ਕਠੂਆ ਬਲਾਤਕਾਰ ਕੇਸ : ਪਠਾਨਕੋਟ ਅਦਾਲਤ ਵੱਲੋਂ 7 ਦੋਸ਼ੀਆਂ ਖ਼ਿਲਾਫ਼ ਕੇਸ ਚਲਾਉਣ ਦੀ ਮਨਜ਼ੂਰੀ

ਕਠੂਆ ਬਲਾਤਕਾਰ ਕੇਸ : ਪਠਾਨਕੋਟ ਅਦਾਲਤ ਵੱਲੋਂ 7 ਦੋਸ਼ੀਆਂ ਖ਼ਿਲਾਫ਼ ਕੇਸ ਚਲਾਉਣ ਦੀ ਮਨਜ਼ੂਰੀ

ਪਠਾਨਕੋਟ/ਬਿਊਰੋ ਨਿਉਜ਼ :
ਇਥੇ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਜੰਮੂ ਤੇ ਕਸ਼ਮੀਰ ਦੇ ਕਠੂਆ ਜ਼ਿਲ੍ਹੇ ‘ਚ 8 ਸਾਲਾ ਬੱਚੀ ਨੂੰ ਜਬਰ ਜਨਾਹ ਪਿੱਛੋਂ ਕਤਲ ਕਰਨ ਦੇ ਮਾਮਲੇ ਵਿਚ 8 ਦੋਸ਼ੀਆਂ ‘ਚੋਂ 7 ਖ਼ਿਲਾਫ਼ ਦੋਸ਼ ਆਇਦ ਕੀਤੇ ਜਿਸ ਨਾਲ ਦੋਸ਼ੀਆਂ ਖ਼ਿਲਾਫ਼ ਕੇਸ ਚੱਲਣ ਲਈ ਰਾਹ ਪੱਧਰਾ ਹੋ ਗਿਆ ਹੈ। ਇਸ ਮਾਮਲੇ ਵਿਚ ਅੱਠਵਾਂ ਦੋਸ਼ੀ ਨਾਬਾਲਗ ਹੈ। ਵਿਸ਼ੇਸ਼ ਸਰਕਾਰੀ ਵਕੀਲ ਜੇ. ਕੇ ਚੋਪੜਾ ਨੇ ਦੱਸਿਆ ਕਿ ਅਦਾਲਤ ਨੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 120-ਬੀ, 302 ਅਤੇ 376-ਡੀ ਸਮੇਤ ਰਣਬੀਰ ਪੈਨਲ ਕੋਡ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਆਇਦ ਕੀਤੇ ਹਨ। ਜਿਨ੍ਹਾਂ ਦੋਸ਼ੀਆਂ ਖ਼ਿਲਾਫ਼ ਦੋਸ਼ ਆਇਦ ਕੀਤੇ ਗਏ ਉਨ੍ਹਾਂ ‘ਚ ਸਾਂਜੀ ਰਾਮ, ਉਸ ਦਾ ਪੁੱਤਰ ਵਿਸ਼ਾਲ, ਦੋ ਵਿਸ਼ੇਸ਼ ਪੁਲਿਸ ਅਫਸਰ ਦੀਪਕ ਖਜੂਰੀਆ ਉਰਫ ਦੀਪੂ ਅਤੇ ਸੁਰਿੰਦਰ ਵਰਮਾ, ਪ੍ਰਵੇਸ਼ ਕੁਮਾਰ ਉਰਫ ਮੰਨੂ, ਹੌਲਦਾਰ ਤਿਲਕ ਰਾਜ ਤੇ ਸਬ-ਇੰਸਪੈਕਟਰ ਅਰਵਿੰਦ ਦੱਤਾ ਸ਼ਾਮਿਲ ਹਨ। ਸਾਂਜੀ ਰਾਮ ਨੂੰ ਮੁੱਖ ਦੋਸ਼ੀ ਸਮਝਿਆ ਜਾਂਦਾ ਹੈ ਜਿਸ ਨੇ ਘੱਟ ਗਿਣਤੀ ਖ਼ਾਨਾਬਦੋਸ਼ ਭਾਈਚਾਰੇ ਨੂੰ ਇਲਾਕੇ ਤੋਂ ਬਾਹਰ ਕੱਢਣ ਲਈ ਸੋਚੀ ਸਮਝੀ ਰਣਨੀਤੀ ਦੇ ਹਿੱਸੇ ਵਜੋਂ ਦੂਸਰੇ ਦੋਸ਼ੀਆਂ ਨਾਲ ਮਿਲ ਕੇ ਲੜਕੀ ਨੂੰ ਅਗਵਾ ਕਰਨ ਦੀ ਸਾਜਿਸ਼ ਰਚੀ ਸੀ। ਅੱਠਵਾਂ ਦੋਸ਼ੀ ਜਿਹੜਾ ਨਾਬਾਲਗ ਹੈ ਅਤੇ ਸਾਂਜੀ ਰਾਮ ਦਾ ਭਤੀਜਾ ਹੈ, ਬਾਰੇ ਜੰਮੂ ਤੇ ਕਸ਼ਮੀਰ ਪੁਲਿਸ ਦੀ ਅਪਰਾਧ ਸ਼ਾਖ਼ਾ ਵਲੋਂ ਇਹ ਦਾਅਵਾ ਕਰਨ ਕਿ ਉਹ ਬਾਲਗ ਹੈ, ਪਿੱਛੋਂ ਉਸ ਦੀ ਹੋਣੀ ਬਾਰੇ ਅਜੇ ਫ਼ੈਸਲਾ ਹੋਣਾ ਹੈ।
ਅਦਾਲਤ ਨੇ ਸਬੂਤ ਨਸ਼ਟ ਕਰਨ ਤੇ ਰਣਬੀਰ ਪੈਨਲ ਕੋਡ ਦੀ ਧਾਰਾ 328 ਤਹਿਤ ਵੀ ਦੋਸ਼ ਆਇਦ ਕੀਤੇ ਹਨ। ਦੋ ਪੁਲਿਸ ਮੁਲਾਜ਼ਮਾਂ ਤਿਲਕ ਰਾਜ ਅਤੇ ਅਰਵਿੰਦ ਦੱਤਾ ‘ਤੇ ਰਣਬੀਰ ਪੈਨਲ ਕੋਡ ਦੀ ਧਾਰਾ 161 ਤਹਿਤ ਵੀ ਦੋਸ਼ ਆਇਦ ਕੀਤੇ ਗਏ ਹਨ।
ਬਚਾਅ ਪੱਖ ਦੇ ਵਕੀਲ ਨੇ ਮਾਣਯੋਗ ਜੱਜ ਤੇਜਵਿੰਦਰ ਸਿੰਘ ਦੀ ਅਦਾਲਤ ਸਾਹਮਣੇ ਦਲੀਲ ਦਿੱਤੀ ਕਿ ਪ੍ਰਵੇਸ਼ ਕੁਮਾਰ ਨਾਬਾਲਗ ਹੈ ਜਿਸ ਦਾ ਸਰਕਾਰੀ ਪੱਖ ਨੇ ਜ਼ੋਰਦਾਰ ਵਿਰੋਧ ਕੀਤਾ ਜਿਸ ਪਿੱਛੋਂ ਜੱਜ ਨੇ ਸਰਕਾਰ ਨੂੰ ਆਪਣੇ ਇਤਰਾਜ਼ ਪੇਸ਼ ਕਰਨ ਲਈ ਕਿਹਾ। 17 ਗਵਾਹਾਂ ਨੂੰ ਅਦਾਲਤ ਨੇ ਸੰਮਨ ਜਾਰੀ ਕਰ ਦਿੱਤੇ ਹਨ। ਇਸ ਕੇਸ ਵਿਚ 221 ਗਵਾਹ ਹਨ।