ਦਮਦਮੀ ਟਕਸਾਲ ਵੱਲੋਂ ਸ਼ਹੀਦੀ ਗੈਲਰੀ ਦੀ ਸੇਵਾ 6 ਜੁਲਾਈ ਤੋਂ

ਦਮਦਮੀ ਟਕਸਾਲ ਵੱਲੋਂ ਸ਼ਹੀਦੀ ਗੈਲਰੀ ਦੀ ਸੇਵਾ 6 ਜੁਲਾਈ ਤੋਂ

ਅੰਮ੍ਰਿਤਸਰ/ਬਿਊਰੋ ਨਿਊਜ਼ :
ਜੂਨ 1984 ਵਿਚ ਸਾਕਾ ਨੀਲਾ ਤਾਰਾ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਯਾਦਗਾਰ ਸ਼ਹੀਦਾਂ ਵਿਖੇ ਬਣਾਈ ਜਾਣ ਵਾਲੀ ਸ਼ਹੀਦੀ ਗੈਲਰੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿੰ੍ਰਗ ਕਮੇਟੀ ਵੱਲੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਦਮਦਮੀ ਟਕਸਾਲ ਵੱਲੋਂ ਇਸ ਦੀ ਕਾਰ ਸੇਵਾ 6 ਜੁਲਾਈ ਤੋਂ ਆਰੰਭ ਕੀਤੀ ਜਾ ਰਹੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਗੁਰਦੁਆਰਾ ਯਾਦਗਾਰ ਸ਼ਹੀਦਾਂ ਦੇ ਜ਼ਮੀਨਦੋਜ਼ ਹਾਲ ਵਿਚ ਉਸਾਰੀ ਜਾਣ ਵਾਲੀ ਇਸ ਸ਼ਹੀਦੀ ਗੈਲਰੀ ਸਬੰਧੀ ਤਿਆਰੀਆਂ ਜ਼ੋਰਾਂ ‘ਤੇ ਹਨ। ਟਕਸਾਲ ਵੱਲੋਂ ਇਸ ਗੈਲਰੀ ਵਿਚ ਜੂਨ ’84 ਦੇ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਤੇ ਹੋਰ ਸ਼ਹੀਦ ਸਿੰਘਾਂ, ਸਿੰਘਣੀਆਂ, ਜਿਨ੍ਹਾਂ ਦੀ ਦਲ ਖ਼ਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਅਨੁਸਾਰ ਗਿਣਤੀ 220 ਦੇ ਕਰੀਬ ਹੈ, ਦੀਆਂ ਤਸਵੀਰਾਂ ਲਗਾਈਆਂ ਜਾਣੀਆਂ ਹਨ। ਸ਼ਹੀਦਾਂ ਦੀਆਂ ਰਵਾਇਤੀ ਤਸਵੀਰਾਂ ਦੇ ਨਾਲ-ਨਾਲ ਟਕਸਾਲ ਵੱਲੋਂ ਆਧੁਨਿਕ ਤਕਨੀਕਾਂ ਵਾਲੀਆਂ ਡਿਜ਼ੀਟਲ ਤੇ ਟੱਚ ਸਕਰੀਨ ਵਾਲੀਆਂ ਐਲ.ਈ.ਡੀ.ਵੀ ਸਥਾਪਤ ਕੀਤੀਆਂ ਜਾਣੀਆਂ ਹਨ, ਜਿਨ੍ਹਾਂ ‘ਤੇ ਛੂਹਣ ਨਾਲ ਸ਼ਹੀਦਾਂ ਦੀਆਂ ਤਸਵੀਰਾਂ ਤੇ ਉਨ੍ਹਾਂ ਦੇ ਜੀਵਨ ਸਬੰਧੀ ਵੇਰਵੇ ਦਰਸਾਏ ਜਾਣੇ ਹਨ। ਪ੍ਰਾਪਤ ਵੇਰਵਿਆਂ ਅਨੁਸਾਰ 6 ਜੁਲਾਈ ਨੂੰ ਸਵੇਰੇ 9 ਵਜੇ ਸ਼ਹੀਦੀ ਗੈਲਰੀ ਦੀ ਕਾਰ ਸੇਵਾ ਰਸਮੀਂ ਤੌਰ ‘ਤੇ ਅਰੰਭ ਹੋਵੇਗੀ ਤੇ ਇਸ ਉਪਰੰਤ ਇਸ ਅਸਥਾਨ ‘ਤੇ ਜੂਨ ’84 ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਲੜੀਵਾਰ ਸ੍ਰੀ ਅਖੰਡ ਪਾਠ ਗੁਰਦੁਆਰਾ ਯਾਦਗਾਰ ਸ਼ਹੀਦਾਂ ਵਿਖੇ ਆਰੰਭ ਹੋਣਗੇ। ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਅਨੁਸਾਰ 6 ਜੁਲਾਈ ਨੂੰ ਹੀ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਦਮਦਮੀ ਟਕਸਾਲ ਦੇ 15ਵੇਂ ਮੁਖੀ ਸੰਤ ਬਾਬਾ ਠਾਕਰ ਸਿੰਘ ਖਾਲਸਾ ਦੀ ਤਸਵੀਰ ਵੀ ਲਗਾਈ ਜਾ ਰਹੀ ਹੈ। ਇਸ ਸਮਾਗਮ ਵਿਚ ਸਿੰਘ ਸਾਹਿਬਾਨ ਤੇ ਸੰਤ ਸਮਾਜ ਨਾਲ ਸਬੰਧਤ ਸੰਤਾਂ ਮਹਾਂਪੁਰਸ਼ਾਂ ਤੋਂ ਇਲਾਵਾ ਸ਼ੋਮ੍ਰਣੀ ਕਮੇਟੀ ਦੇ ਪ੍ਰਧਾਨ ਤੇ ਉੱਚ ਅਧਿਕਾਰੀ ਵੀ ਸ਼ਿਰਕਤ ਕਰ ਰਹੇ ਹਨ, ਜਿਨ੍ਹਾਂ ਨੂੰ ਟਕਸਾਲ ਵੱਲੋਂ ਸੱਦਾ ਪੱਤਰ ਭੇਜੇ ਜਾ ਰਹੇ ਹਨ।