ਬੰਗਲਾਦੇਸ਼ ਦੇ ਜਹਾਜ਼ ਨੂੰ ਹਾਦਸੇ ‘ਚ 50 ਮੌਤਾਂ
ਕਾਠਮੰਡੂ/ਬਿਊਰੋ ਨਿਊਜ਼:
ਨੇਪਾਲ ਦੇ ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ ‘ਤੇ ਅਮਰੀਕੀ-ਬੰਗਲਾ ਏਅਰਲਾਈਨਜ਼ ਦਾ ਜਹਾਜ਼ ਹਾਦਸਾਗ੍ਰਸਤ ਹੋਣ ਅਤੇ ਅੱਗ ਲੱਗਣ ਕਰਕੇ 50 ਵਿਅਕਤੀ ਹਲਾਕ ਹੋ ਗਏ। ਬੰਬਾਰਡੀਅਰ ਡੈਸ਼ 8 ਕਿਊ400 ‘ਚ 67 ਮੁਸਾਫ਼ਰ ਅਤੇ ਅਮਲੇ ਦੇ 4 ਮੈਂਬਰ ਸਵਾਰ ਸਨ। ਜਹਾਜ਼ ਦਾ ਰਨਵੇਅ ‘ਤੇ ਉਤਰਨ ਸਮੇਂ ਸੰਤੁਲਨ ਵਿਗੜ ਗਿਆ ਅਤੇ ਇਹ ਹਵਾਈ ਅੱਡੇ ਨੇੜੇ ਫੁੱਟਬਾਲ ਮੈਦਾਨ ‘ਚ ਜਾ ਕੇ ਕਰੈਸ਼ ਹੋ ਗਿਆ ਅਤੇ ਅੱਗ ਲੱਗ ਗਈ। ਹਵਾਈ ਅੱਡੇ ਦੇ ਜਨਰਲ ਮੈਨੇਜਰ ਰਾਜ ਕੁਮਾਰ ਛੇਤਰੀ ਨੇ ਦੱਸਿਆ ਕਿ 50 ਵਿਅਕਤੀਆਂ ਦੇ ਮਰਨ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ 20 ਜ਼ਖ਼ਮੀਆਂ ਨੂੰ ਕਾਠਮੰਡੂ ਦੇ ਮੈਡੀਕਲ ਕਾਲਜ ‘ਚ ਦਾਖ਼ਲ ਕਰਵਾਇਆ ਗਿਆ ਜਿਸ ‘ਚੋਂ ਸੱਤ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਡਾਣ ਯੂਬੀਜੀ 211 ਢਾਕਾ (ਬੰਗਲਾਦੇਸ਼) ਤੋਂ ਕਾਠਮੰਡੂ ਆ ਰਹੀ ਸੀ। ਫੁੱਟਬਾਲ ਮੈਦਾਨ ‘ਚੋਂ ਕਾਲੇ ਧੂੰਏਂ ਦੇ ਉਠਦੇ ਗੁਬਾਰ ਨੂੰ ਦੇਖਿਆ ਜਾ ਸਕਦਾ ਸੀ। ਅਧਿਕਾਰੀਆਂ ਨੇ ਕਿਹਾ ਕਿ ਹਾਦਸਾ ਤਕਨੀਕੀ ਗੜਬੜੀ ਕਰਕੇ ਹੋਇਆ ਜਾਪਦਾ ਹੈ। ਨੇਪਾਲ ਦੇ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਦੇ ਡਾਇਰੈਕਟਰ ਜਨਰਲ ਸੰਜੀਵ ਗੌਤਮ ਨੇ ਦੱਸਿਆ ਕਿ ਜਹਾਜ਼ ਨੇ ਰਨਵੇਅ ਦੇ ਦੱਖਣੀ ਪਾਸੇ ਵੱਲੋਂ ਉਤਰਨਾ ਸੀ ਪਰ ਇਹ ਉੱਤਰੀ ਪਾਸੇ ਵੱਲੋਂ ਦੀ ਆਇਆ। ਉਨ੍ਹਾਂ ਕਿਹਾ ਕਿ ਰਨਵੇਅ ‘ਤੇ ਉਤਰਨ ਦੀ ਕੋਸ਼ਿਸ਼ ਦੌਰਾਨ ਜਹਾਜ਼ ਬੇਕਾਬੂ ਹੋ ਗਿਆ ਸੀ। ਰਾਸਵਿਤਾ ਇੰਟਰਨੈਸ਼ਨਲ ਟਰੈਵਲਜ਼ ਐਂਡ ਟੂਰਿਜ਼ਮ ਦੇ ਮੁਲਾਜ਼ਮ ਬਸੰਤ ਨੇ ਕਿਹਾ ਕਿ ਢਾਕਾ ਤੋਂ ਜਹਾਜ਼ ਬਿਲਕੁਲ ਠੀਕ-ਠਾਕ ਉਡਿਆ ਸੀ ਪਰ ਕਾਠਮੰਡੂ ‘ਚ ਉਤਰਨ ਸਮੇਂ ਇਹ ਡਗਮਗਾਉਣ ਲੱਗ ਪਿਆ। ਉਸ ਨੇ ਦੱਸਿਆ ਕਿ ਜਹਾਜ਼ ‘ਚ ਵੱਖ ਵੱਖ ਟਰੈਵਲ ਏਜੰਸੀਆਂ ਦੇ 16 ਨੇਪਾਲੀ ਸਵਾਰ ਸਨ ਜੋ ਸਿਖਲਾਈ ਲੈਣ ਲਈ ਬੰਗਲਾਦੇਸ਼ ਗਏ ਸਨ। ਉਸ ਨੇ ਕਿਹਾ ਕਿ ਉਹ ਤਾਕੀ ਦੇ ਕੋਲ ਬੈਠਾ ਹੋਇਆ ਸੀ ਅਤੇ ਉਸ ਨੂੰ ਤੋੜ ਕੇ ਉਹ ਨਿਕਲਣ ‘ਚ ਕਾਮਯਾਬ ਰਿਹਾ। ਉਸ ਦੀਆਂ ਲੱਤਾਂ ਅਤੇ ਸਿਰ ‘ਚ ਸੱਟਾਂ ਲੱਗੀਆਂ ਹਨ।
Comments (0)