ਮਨੁੱਖ ਦੀ ਲਾਪਰਵਾਹੀ ਲਿਆ ਸਕਦੀ ਹੈ ਧਰਤੀ ‘ਤੇ ਵੱਡੀ ਤਬਾਹੀ ਚਾਰ ਦਹਾਕਿਆਂ ‘ਚ ਪਸ਼ੂਆਂ ਤੇ ਜੀਵ-ਜੰਤੂਆਂ ਦੀ ਆਬਾਦੀ 60 ਫੀਸਦੀ ਘਟੀ

ਮਨੁੱਖ ਦੀ ਲਾਪਰਵਾਹੀ ਲਿਆ ਸਕਦੀ ਹੈ ਧਰਤੀ ‘ਤੇ ਵੱਡੀ ਤਬਾਹੀ ਚਾਰ ਦਹਾਕਿਆਂ ‘ਚ ਪਸ਼ੂਆਂ ਤੇ ਜੀਵ-ਜੰਤੂਆਂ ਦੀ ਆਬਾਦੀ 60 ਫੀਸਦੀ ਘਟੀ

ਲੰਡਨ/ਬਿਊਰੋ ਨਿਊਜ਼ :
ਧਰਤੀ ਦੇ ਦਿਨੋ-ਦਿਨ ਖਰਾਬ ਹੋ ਰਹੇ ਵਾਤਾਵਰਣ ਬਾਰੇ ‘ਲਿਵਿੰਗ ਪਲੈਨ’ ਰਿਪੋਰਟ ਦੇ ਆਧਾਰ ਉਤੇ ਵਿਸ਼ਵ ਭਰ ‘ਚ ਵਿਗੜ ਰਹੇ ਵਾਤਾਵਰਨ ਨੂੰ ਲੈ ਕੇ ‘ਜ਼ੂਲੋਜੀਕਲ ਸੋਸਾਇਟੀ ਆਫ ਲੰਡਨ’ ਵਲੋਂ ਜਾਰੀ ਅੰਕੜੇ ਦਿਲ ਕੰਬਾ ਦੇਣ ਵਾਲੇ ਅਨ। ਜਦੋਂ ਅੱਜ ਵਾਤਾਵਰਣ ਦੀ ਖਰਾਬੀ ਕਾਰਨ ਰੋਜ਼ਾਨਾ ਨਵੀਆਂ ਚੁਣੌਤੀਆਂ ਪੈਦਾ ਹੋ ਰਹੀਆਂ ਹਨ, ਤਾਂ ਇਹ ਰਿਪੋਰਟ ਸਾਡੀ ਹੋਂਦ ਉਤੇ ਹੀ ਸਵਾਲੀਆ ਨਿਸ਼ਾਨ ਖੜ੍ਹਾ ਕਰ ਰਹੀ ਹੈ। ਮਨੁੱਖ ਆਪਣੇ ਸੁੱਖ-ਆਰਾਮ ਅਤੇ ਇਛਾਵਾਂ ਦੀ ਪੂਰਤੀ ਲਈ ਕੁਦਰਤ ਨਾਲ ਕਿਸ ਕਦਰ ਖਿਲਵਾੜ ਕਰ ਰਿਹਾ ਹੈ, ਇਸ ਦਾ ਅੰਦਾਜ਼ਾ ਲਗਾਉਣ ਲਈ ਵੀ ਕੋਈ ਤਿਆਰ ਨਹੀਂ ਹੈ। ਇਸ ਰਿਪੋਰਟ ‘ਚ ਸਾਹਮਣੇ ਆਇਆ ਹੈ ਕਿ ਮਨੁੱਖ ਕੁਦਰਤ ਨਾਲ ਜਿਸ ਤਰ੍ਹਾਂ ਵਿਵਹਾਰ ਕਰਦਾ ਹੈ, ਉਸ ਨਾਲ ਜੀਵ ਜੰਤੂਆਂ, ਪੰਛੀਆਂ, ਜੰਗਲੀ ਜਾਨਵਰਾਂ ਦੀਆਂ ਨਸਲਾਂ ਵੀ ਖ਼ਤਮ ਹੋ ਰਹੀਆਂ ਹਨ। ‘ਜ਼ੂਲੋਜੀਕਲ ਸੋਸਾਇਟੀ ਆਫ ਲੰਡਨ’ ਵਲੋਂ ਜਾਰੀ ਅੰਕੜਿਆਂ ਅਨੁਸਾਰ 1970 ਤੋਂ 2014 ਤੱਕ ਪਸ਼ੂਆਂ ਅਤੇ ਜੀਵ-ਜੰਤੂਆਂ ਦੀ ਆਬਾਦੀ 60 ਫੀਸਦੀ ਘਟ ਗਈ ਹੈ। ਪਿਛਲੇ ਚਾਰ ਸਾਲਾਂ ਤੋਂ ਇਸ ਦੇ ਮਾੜੇ ਨਤੀਜੇ ਵਧੇਰੇ ਦੇਖਣ ਨੂੰ ਮਿਲ ਰਹੇ ਹਨ। ਇਨਸਾਨ ਦੀਆਂ ਮੁਢਲੀਆਂ ਲੋੜਾਂ ਜਿਵੇਂ ਖਾਣ ਯੋਗ ਪਦਾਰਥ, ਸਾਫ ਪਾਣੀ ਅਤੇ ਊਰਜਾ ਕੁਦਰਤ ਦੀ ਦੇਣ ਹਨ। ‘ਲਿਵਿੰਗ ਪਲੈਨ’ ਰਿਪੋਰਟ ‘ਚ ਸਪੱਸ਼ਟ ਤੌਰ ‘ਤੇ ਸਾਹਮਣੇ ਆਇਆ ਹੈ ਕਿ ਮਨੁੱਖੀ ਗਤੀਵਿਧੀਆਂ ਕੁਦਰਤ ਨੂੰ ਨਾਕਾਰਾਤਮਕ ਦਰ ਨਾਲ ਬਰਬਾਦ ਕਰ ਰਹੀਆਂ ਹਨ, ਜਿਸ ਨਾਲ ਵਰਤਮਾਨ ਅਤੇ ਭਵਿੱਖ ਦੀਆਂ ਪੀੜ੍ਹੀਆਂ ਦੀ ਤੰਦਰੁਸਤੀ ਖਤਰੇ ‘ਚ ਪੈ ਰਹੀ ਹੈ। ਦੁਨੀਆ ਦੇ 59 ਵਿਗਿਆਨੀਆਂ ਨੇ ਇਸ ‘ਤੇ ਵਿਚਾਰ ਕੀਤੇ ਹਨ ਅਤੇ ਇਸ ਕਾਰਨ ਵਧ ਰਹੇ ਖਤਰੇ ਬਾਰੇ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੀਵ-ਜੰਤੂਆਂ ਕਾਰਨ ਇਨਸਾਨ ਨੂੰ ਸਾਫ ਹਵਾ, ਪਾਣੀ ਅਤੇ ਹੋਰ ਸਹੂਲਤਾਂ ਮਿਲਦੀਆਂ ਹਨ। ਕੁਦਰਤ ਵਲੋਂ ਮਿਲ ਰਹੇ ਖਾਧ ਪਦਾਰਥਾਂ ਅਤੇ ਸੰਸਾਧਨਾਂ ‘ਚ ਜੇਕਰ ਕਮੀ ਆ ਗਈ ਤਾਂ ਇਨਸਾਨ ਦੀ ਜ਼ਿੰਦਗੀ ਬਹੁਤ ਮੁਸ਼ਕਿਲ ਹੋ ਜਾਵੇਗੀ | ਬਹੁਤ ਸਾਰੀਆਂ ਪ੍ਰਜਾਤੀਆਂ ਖਤਮ ਹੋ ਰਹੀਆਂ ਹਨ, ਜੋ ਸੱਚ-ਮੁੱਚ ਚਿੰਤਾ ਦਾ ਵਿਸ਼ਾ ਹਨ। ਹਾਲਾਂਕਿ ਕੁਦਰਤੀ ਆਫਤਾਂ ਵੀ ਪਸ਼ੂਆਂ ਅਤੇ ਜੀਵ-ਜੰਤੂਆਂ ਲਈ ਵੱਡਾ ਖਤਰਾ ਹਨ। ਇਕ ਖੋਜ ਨਾਲ ਜੁੜੇ ਮਾਹਿਰ ਮਾਈਕ ਬੈਰੇਟ ਨੇ ਕਿਹਾ ਕਿ ਅਸੀਂ ਇਕ ਚਟਾਨ ਦੇ ਕਿਨਾਰੇ ‘ਤੇ ਸਾ ਰਹੇ ਹਾਂ। ਜਿਸ ਤੋਂ ਸਪੱਸ਼ਟ ਹੈ ਕਿ ਮਨੁੱਖ ਖਤਰਿਆਂ ਦੇ ਨੇੜੇ ਹੈ।