ਕਾਬੁਲ ‘ਚ ਭਾਰਤੀ ਦੂਤਾਵਾਸ ਨੇੜੇ ਜ਼ੋਰਦਾਰ ਧਮਾਕਾ, 80 ਦੀ ਮੌਤ

ਕਾਬੁਲ ‘ਚ ਭਾਰਤੀ ਦੂਤਾਵਾਸ ਨੇੜੇ ਜ਼ੋਰਦਾਰ ਧਮਾਕਾ, 80 ਦੀ ਮੌਤ

ਕਾਬੁਲ/ਬਿਊਰੋ ਨਿਊਜ਼ :
ਕਾਬੁਲ ਵਿਚ ਭਾਰਤੀ ਦੂਤਾਵਾਸ ਨੇੜੇ ਧਮਾਕਾ ਹੋਇਆ, ਜਿਸ ਵਿਚ 80 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਅਤੇ 350 ਦੇ ਕਰੀਬ ਜ਼ਖ਼ਮੀ ਹੋ ਗਏ। ਸਾਰੇ ਭਾਰਤੀ ਕਰਮਚਾਰੀ ਸੁਰੱਖਿਅਤ ਹਨ। ਧਮਾਕੇ ਤੋਂ ਬਾਅਦ ਆਲੇ-ਦੁਆਲੇ ਧੂੰਏ ਦਾ ਗੁਬਾਰ ਦਿਖਾਈ ਦਿੱਤਾ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਧਮਾਕਾ ਕਿੰਨਾ ਵੱਡਾ ਸੀ। ਭਾਰਤੀ ਦੂਤਾਵਾਸ ਦੀ ਇਮਾਰਤ ਦੇ ਦਰਵਾਜ਼ਿਆਂ ਤੇ ਖ਼ਿੜਕੀਆਂ ਨੂੰ ਨੁਕਸਾਨ ਪਹੁੰਚਿਆ ਹੈ। ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਸਾਰੇ ਭਾਰਤੀ ਕਰਮਚਾਰੀ ਸੁਰੱਖਿਅਤ ਹਨ।
ਗ੍ਰਹਿ ਮੰਤਰਾਲੇ ਦੇ ਬੁਲਾਰੇ ਬੁਲਾਰੇ ਨੇ ਕਿਹਾ ਕਿ ਫ਼ਿਲਹਾਲ ਉਹ ਮ੍ਰਿਤਕਾਂ ਦਾ ਅੰਕੜਾ ਦੱਸਣ ਵਿਚ ਅਸਮਰਥ ਹਨ। ਸਿਹਤ ਮੰਤਰਾਲੇ ਦੇ ਇਕ ਬੁਲਾਰੇ ਨੇ ਕਿਹਾ ਕਿ ਕਾਬੁਲ ਦੇ ਹਸਪਤਾਲਾਂ ਵਿਚ 350 ਤੋਂ ਜ਼ਿਆਦਾ ਲੋਕਾਂ ਨੂੰ ਲਿਆਂਦਾ ਗਿਆ ਹੈ ਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਆਮ ਨਾਗਰਿਕ ਹਨ। ਉਨ੍ਹਾਂ ਕਿਹਾ, ‘ਸਾਨੂੰ ਹਾਲੇ ਤੱਕ ਮ੍ਰਿਤਕਾਂ ਦੀ ਸਹੀ ਸੰਖਿਆ ਪਤਾ ਨਹੀਂ ਹੈ।’
ਹਾਲੇ ਤੱਕ ਇਹ ਸਾਫ਼ ਨਹੀਂ ਹੋਇਆ ਕਿ ਧਮਾਕੇ ਦੇ ਨਿਸ਼ਾਨੇ ‘ਤੇ ਕੌਣ ਸੀ। ਸੂਤਰਾਂ ਮੁਤਾਬਕ ਭਾਰਤੀ ਦੂਤਾਵਾਸ ਇਸ ਦਾ ਨਿਸ਼ਾਨਾ ਨਹੀਂ ਸੀ, ਜਿਸ ਇਲਾਕੇ ਵਿਚ ਧਮਾਕਾ ਹੋਇਆ ਹੈ, ਉਹ ਰਾਸ਼ਟਰਪਤੀ ਦੇ ਆਵਾਸ ਤੋਂ ਬਹੁਤ ਦੂਰ ਨਹੀਂ ਹੈ ਤੇ ਨੇੜੇ-ਤੇੜ ਕਈ ਦੂਤਾਵਾਸ ਹਨ। ਹਾਲੇ ਤਕ ਕਿਸੇ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਇਸ ਤੋਂ ਪਹਿਲਾਂ 13 ਮਈ ਨੂੰ ਕਾਬੁਲ ਵਿਚ ਇਕ ਕਾਰ ‘ਤੇ ਹੱਥਗੋਲੇ ਨਾਲ ਕੀਤੇ ਗਏ ਹਮਲੇ ਵਿਚ ਘੱਟੋ-ਘੱਟ 3 ਆਮ ਨਾਗਰਿਕਾਂ ਦੀ ਮੌਤ ਹੋ ਗਈ ਸੀ।