀ ਸਰਜਨ ਜਨਰਲ ਵਿਵੇਕ ਮੂਰਤੀ ਨੂੰ ਬਰਖਾਸਤ ਕਰ ਦਿੱਤਾ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਕਿ ਮੌਜੂਦਾ ਸਰਕਾਰ ਦੀ ਪਸੰਦ ਦੀ ਸ਼ਖ਼ਸੀਅਤ ਨੂੰ ਇਸ ਅਹੁਦੇ ‘ਤੇ ਬੈਠਾਇਆ ਜਾ ਸਕੇ। 39 ਸਾਲਾ ਵਿਵੇਕ ਦੀ ਜਗ੍ਹਾ, ਇਹ ਅਹੁਦਾ ਉਨ੍ਹਾਂ ਦੇ ਡਿਪਟੀ ਟ੍ਰੈਂਟ ਐਡਮਸ ਨੂੰ ਦਿੱਤਾ ਜਾਵੇਗਾ। ਦਿਲਚਸਪ ਗੱਲ ਇਹ ਹੈ ਕਿ ਸੀਨੀਅਰ ਅਹੁਦਿਆਂ ‘ਤੇ ਬੈਠੇ ਲੋਕਾਂ ਵਿਚ ਮੂਰਤੀ ਅਜਿਹੇ ਦੂਸਰੇ ਭਾਰਤੀ ਮੂਲ ਦੇ ਅਮਰੀਕੀ ਸ਼ਖ਼ਸ ਹਨ, ਜਿਨ੍ਹਾਂ ‘ਤੇ ਟਰੰਪ ਪ੍ਰਸ਼ਾਸਨ ਦੀ ਕਾਰਵਾਈ ਹੋਈ ਹੈ। ਉਂਝ ਅਜਿਹੇ ਪਹਿਲੇ ਸ਼ਖ਼ਸ ਪ੍ਰੀਤ ਭਰਾਰਾ ਸਨ, ਜਿਨ੍ਹਾਂ ਨੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਉਨ੍ਹਾਂ ਨੂੰ ਬਾਅਦ ਵਿਚ ਬਰਖ਼ਾਸਤ ਕਰ ਦਿੱਤਾ ਗਿਆ ਸੀ। ਅਮਰੀਕੀ ਸਿਹਤ ਅਤੇ ਮਨੁੱਖੀ ਸੇਵਾ ਮੰਤਰਾਲੇ ਨੇ ਬੀਤੇ ਦਿਨ ਇਕ ਬਿਆਨ ਵਿਚ ਕਿਹਾ ਕਿ ਅਮਰੀਕੀ ‘ਪਬਲਿਕ ਹੈਲਥ ਸਰਵਿਸ ਕਮਿਸ਼ਨਡ ਕਾਰਪਸ’ ਦੇ ਨੇਤਾ ਮੂਰਤੀ ਨੂੰ ਕਿਹਾ ਗਿਆ ਕਿ ਨਵੇਂ ਟਰੰਪ ਪ੍ਰਸ਼ਾਸਨ ਵਿਚ ਸੁਖਾਲੇ ਬਦਲਾਅ ਵਿਚ ਸਹਾਇਤਾ ਦੇ ਬਾਅਦ ਉਹ ਸਰਜਨ ਜਨਰਲ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣ . ਮੂਰਤੀ ਕਮਿਸ਼ਨਡ ਕਾਰਪਸ ਦੇ ਮੈਂਬਰਾਂ ਦੇ ਤੌਰ ‘ਤੇ ਆਪਣੀਆਂ ਸੇਵਾਵਾਂ ਜਾਰੀ ਰੱਖਣਗੇ।