ਜਲੰਧਰ ਪੁਲੀਸ ਟਰੈਵਲ ਏਜੰਟਾਂ ਪਿੱਛੇ ਪਈ, ਇਕੋ ਦਿਨ 20 ਗ੍ਰਿਫ਼ਤਾਰ

ਜਲੰਧਰ ਪੁਲੀਸ ਟਰੈਵਲ ਏਜੰਟਾਂ ਪਿੱਛੇ ਪਈ, ਇਕੋ ਦਿਨ 20 ਗ੍ਰਿਫ਼ਤਾਰ

ਜਲੰਧਰ/ਬਿਊਰੋ ਨਿਊਜ਼ :

ਟਰੈਵਲ ਏਜੰਟਾਂ ‘ਤੇ ਸ਼ਿਕੰਜਾ ਕੱਸਣ ਲਈ ਸਿਵਲ ਤੇ ਪੁਲੀਸ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ‘ਤੇ ਪੰਜ ਟੀਮਾਂ ਬਣਾ ਕੇ ਕੀਤੀ ਕਾਰਵਾਈ ਦੌਰਾਨ 20 ਟਰੈਵਲ ਏਜੰਟਾਂ ਵਿਰੁੱਧ ਧਾਰਾ 406, 420, 120 ਬੀ ਅਤੇ ਪੀ.ਟੀ.ਪੀ.ਆਰ. ਐਕਟ 2014/12 ਅਤੇ ਪਾਸਪੋਰਟ ਐਕਟ ਤਹਿਤ ਐਫਆਈਆਰ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂਕਿ 40 ਤੋਂ ਵੱਧ ਟਰੈਵਲ ਏਜੰਟਾਂ ਦੇ ਦਫ਼ਤਰਾਂ ਦੀ ਬਰੀਕੀ ਨਾਲ ਪੁਣਛਾਣ ਕੀਤੀ ਗਈ।
ਪੁਲੀਸ ਕੋਲ 100 ਤੋਂ ਵੱਧ ਟਰੈਵਲ ਏਜੰਟਾਂ ਦੀ ਸੂਚੀ ਦੱਸੀ ਜਾ ਰਹੀ ਹੈ, ਜਿਨ੍ਹਾਂ ਬਾਰੇ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਹੋਈਆਂ ਸਨ। ਪੁਲੀਸ ਨੇ ਬੱਸ ਅੱਡੇ ਦੇ ਆਲੇ-ਦੁਆਲੇ ਵਾਲੇ ਟਰੈਵਲ ਏਜੰਟਾਂ ਵਿਰੁੱਧ ਜਦੋਂ ਕਾਰਵਾਈ ਕੀਤੀ ਤਾਂ ਉਥੇ ਭਾਜੜਾਂ ਪੈ ਗਈਆਂ। ਕਈ ਟਰੈਵਲ ਏਜੰਟਾਂ ਨੂੰ ਛਾਪਾ ਪੈਣ ਦੀ ਸੂਹ ਮਿਲਣ ਕਾਰਨ ਉਹ ਆਪਣੇ ਦਫ਼ਤਰਾਂ ਨੂੰ ਜਿੰਦੇ ਲਾ ਕੇ ਫ਼ਰਾਰ ਹੋ ਗਏ। ਪੁਲੀਸ ਤੇ ਸਿਵਲ ਪ੍ਰਸ਼ਾਸਨ ਨੇ ਜਿਹੜੇ ਟਰੈਵਲ ਏਜੰਟਾਂ ਵਿਰੁੱਧ ਸ਼ਿਕੰਜਾ ਕੱਸਿਆ ਹੈ, ਉਨ੍ਹਾਂ ਵਿੱਚ ਜ਼ਿਆਦਾ ਸਟੱਡੀ ਵੀਜ਼ਾ, ਆਈਲੈਟਸ, ਇਮੀਗ੍ਰੇਸ਼ਨ ਦੀਆਂ ਸਲਾਹਾਂ ਦੇਣ ਵਾਲੇ ਸ਼ਾਮਲ ਸਨ।
ਪੁਲੀਸ ਦਾ ਕਹਿਣਾ ਹੈ ਕਿ ਇਨ੍ਹਾਂ ਦਫ਼ਤਰਾਂ ਦੇ ਮਾਲਕ ਦੂਜੇ ਸੂਬਿਆਂ ਦੇ ਸਨ ਤੇ ਉਨ੍ਹਾਂ ਨੇ ਕੰਮ ਕਰਨ ਲਈ ਇੱਥੋਂ ਦੇ ਬੰਦਿਆਂ ਨੂੰ ਭਰਤੀ ਕੀਤਾ ਸੀ ਤੇ ਆਪ ਕਦੇ ਕਦਾਈਂ ਹੀ ਆਉਂਦੇ ਸਨ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲੀਸ ਕਮਿਸ਼ਨਰ ਪਰਵੀਨ ਕੁਮਾਰ ਸਿਨਹਾ ਨੇ ਦੱਸਿਆ ਕਿ ਜਿਹੜੀਆਂ ਪੰਜ ਟੀਮਾਂ ਬਣਾਈਆਂ ਗਈਆਂ ਸਨ, ਉਨ੍ਹਾਂ ਵਿੱਚ ਐਸਡੀਐਮ.ਜਲੰਧਰ-1 ਰਾਜੀਵ  ਵਰਮਾ ਤੇ ਸਹਾਇਕ ਕਮਿਸ਼ਨਰ ਪੁਲੀਸ ਸਮੀਰ ਵਰਮਾ, ਐਸਡੀਐਮ.-2 ਪਰਮਵੀਰ ਸਿੰਘ ਅਤੇ ਸਹਾਇਕ ਕਮਿਸ਼ਨਰ ਆਫ ਪੁਲੀਸ ਮਨਪ੍ਰੀਤ ਸਿੰਘ, ਕਾਰਜਕਾਰੀ ਮੈਜਿਸਟਰੇਟ ਡਾ. ਜੈਇੰਦਰ ਸਿੰਘ ਅਤੇ ਏ.ਸੀ.ਪੀ.ਸਤਿੰਦਰ ਚੱਢਾ, ਸਹਾਇਕ ਕਮਿਸ਼ਨਰ ਡਾ.ਬਲਜਿੰਦਰ ਢਿੱਲੋਂ ਤੇ ਏਸੀਪੀ.ਦੀਪਿਕਾ ਸਿੰਘ ਅਤੇ ਸਹਾਇਕ ਕਮਿਸ਼ਨਰ ਪੁਲੀਸ ਬਲਵਿੰਦਰ ਸਿੰਘ ਸ਼ਾਮਲ ਹਨ।
ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਜਿਨ੍ਹਾਂ ਟਰੈਵਲ ਏਜੰਟਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਉਨ੍ਹਾਂ ਵਿੱਚ ਸੁਰਜੀਤ ਸਿੰਘ, ਬਲਰਾਜ ਸਿੰਘ, ਬਲਵਿੰਦਰ ਸਿੰਘ, ਮੀਨੂੰ, ਜਤਿੰਦਰ ਕੁਮਾਰ, ਰਾਜਾ ਠਾਕੁਰ, ਵਿਜੇ ਕੁਮਾਰ, ਸੰਦੀਪ ਸਿੰਘ, ਸੋਮ ਨਾਥ, ਮਨੀਸ਼ ਕੁਮਾਰ, ਪਰਮਜੀਤ ਲਾਲ, ਤਰੁਣ, ਰਵੀ ਪਾਲ, ਨਰੇਸ਼ ਕੁਮਾਰ ਸ਼ਰਮਾ, ਪ੍ਰਦੀਪ ਪੁਰੀ, ਸੰਜੇ ਸ਼ਰਮਾ, ਲਵਜੀਤ ਸਿੰਘ, ਰਮਨਦੀਪ ਸਿੰਘ, ਵਰਿੰਦਰ ਕੁਮਾਰ ਤੇ ਗੁਰਲੀਨ ਬਹਿਲ ਸ਼ਾਮਲ ਹਨ।