ਅੰਮ੍ਰਿਤਸਰ ਤੋਂ ਨਾਂਦੇੜ ਲਈ ਹਵਾਈ ਉਡਾਣ 23 ਦਸੰਬਰ ਤੋਂ

ਅੰਮ੍ਰਿਤਸਰ ਤੋਂ ਨਾਂਦੇੜ ਲਈ ਹਵਾਈ ਉਡਾਣ 23 ਦਸੰਬਰ ਤੋਂ

ਅੰਮ੍ਰਿਤਸਰ/ਬਿਊਰੋ ਨਿਊਜ਼:
ਹਵਾਈ ਕੰਪਨੀ ਏਅਰ ਇੰਡੀਆ ਵੱਲੋਂ 23 ਦਸੰਬਰ ਤੋਂ ਹਫ਼ਤੇ ਵਿੱਚ ਦੋ ਦਿਨ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਮੁੰਬਈ, ਅੰਮ੍ਰਿਤਸਰ ਤੇ ਨਾਂਦੇੜ ਵਿਚਾਲੇ ਹਵਾਈ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਉਡਾਣ ਦੀ ਸ਼ੁਰੂਆਤ ਨਾਲ ਸਿੱਖ ਭਾਈਚਾਰੇ ਦੀ ਅਕਾਲ ਤਖ਼ਤ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਲ ਹਵਾਈ ਮਾਰਗ ਨਾਲ ਜੋੜਨ ਦੀ ਮੰਗ ਪੂਰੀ ਹੋ ਜਾਵੇਗੀ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਲੰਮੀ ਜੱਦੋ-ਜਹਿਦ ਤੋਂ ਬਾਅਦ ਗੁਰੂ ਰਾਮਦਾਸ ਹਵਾਈ ਅੱਡੇ ਤੋਂ ਨਾਂਦੇੜ ਸਾਹਿਬ ਲਈ ਇਹ ਉਡਾਣ ਸ਼ੁਰੂ ਹੋ ਰਹੀ ਹੈ। ਇਸ ਨਾਲ ਦੋਵਾਂ ਤਖ਼ਤਾਂ ਵਿਚਾਲੇ ਜਿੱਥੇ ਹਵਾਈ ਸੰਪਰਕ ਕਾਇਮ ਹੋਵੇਗਾ, ਉਥੇ ਸੈਰ-ਸਪਾਟੇ ਨੂੰ ਵੀ ਹੁਲਾਰਾ ਮਿਲੇਗਾ। ਪਹਿਲਾਂ ਹਵਾਈ ਕੰਪਨੀ ਵੱਲੋਂ ਇਸ ਉਡਾਣ ਸਬੰਧੀ ਸਰਵੇਖਣ ਕੀਤਾ ਗਿਆ ਸੀ ਤੇ ਹੁਣ ਇਹ ਉਡਾਣ 23 ਦਸੰਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਏਅਰ ਇੰਡੀਆ ਵੱਲੋਂ ਇਹ ਉਡਾਣ ਸਵੇਰੇ 7:15 ਵਜੇ ਮੁੰਬਈ ਤੋਂ ਰਵਾਨਾ ਹੋਵੇਗੀ ਅਤੇ 10:05 ਵਜੇ ਅੰਮ੍ਰਿਤਸਰ ਪੁੱਜੇਗੀ, ਜੋ 10:55 ਵਜੇ ਨਾਂਦੇੜ ਲਈ ਰਵਾਨਾ ਹੋਵੇਗੀ ਤੇ 1:10 ਵਜੇ ਉਥੇ ਪੁੱਜੇਗੀ। ਇਹ ਉਡਾਣ ਨਾਂਦੇੜ ਤੋਂ 1:50 ਰਵਾਨਾ ਹੋਵੇਗੀ ਅਤੇ 4:30 ਅੰਮ੍ਰਿਤਸਰ ਪੁੱਜੇਗੀ, ਜਿੱਥੋਂ 6 ਵਜੇ ਮੁੜ ਮੁੰਬਈ ਲਈ ਰਵਾਨਾ ਹੋਵੇਗੀ। ਇਹ ਉਡਾਣ ਫਿਲਹਾਲ ਸ਼ਨਿੱਚਰਵਾਰ ਤੇ ਐਤਵਾਰ ਹੀ ਹੋਵੇਗੀ।