ਨਵੰਬਰ 1984 ਸਿੱਖ ਕਤਲੇਆਮ : ਸੱਜਣ ਕੁਮਾਰ ਦਾ ‘ਲਾਈ ਟੈਸਟ’ ਹੋਇਆ

ਨਵੰਬਰ 1984 ਸਿੱਖ ਕਤਲੇਆਮ : ਸੱਜਣ ਕੁਮਾਰ ਦਾ ‘ਲਾਈ ਟੈਸਟ’ ਹੋਇਆ

ਨਵੀਂ ਦਿੱਲੀ/ਬਿਊਰੋ ਨਿਊਜ਼ :

ਨਵੰਬਰ 1984 ਦੇ ਸਿੱਖ ਕਤਲੇਆਮ ਦੇ ਕੇਸ ਵਿਚ ਨਾਮਜ਼ਦ ਸੱਜਣ ਕੁਮਾਰ ਦਾ ਦਿੱਲੀ ਦੀ ਲੋਧੀ ਰੋਡ ਦੀ ਕੇਂਦਰੀ ਫੌਰੈਂਸਿਕ ਸਾਇੰਸ ਲੈੱਬ ਵਿੱਚ ‘ਲਾਈ ਟੈਸਟ’ (ਝੂਠ ਫੜਨ ਵਾਲੀ ਮਸ਼ੀਨ ਰਾਹੀਂ ਜਾਂਚ) ਕਰਵਾਇਆ ਗਿਆ। ਇਹ ਟੈਸਟ ਦਿੱਲੀ ਹਾਈ ਕੋਰਟ ਦੇ ਹੁਕਮਾਂ ਮਗਰੋਂ ਕਰਵਾਇਆ ਗਿਆ।
ਇਸ ਤੋਂ ਪਹਿਲਾਂ ਅਦਾਲਤ ਨੇ ਮੁਲਜ਼ਮ ਨੂੰ ਸਵੈਇੱਛਾ ਨਾਲ ‘ਪੌਲੀਗ੍ਰਾਫ਼ ਟੈਸਟ’ ਦੇਣ ਬਾਰੇ ਦਿੱਤੀ ਸਹਿਮਤੀ ਨੂੰ ਵਿਚਾਰਿਆ ਜਿਸ ਵਿੱਚ ਸੱਜਣ ਕੁਮਾਰ ਨੇ ਝੂਠ ਫੜਨ ਵਾਲੀ ਮਸ਼ੀਨ ਰਾਹੀਂ ਜਾਂਚ ਕਰਵਾਉਣ ਦੀ ਸਹਿਮਤੀ ਦਿੱਤੀ ਸੀ। ਸੱਜਣ ਕੁਮਾਰ ਨੂੰ ਪਹਿਲਾਂ ਹੀ ਅਗਾਉੂਂ ਜ਼ਮਾਨਤ ਮਿਲੀ ਹੋਈ ਹੈ। ਵਿਸ਼ੇਸ਼ ਜਾਂਚ ਟੀਮ ਦੀ ਮੰਗ ‘ਤੇ ਇਹ ਟੈਸਟ ਕੀਤਾ ਗਿਆ ਜੋ ਕਰੀਬ ਢਾਈ ਘੰਟੇ ਚੱਲਿਆ। ਸੱਜਣ ਕੁਮਾਰ ਦੇ ਵਕੀਲ ਮੁਤਾਬਕ ਤਕਨੀਕੀ ਸਵਾਲ ਪੁੱਛੇ ਗਏ ਜੋ ਘਟਨਾਕ੍ਰਮ ਨਾਲ ਸਬੰਧਤ ਸਨ।

ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਵਕੀਲ ਜੇ.ਐਸ. ਜੌਲੀ ਨੇ ਮੰਗ ਕੀਤੀ ਕਿ ਨਵੰਬਰ 1984 ਦੇ ਹੋਰ ਕਤਲਾਂ ਦੇ ਮਾਮਲਿਆਂ ਵਿੱਚ ਵੀ ਸੱਜਣ ਕੁਮਾਰ ਦਾ ਨਾਰਕੋ ਟੈਸਟ ਕੀਤਾ ਜਾਣਾ ਚਾਹੀਦਾ ਹੈ। ਸੂਤਰਾਂ ਮੁਤਾਬਕ ਜਾਂਚ ਦੇ ਵੇਰਵੇ 12-15 ਦਿਨਾਂ ਮਗਰੋਂ ਮਿਲਣ ਦੀ ਉਮੀਦ ਹੈ।

ਸੀਬੀਆਈ ਵੱਲੋਂ ਕਾਂਗਰਸ ਦੇ ਇਕ ਹੋਰ ਨੇਤਾ ਜਗਦੀਸ਼ ਟਾਈਟਲਰ ਤੇ ਹਥਿਆਰਾਂ ਦੇ ਵਪਾਰੀ ਅਭਿਸ਼ੇਕ ਵਰਮਾ ਦਾ ਵੀ ‘ਲਾਈ ਟੈਸਟ’ ਕਰਨ ਦੀ ਮੰਗ ਕੀਤੀ ਸੀ ਪਰ ਟਾਈਟਲਰ ਨੇ ਅਜਿਹਾ ਟੈਸਟ ਦੇਣ ਤੋਂ ਮਨ੍ਹਾਂ ਕੀਤਾ ਹੈ ਜਦਕਿ ਵਰਮਾ ਇਸ ਜਾਂਚ ਵਿੱਚੋਂ ਲੰਘਣ ਲਈ ਤਿਆਰ ਹੈ।

ਇਸ ਤੋਂ ਪਹਿਲਾਂ ਮੈਟਰੋਪੋਲਿਟਨ ਮੈਜਿਸਟ੍ਰੇਟ ਸੰਤੋਸ਼ ਕੁਮਾਰ ਸਿੰਘ ਨੇ ਲੋਧੀ ਰੋਡ ਦੀ ਸੀਐਸਐਫ ਲੈਬ ਦੇ ਡਾਇਰੈਕਟਰ ਨੂੰ ਹਦਾਇਤ ਕੀਤੀ ਸੀ ਕਿ ਉਹ ਸੱਜਣ ਕੁਮਾਰ ਦਾ ‘ਪੋਲੀਗ੍ਰਾਫ਼ ਟੈਸਟ’ ਲਵੇ।