ਪੰਜਾਬ ਪੁਲੀਸ ਵਲੋਂ 4 ਸਿੱਖਾਂ ਨੂੰ ਹਥਿਆਰਾਂ ਸਣੇ ਗ੍ਰਿਫ਼ਤਾਰ ਕਰਨ ਦਾ ਦਾਅਵਾ

ਪੰਜਾਬ ਪੁਲੀਸ ਵਲੋਂ 4 ਸਿੱਖਾਂ ਨੂੰ ਹਥਿਆਰਾਂ ਸਣੇ ਗ੍ਰਿਫ਼ਤਾਰ ਕਰਨ ਦਾ ਦਾਅਵਾ

ਟਾਈਟਲਰ ਤੇ ਸੱਜਣ ਨੂੰ ਮਾਰਨ ਦੀ ਯੋਜਨਾ ਘੜਨ ਦਾ ਦਾਅਵਾ
ਚੰਡੀਗੜ੍ਹ/ਸਿੱਖ ਸਿਆਸਤ ਬਿਊਰੋ :
ਮੀਡੀਆ ਵਿਚ ਆਈਆਂ ਖ਼ਬਰਾਂ ਮੁਤਾਬਕ ਪੰਜਾਬ ਪੁਲੀਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ 4 ਖ਼ਾਲਿਸਤਾਨੀ ਖਾੜਕੂਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਮਾਰਨਾ ਚਾਹੁੰਦੇ ਸਨ।
ਪੰਜਾਬ ਪੁਲੀਸ ਨੇ ਇਕ ਸਿੱਖ ਬੀਬੀ ਸਣੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਮੀਡੀਆ ਦੀਆਂ ਖ਼ਬਰਾਂ ਮੁਤਾਬਕ 26 ਮਈ ਨੂੰ ਬਠਿੰਡਾ ਜ਼ਿਲ੍ਹੇ ਵਿਚ ਵੀ 5 ਸਿੱਖਾਂ ਨੂੰ ਇਸੇ ਸਬੰਧ ਵਿਚ ਗ੍ਰਿਫਤਾਰ ਕੀਤਾ ਗਿਆ ਸੀ।
ਪੁਲੀਸ ਮੁਤਾਬਕ ਇਹ ਨੌਜਵਾਨ ਪਾਕਿਸਤਾਨ ਅਤੇ ਯੂਰਪ ਵਿਚ ਬੈਠੇ ਕੁਝ ਪੁਰਾਣੇ ਸਰਗਰਮ ਖਾਲਿਸਤਾਨੀਆਂ ਨਾਲ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ‘ਤੇ ਸੰਪਰਕ ਵਿਚ ਸਨ। ਮੀਡੀਆ ਦੀਆਂ ਖ਼ਬਰਾਂ ਮੁਤਾਬਕ ਮੁਹਾਲੀ ਪੁਲੀਸ ਨੇ ਇਨ੍ਹਾਂ ਨੂੰ 29 ਅਤੇ 30 ਮਈ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਚਾਰਾਂ ‘ਤੇ ਗ਼ੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ, ਅਸਲਾ ਐਕਟ ਅਤੇ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ। ਇਨ੍ਹਾਂ ਚਾਰਾਂ ਨੂੰ ਅਦਾਲਤ ਵਿਚ ਪੇਸ਼ ਕਰਕੇ 7 ਦਿਨਾਂ ਦਾ ਪੁਲੀਸ ਰਿਮਾਂਡ ਵੀ ਲਿਆ ਗਿਆ ਹੈ। ਮੀਡੀਆ ਨੇ ਪੁਲੀਸ ਅਧਿਕਾਰੀਆਂ ਦੇ ਹਵਾਲੇ ਨਾਲ ਇਨ੍ਹਾਂ ਦੀ ਸ਼ਨਾਖਤ ਹਰਬਰਿੰਦਰ ਸਿੰਘ ਪੁੱਤਰ ਭਲਵਾਨ ਸਿੰਘ, ਵਾਸੀ 154 ਪ੍ਰਤਾਪ ਨਗਰ, ਜੀ.ਟੀ. ਰੋਡ, ਅੰਮ੍ਰਿਤਸਰ (ਹਾਲ ਵਾਸੀ ਸੈਕਟਰ 44, ਚੰਡੀਗੜ੍ਹ), ਅੰਮ੍ਰਿਤਪਾਲ ਕੌਰ ਉਰਫ ਅੰਮ੍ਰਿਤ ਪਤਨੀ ਕੁਲਵਿੰਦਰ ਸਿੰਘ, ਵਾਸੀ ਅਕਾਲ ਨਗਰ, ਸਲੇਮ ਟਾਬਰੀ, ਲੁਧਿਆਣਾ, ਜਰਨੈਲ ਸਿੰਘ ਪੁੱਤਰ ਬਚਨ ਸਿੰਘ ਵਾਸੀ ਮੁਹੱਲਾ ਸ਼ਿਵ ਮੰਦਰ, ਕਲਾਨੌਰ, ਜ਼ਿਲ੍ਹਾ ਗੁਰਦਾਸਪੁਰ ਅਤੇ (4) ਰਣਦੀਪ ਸਿੰਘ ਪੁੱਤਰ ਤੀਰਥ ਸਿੰਘ ਵਾਸੀ ਜਿੰਦੜ, ਜ਼ਿਲ੍ਹਾ ਗੁਰਦਾਸਪੁਰ ਵਜੋਂ ਕੀਤੀ ਹੈ।
ਪੁਲੀਸ ਮੁਤਾਬਕ ਹਰਬਰਿੰਦਰ ਸਿੰਘ ਅਤੇ ਅੰਮ੍ਰਿਤਪਾਲ ਨੂੰ ਮੁਹਾਲੀ ਬੱਸ ਸਟੈਂਡ ਤੋਂ 29 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਜਦਕਿ ਜਰਨੈਲ ਸਿੰਘ ਅਤੇ ਰਣਦੀਪ ਨੂੰ 30 ਮਈ ਨੂੰ ਗੁਰਦਾਸਪੁਰ ਅਤੇ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ।
ਮੀਡੀਆ ਦੀਆਂ ਖ਼ਬਰਾਂ ਮੁਤਾਬਕ ਪਹਿਲਾਂ ਗ੍ਰਿਫਤਾਰ ਕੀਤੇ ਸਿੱਖਾਂ ਦੀ ਸ਼ਨਾਖਤ ਤਰਸੇਮ ਸਿੰਘ ਖ਼ਾਲਿਸਤਾਨੀ ਉਰਫ ਦਰਸ਼ਨ ਸਿੰਘ ਖ਼ਾਲਸਾ ਵਾਸੀ ਕੋਟਰਾ ਕੋਰਮਾ, ਰਾਮਪੁਰਾ ਫੂਲ, ਜ਼ਿਲ੍ਹਾ ਬਠਿੰਡਾ; ਮੋਹਕਮ ਸਿੰਘ ਬੱਬਰ ਵਾਸੀ ਹਮੀਦੀ, ਬਰਨਾਲਾ; ਜਸਵੰਤ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਰਾਮਨਵਾਸ, ਬਠਿੰਡਾ; ਅਤੇ ਜਸਬੀਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ, ਰਾਮਨਵਾਸ, ਬਠਿੰਡਾ ਵਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਕੋਲੋਂ .32 ਬੋਰ ਦੇ ਦੋ ਪਿਸਤੌਲ, ਚਾਰ ਮੈਗਜ਼ੀਨ ਅਤੇ ਪੰਜ ਰੌਂਦ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।