ਆਤਮਘਾਤੀ ਬੰਬ ਧਮਾਕਿਆਂ ਨੇ ਬਗ਼ਦਾਦ ‘ਚ ਲਈ 38 ਲੋਕਾਂ ਦੀ ਜਾਨ, 105 ਜਖ਼ਮੀ

ਆਤਮਘਾਤੀ ਬੰਬ ਧਮਾਕਿਆਂ ਨੇ ਬਗ਼ਦਾਦ ‘ਚ ਲਈ 38 ਲੋਕਾਂ ਦੀ ਜਾਨ, 105 ਜਖ਼ਮੀ

ਬਗਦਾਦ/ਬਿਊਰੋ ਨਿਊਜ਼
ਕੇਂਦਰੀ ਬਗਦਾਦ ਦੇ ਭੀੜ ਭੜੱਕੇ ਵਾਲੀ ਸਟਰੀਟ ਮਾਰਕੀਟ ਵਿੱਚ ਹੋਏ ਦੋ ਆਤਮਘਾਤੀ ਬੰਬ ਧਮਾਕਿਆਂ ਵਿੱਚ 38 ਵਿਅਕਤੀਆਂ ਦੀ ਮੌਤ ਹੋ ਗਈ ਅਤੇ 105 ਜ਼ਖ਼ਮੀ ਹੋ ਗਏ।
ਇਰਾਕ ਦੇ ਸਿਹਤ ਅਤੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਸ਼ਹਿਰ ਦੇ ਤਾਇਰਨ ਸਕੁਏਅਰ ਵਿੱਚ ਦਾਖਲ ਹੋਏ ਤੇ ਆਪਣੇ ਆਪ ਨੂੰ ਉਡਾ ਲਿਆ। ਇਥੇ ਮਜ਼ਦੂਰਾਂ ਦੀ ਭਾਰੀ ਭੀੜ ਰਹਿੰਦੀ ਹੈ। ਇਕ ਅਧਿਕਾਰੀ ਨੇ ਆਪਣੀ ਪਛਾਣ ਜ਼ਾਹਰ ਨਾ ਕਰਨ ਦੀ ਸ਼ਰਤ ‘ਤੇ ਦੱਸਿਆ ਕਿ ਇਨ੍ਹਾਂ ਧਮਾਕਿਆਂ ਵਿੱਚ 105 ਵਿਅਕਤੀ ਜ਼ਖ਼ਮੀ ਹੋਏ ਹਨ। ਇਸ ਤੋਂ ਪਹਿਲਾਂ ਖ਼ਬਰਾਂ ਸਨ ਕਿ ਇਨ੍ਹਾਂ ਧਮਾਕਿਆਂ ਵਿੱਚ 26 ਅਤੇ 11 ਵਿਅਕਤੀ ਮਾਰੇ ਗਏ ਹਨ ਅਤੇ ਦਰਜਨਾਂ ਜ਼ਖ਼ਮੀ ਹੋਏ ਹਨ। ਇਸ ਦਾ ਪਤਾ ਚੱਲਦੇ ਹੀ ਐਂਬੂਲੈਂਸਾਂ ਤੁਰਤ ਘਟਨਾ ਸਥਾਨ ਵੱਲ ਰਵਾਨਾ ਹੋਈਆਂ ਅਤੇ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਸੀਲ ਕਰ ਦਿੱਤਾ। ਖੂਨ ਨਾਲ ਭਿੱਜੀਆਂ ਚੱਪਲਾਂ ਚਾਰੇ ਪਾਸੇ ਖਿਲਰੀਆਂ ਪਈਆਂ ਸਨ ਅਤੇ ਕਲੀਨਰ ਮਲਬੇ ਨੂੰ ਸਾਫ਼ ਕਰ ਰਹੇ ਸੀ।
ਫੋਟੋਗ੍ਰਾਫਰਾਂ ਵੱਲੋਂ ਸੋਸ਼ਲ ਮੀਡੀਆ ‘ਤੇ ਪਾਈਆਂ ਫੋਟੋਆਂ ਵਿੱਚ ਬੇਜਾਨ ਸਰੀਰ ਅਤੇ ਸਰੀਰਕ ਅੰਗੇ ਖਿਲਰੇ ਦੇਖੇ ਜਾ ਸਕਦੇ ਸਨ।  ਕਿਸੇ ਜਥੇਬੰਦੀ ਨੇ ਹਮਲੇ ਦੀ ਜੰਮੇਵਾਰੀ ਨਹੀਂ ਲਈ ਹੈ। ਪਰ ਇਸਲਾਮਿਕ ਸਟੇਟ ‘ਤੇ ਇਸ ਦਾ ਸ਼ੱਕ ਹੈ। ਇਰਾਕੀ ਰਾਜਧਾਨੀ ਵਿੱਚ ਹੋਏ ਇਨ੍ਹਾਂ ਧਮਾਕਿਆਂ ਕਾਰਨ ਲੋਕ ਸਦਮੇ ਵਿੱਚ ਹਨ। ਚੇਤੇ ਰਹੇ ਕਿ ਇਰਾਕੀ ਅਤੇ ਅਮਰੀਕੀ ਅਧਿਕਾਰੀਆਂ ਨੇ ਇਸਲਾਮਿਕ ਸਟੇਟ ਵੱਲੋਂ ਅਜਿਹੇ ਹਮਲੇ ਜਾਰੀ ਰੱਖਣ ਦੀ ਚੇਤਾਵਨੀ ਦਿੱਤੀ ਸੀ।