ਨਿਊ ਯਾਰਕ ‘ਚ ਨਸ਼ੇੜੀ ਮੁਸਾਫ਼ਰਾਂ ਨੇ ਸਿੱਖ ਟੈਕਸੀ ਡਰਾਈਵਰ ‘ਤੇ ਕੀਤਾ ਹਮਲਾ

ਨਿਊ ਯਾਰਕ ‘ਚ ਨਸ਼ੇੜੀ ਮੁਸਾਫ਼ਰਾਂ ਨੇ ਸਿੱਖ ਟੈਕਸੀ ਡਰਾਈਵਰ ‘ਤੇ ਕੀਤਾ ਹਮਲਾ

ਦਸਤਾਰ ਲਾਹ ਕੇ ਨਾਲ ਲੈ ਗਏ
ਨਿਊ ਯਾਰਕ/ਬਿਊਰੋ ਨਿਊਜ਼ :
ਨਸ਼ੇ ਵਿੱਚ ਧੁੱਤ ਮੁਸਾਫ਼ਰਾਂ ਨੇ ਇਥੇ ਇਕ ਸਿੱਖ ਟੈਕਸੀ ਡਰਾਈਵਰ ‘ਤੇ ਹਮਲਾ ਕਰ ਦਿੱਤਾ। ਸ਼ਰਾਬੀ ਹੋਏ ਮੁਸਾਫ਼ਰਾਂ ਨੇ ਨੌਜਵਾਨ ਸਿੱਖ ਦੀ ਦਸਤਾਰ ਲਾਹ ਦਿੱਤੀ ਤੇ ਫ਼ਰਾਰ ਹੋਣ ਮੌਕੇ ਦਸਤਾਰ ਆਪਣੇ ਨਾਲ ਲੈ ਗਏ। ਸਥਾਨਕ ਪੁਲੀਸ ਨੇ ਇਸ ਸਾਰੇ ਮਾਮਲੇ ਦੀ ਸੰਭਾਵੀ ਨਫ਼ਰਤੀ ਹਮਲੇ ਵਜੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿੱਖ ਡਰਾਈਵਰ ‘ਤੇ ਹਮਲੇ ਦੀ ਇਹ ਘਟਨਾ ਐਤਵਾਰ ਤੜਕੇ ਵਾਪਰੀ ਤੇ ਡਰਾਈਵਰ ਦੀ ਪਛਾਣ ਹਰਕੀਰਤ ਸਿੰਘ ਵਜੋਂ ਹੋਈ ਹੈ, ਜੋ ਕਿ ਤਿੰਨ ਸਾਲ ਪਹਿਲਾਂ ਪੰਜਾਬ ਤੋਂ ਅਮਰੀਕਾ ਆਇਆ ਸੀ।
ਹਰਕੀਰਤ ਨੇ ਰੋਜ਼ਨਾਮਚਾ ਨਿਊ ਯਾਰਕ ਡੇਲੀ ਨਿਊਜ਼ ਨੂੰ ਕਿਹਾ, ‘ਮੈਂ ਬਹੁਤ ਡਰ ਗਿਆ ਹਾਂ। ਮੈਂ ਕੰਮ ਨਹੀਂ ਕਰਨਾ ਚਾਹੁੰਦਾ। ਦਸਤਾਰ ਨੂੰ ਹੱਥ ਪਾਉਣਾ ਮੇਰੇ ਧਰਮ ਤੇ ਅਕੀਦੇ ਦੀ ਤੌਹੀਨ ਹੈ। ਇਹ ਬਹੁਤ ਡਰਾਉਣਾ ਸੀ।’ ਹਰਕੀਰਤ ਨੇ ਕਿਹਾ ਕਿ ਇਕ ਮਹਿਲਾ ਸਮੇਤ ਚਾਰ ਜਾਣੇ ਐਤਵਾਰ ਤੜਕੇ ਪੰਜ ਵਜੇ ਦੇ ਕਰੀਬ ਮੈਡੀਸਨ ਸਕੁਏਅਰ ਗਾਰਡਨ ਤੋਂ ਉਸ ਦੀ ਕਾਰ ਵਿੱਚ ਬੈਠੇ ਸਨ। ਜਦੋਂ ਉਹ ਮੁਸਾਫ਼ਰਾਂ ਨੂੰ ਉਨ੍ਹਾਂ ਦੇ ਦੱਸੇ ਟਿਕਾਣੇ ਬਰੌਂਕਸ ਲੈ ਕੇ ਪੁੱਜਾ ਤਾਂ ਉਨ੍ਹਾਂ ਇਸ ਗੱਲੋਂ ਝਗੜਨਾ ਸ਼ੁਰੂ ਕਰ ਦਿੱਤਾ ਕਿ ਉਹ ਉਨ੍ਹਾਂ ਨੂੰ ਗ਼ਲਤ ਪਤੇ ‘ਤੇ ਲੈ ਆਇਆ ਹੈ। ਹਰਕੀਰਤ ਨੇ ਕਿਹਾ ਮੁਸਾਫ਼ਰ ਸ਼ਰਾਬ ਨਾਲ ਰੱਜੇ ਹੋਏ ਸਨ। ਇਸ ਦੌਰਾਨ ਜਦੋਂ ਉਸ ਨੇ ਮੁਸਾਫ਼ਰਾਂ ਤੋਂ ਕਾਰ ਦਾ ਭਾੜਾ ਮੰਗਿਆ ਤਾਂ ਉਨ੍ਹਾਂ ਵਿੱਚ ਇਕ ਨੌਜਵਾਨ ਨੇ ਉਸ ‘ਤੇ ਹਮਲਾ ਕਰਦਿਆਂ ਉਸ ਦੀ ਦਸਤਾਰ ਲਾਹ ਦਿੱਤੀ। ਪੁਲੀਸ ਆਉਂਦੀ ਵੇਖ ਹਮਲਾਵਰ ਹਰਕੀਰਤ ਦੀ ਦਸਤਾਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ। ਮੇਅਰ ਬਿਲ ਡੀ ਬਲਾਸੀਓ ਨੇ ਸਿੱਖ ਟੈਕਸੀ ਡਰਾਈਵਰ ਦੇ ਹੱਕ ਵਿੱਚ ਟਵੀਟ ਕਰਦਿਆਂ ਕਿਹਾ, ‘ਹਰਕੀਰਤ ਸਿੰਘ- ਤੁਹਾਡਾ ਇਥੇ ਸਵਾਗਤ ਹੈ। ਤੁਹਾਡੇ ਨਾਲ ਜੋ ਕੁਝ ਵਾਪਰਿਆ ਉਹ ਗ਼ਲਤ ਸੀ। ਤੁਸੀਂ ਨਿਊ ਯਾਰਕ ਪੁਲੀਸ ਵਿਭਾਗ ਨੂੰ ਫ਼ੋਨ ਕਰਕੇ ਸਹੀ ਕਦਮ ਚੁੱਕਿਆ ਹੈ।’
ਅਕਾਲ ਤਖ਼ਤ ਵੱਲੋਂ ਮਾਮਲੇ ਦਾ ਨੋਟਿਸ :
ਅੰਮ੍ਰਿਤਸਰ: ਨਿਊਯਾਰਕ ਦੇ ਗੁਰਦੁਆਰੇ ਸਿੱਖ ਕਲਚਰ  ਸੁਸਾਇਟੀ ਰਿਚਮਿੰਡ ਹਿੱਲ ਵਿੱਚ ਇਕ ਸਮਾਗਮ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋਏ ਝਗੜੇ ਦੌਰਾਨ ਦਸਤਾਰ ਦੀ ਬੇਅਦਬੀ ਹੋਣ ਦਾ ਮਾਮਲੇ ਦੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਖ਼ਤ ਨੋਟਿਸ ਲਿਆ ਅਤੇ ਦੋਸ਼ੀਆਂ ਨੂੰ ਅਕਾਲ ਤਖ਼ਤ ‘ਤੇ ਤਲਬ ਕਰਨ ਦਾ ਫ਼ੈਸਲਾ ਕੀਤਾ।