ਟਰੰਪ ਵਲੋਂ ਪਾਬੰਦੀ ਵਾਲੇ ਨਵੇਂ ਹੁਕਮਾਂ ‘ਤੇ ਦਸਤਖ਼ਤ, ਇਰਾਕ ਸੂਚੀ ‘ਚੋਂ ਬਾਹਰ

ਟਰੰਪ ਵਲੋਂ ਪਾਬੰਦੀ ਵਾਲੇ ਨਵੇਂ ਹੁਕਮਾਂ ‘ਤੇ ਦਸਤਖ਼ਤ, ਇਰਾਕ ਸੂਚੀ ‘ਚੋਂ ਬਾਹਰ

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਛੇ ਮੁਸਲਿਮ ਬਹੁ ਗਿਣਤੀ ਵਾਲੇ ਦੇਸ਼ਾਂ ਦੇ ਨਾਗਰਿਕਾਂ, ਜਿਹੜੇ ਨਵਾਂ ਵੀਜ਼ਾ ਲੈਣ ਦੇ ਇੱਛੁਕ ਹਨ, ਦੇ ਅਮਰੀਕਾ ਵਿਚ ਦਾਖਲ ਹੋਣ ‘ਤੇ ਆਰਜ਼ੀ ਤੌਰ ‘ਤੇ ਪਾਬੰਦੀ ਲਾਉਣ ਵਾਲੇ ਸੋਧੇ ਕਾਰਜਕਾਰੀ ਹੁਕਮਾਂ ‘ਤੇ ਦਸਤਖਤ ਕਰ ਦਿੱਤੇ ਹਨ। ਜਦਕਿ ਵਿਵਾਦਤ ਪ੍ਰਵਾਸ ਨੀਤੀ ਦੇ ਵਿਸ਼ਵ ਭਰ ਵਿਚ ਹੋਏ ਵਿਰੋਧ ਦੇ ਬਾਅਦ ਇਸ ਵਾਰ ਸੂਚੀ ਵਿਚੋਂ ਇਰਾਕ ਦਾ ਨਾਂਅ ਕੱਢ ਦਿੱਤਾ ਗਿਆ ਹੈ। ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਸੀਨ ਸਪਾਈਸਰ ਨੇ ਪੁਸ਼ਟੀ ਕੀਤੀ ਕਿ ਰਾਸ਼ਟਰਪਤੀ ਟਰੰਪ ਨੇ ਬੰਦ ਕਮਰੇ ਵਿਚ ਇਨ੍ਹਾਂ ਹੁਕਮਾਂ ‘ਤੇ ਦਸਤਖ਼ਤ ਕੀਤੇ।
ਤਾਜ਼ਾ ਹੁਕਮਾਂ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਸੁਡਾਨ, ਸੀਰੀਆ, ਈਰਾਨ, ਲਿਬੀਆ, ਸੋਮਾਲੀਆ ਅਤੇ ਯਮਨ ਦੇ ਲੋਕਾਂ ‘ਤੇ 90 ਦਿਨ ਦੀ ਪਾਬੰਦੀ ਦੇ ਹੁਕਮ ਉਨ੍ਹਾਂ ‘ਤੇ ਲਾਗੂ ਨਹੀਂ ਹੁੰਦੇ, ਜਿਨ੍ਹਾਂ ਕੋਲ ਪਹਿਲਾਂ ਹੀ ਜਾਇਜ਼ ਵੀਜ਼ਾ ਹੈ। ਹੁਕਮਾਂ ਅਨੁਸਾਰ ਜਿਸ ਕਿਸੇ ਵਿਅਕਤੀ ਕੋਲ 27 ਜਨਵਰੀ 2017 (ਸ਼ਾਮ 5 ਵਜੇ ਤੋਂ ਪਹਿਲਾਂ) ਜਾਇਜ਼ ਵੀਜ਼ਾ ਸੀ ਜਾਂ ਕਾਰਜਕਾਰੀ ਹੁਕਮਾਂ ਦੇ ਲਾਗੂ ਹੋਣ ਵਾਲੀ ਤਰੀਕ ‘ਤੇ ਜਾਇਜ਼ ਵੀਜ਼ਾ ਹੈ, ਨੂੰ ਅਮਰੀਕਾ ਵਿਚ ਦਾਖਲ ਹੋਣ ਤੋਂ ਨਹੀਂ ਰੋਕਿਆ ਜਾਵੇਗਾ। ਇਸ ਵਿਚ ਅੱਗੇ ਕਿਹਾ ਗਿਆ ਹੈ ਕਿ 90 ਦਿਨਾਂ ਦੇ ਸਮੇਂ ਵਿਚ ਵਿਦੇਸ਼ੀ ਨਾਗਰਿਕਾਂ ਵਲੋਂ ਅਪਰਾਧੀ ਅਤੇ ਅੱਤਵਾਦੀਆਂ ਦੀ ਘੁਸਪੈਠ ਰੋਕਣ ਲਈ ਮਾਪਦੰਡ ਸਥਾਪਤ ਕਰਨ ਅਤੇ ਸਹੀ ਮਲਾਂਕਣ ਕਰਨ ਲਈ ਸਮਾਂ ਮਿਲ ਜਾਵੇਗਾ। ਨਵੇਂ ਹੁਕਮਾਂ ਵਿਚ ਪਾਬੰਦੀ ਵਾਲੀ ਸੂਚੀ ਵਿਚੋਂ ਇਰਾਕ ਦਾ ਨਾਂਅ ਕੱਢ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਬਗਦਾਦ ਨੇ ਅਮਰੀਕਾ ਦੀ ਯਾਤਰਾ ਕਰਨ ਲਈ ਵੀਜ਼ਾ ਅਪਲਾਈ ਕਰਨ ਵਾਲੇ ਆਪਣੇ ਨਾਗਰਿਕਾਂ ਦੀ ਜਾਂਚ ਕਰਨ ਲਈ ਅਮਰੀਕਾ ਨਾਲ ਸਹਿਯੋਗ ਕਰਨ ਲਈ ਸਹਿਮਤੀ ਪ੍ਰਗਟਾਈ ਹੈ। 16 ਮਾਰਚ ਤੋਂ ਲਾਗੂ ਹੋ ਰਹੇ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਕਾਰਜਕਾਰੀ ਹੁਕਮਾਂ ਨਾਲ ਇਰਾਕੀ ਨਾਗਰਿਕ ਪ੍ਰਭਾਵਤ ਨਹੀਂ ਹੋਣਗੇ। ਰਿਫਿਊਜ਼ੀ ਐਡਮਿਸ਼ਨ ਪ੍ਰੋਗਰਾਮ ਵੀ ਆਰਜ਼ੀ ਤੌਰ ‘ਤੇ ਅਗਲੇ 120 ਦਿਨਾਂ ਲਈ ਮੁਅੱਤਲ ਰਹੇਗਾ।

ਟਰੰਪ ਦੇ ਨਵੇਂ ‘ਟਰੈਵਲ ਬੈਨ’ ਤੋਂ ਪਹਿਲਾਂ ਹੀ ਕੈਨੇਡਾ ਨੇ ਪ੍ਰਭਾਵਤ ਵਿਦਿਆਰਥੀਆਂ ਲਈ ਖੋਲ੍ਹੇ ਦਰ

ਨਿਊ ਬਰੰਸਵਿਕ/ਬਿਊਰੋ ਨਿਊਜ਼ :
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਹੁਣ ਹੋਰ ਦੇਸ਼ਾਂ ਦੇ ਲੋਕਾਂ ‘ਤੇ ਨਵੀਂ ਯਾਤਰਾ ਪਾਬੰਦੀ (ਟਰੈਵਲ ਬੈਨ) ਲਗਾਉਣ ‘ਤੇ ਵਿਚਾਰ ਕਰ ਰਹੇ ਹਨ। ਇਸ ਦਰਮਿਆਨ ਕੈਨੇਡਾ ਨੇ ਅਮਰੀਕਾ ਵੱਲੋਂ ਬੈਨ ਕੀਤੇ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਅਪਨਾਉਣ ਦੀ ਤਿਆਰੀ ਪੂਰੀ ਕਰ ਲਈ ਹੈ। ਨਿਊ ਬਰੰਸਵਿਕ ਦੀ ਯੂਨੀਵਰਸਿਟੀ ਇਨ੍ਹਾਂ ਵਿਦਿਆਰਥੀਆਂ ਨੂੰ ਅਪਨਾਉਣ ਲਈ ਤਿਆਰ ਹੈ ਅਤੇ ਇਸ ਯੂਨੀਵਰਸਿਟੀ ਨੇ ਪ੍ਰਭਾਵਤ ਦੇਸ਼ਾਂ ਦੇ ਵਿਦਿਆਰਥੀਆਂ ਨੂੰ ‘ਸ਼ਰਨਾਰਥੀਆਂ’ ਦਾ ਦਰਜਾ ਦੇਣ ਦਾ ਐਲਾਨ ਕੀਤਾ ਹੈ। ਯੂਨੀਵਰਸਿਟੀ ਦੇ ਐਲਾਨ ਮੁਤਾਬਕ ਪ੍ਰਭਾਵਤ ਦੇਸ਼ਾਂ ਦੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ ਅਤੇ ਉਨ੍ਹਾਂ ਦੀਆਂ ਅਰਜ਼ੀ ਫੀਸਾਂ ਮੁਆਫ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਇਨ੍ਹਾਂ ਵਿਦਿਆਰਥੀਆਂ ਦੇ ਕੈਨੇਡਾ ਵਿਚ ਰਹਿਣ ਦਾ ਇੰਤਜ਼ਾਮ ਵੀ ਕੀਤਾ ਜਾਵੇਗਾ। ਅਮਰੀਕਾ ਦੇ ਕਾਲਜਾਂ ਤੋਂ ਫੀਸਾਂ ਨੂੰ ਟਰਾਂਸਫਰ ਕਰਨ ਲਈ ਵੀ ਇਨ੍ਹਾਂ ਵਿਦਿਆਰਥੀਆਂ ਦੀ ਪੂਰੀ ਸਹਾਇਤਾ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਵੀ ਕੈਨੇਡਾ ਦੀਆਂ ਕਈ ਯੂਨੀਵਰਸਿਟੀਆਂ ਐਲਾਨ ਕਰ ਚੁੱਕੀਆਂ ਹਨ ਕਿ ਅਮਰੀਕਾ ਦੇ ‘ਟਰੈਵਲ ਬੈਨ’ ਨਾਲ ਪ੍ਰਭਾਵਤ ਹੋਣ ਵਾਲੇ ਦੇਸ਼ਾਂ ਦੇ ਵਿਦਿਆਰਥੀਆਂ ਦੀਆਂ ਅਰਜ਼ੀ ਫੀਸਾਂ ਮੁਆਫ ਕੀਤੀਆਂ ਜਾਣਗੀਆਂ। ਇਨ੍ਹਾਂ ਵਿਚ ਯੂਨੀਵਰਸਿਟੀ ਆਫ ਕੈਲਗਰੀ, ਮੈਮੋਰੀਅਲ ਯੂਨੀਵਰਸਿਟੀ ਆਫ ਨਿਊਫਾਊਂਡਲੈਂਡ, ਯੂਨੀਵਰਸਿਟੀ ਆਫ ਵਿਨੀਪੈੱਗ, ਯੂਨੀਵਰਸਿਟੀ ਆਫ ਐਲਬਰਟਾ ਅਤੇ ਬੀ.ਸੀ. ਦੀ ਸਾਈਮਨ ਫਰੇਜ਼ਰ ਯੂਨੀਵਰਸਿਟੀ ਸ਼ਾਮਲ ਹੈ।