ਦਿੱਲੀ ਕਮੇਟੀ ਨੇ ਗੁਰਪ੍ਰੀਤ ਸਿੰਘ ਦੀ ਹੱਤਿਆ ਦੀ ਸੀ.ਬੀ.ਆਈ. ਜਾਂਚ ਮੰਗੀ
‘ਨਸ਼ਾ ਮੁਕਤੀ ਮੁਹਿੰਮ ਦਾ ਨਾਂਅ ਮ੍ਰਿਤਕ ਦੇ ਨਾਂਅ ‘ਤੇ ਰੱਖਿਆ ਜਾਵੇ’
ਨਵੀਂ ਦਿੱਲੀ/ਬਿਊਰੋ ਨਿਊਜ਼ :
ਏਮਜ਼ ਹਸਪਤਾਲ ਦੇ ਨੇੜੇ ਜਨਤਕ ਥਾਂ ‘ਤੇ ਸਿਗਰਟ ਪੀਣ ਦਾ ਵਿਰੋਧ ਕਰਨ ਵਾਲੇ ਬਠਿੰਡਾ (ਪੰਜਾਬ) ਦੇ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਹਾਦਸੇ ਰਾਹੀਂ ਮਾਰਨ ਦੇ ਮਾਮਲੇ ਨੂੰ ਲੈ ਕੇ ਦਿੱਲੀ ਕਮੇਟੀ ਵਲੋਂ ਪੁਲੀਸ ‘ਤੇ ਦਬਾਅ ਬਣਾਏ ਜਾਣ ਉਪਰੰਤ ਥਾਣਾ ਸਫ਼ਦਰਜੰਗ ਵਿਚ ਦੋਸ਼ੀ ਿਖ਼ਲਾਫ਼ ਕਤਲ ਕਰਨ ਦੀ ਧਾਰਾ 302 ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਤਹਿਤ ਧਾਰਾ 295 ਏ ਵਿਚ ਨਵੀਂ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਦਿੱਲੀ ਕਮੇਟੀ ਦਫ਼ਤਰ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਮਨਜਿੰਦਰ ਸਿੰਘ ਸਿਰਸਾ ਨੇ ਇਸ ਮਾਮਲੇ ਨੂੰ ਲੈ ਕੇ ਦਿੱਲੀ ਪੁਲੀਸ ਦੀ ਕਾਰਜਸ਼ੈਲੀ ‘ਤੇ ਸਵਾਲ ਖੜ੍ਹੇ ਕਰਨ ਦੇ ਨਾਲ ਹੀ ਮਾਮਲੇ ਦੀ ਜਾਂਚ ਸੀ.ਬੀ.ਆਈ. ਪਾਸੋਂ ਕਰਵਾਏ ਜਾਣ ਦੀ ਵਕਾਲਤ ਕੀਤੀ ਅਤੇ ਦੋਸ਼ੀ ਪੁਲੀਸ ਅਧਿਕਾਰੀਆਂ ਦੀ ਬਰਖ਼ਾਸਤਗੀ ਲਈ 23 ਸਤੰਬਰ ਨੂੰ ਦਿੱਲੀ ਪੁਲੀਸ ਹੈੱਡਕੁਆਟਰ ਦਾ ਘਿਰਾਓ ਕਰਨ ਦਾ ਵੀ ਐਲਾਨ ਕੀਤਾ। ਜੀ.ਕੇ. ਨੇ ਦੱਸਿਆ ਕਿ ਦਿੱਲੀ ਕਮੇਟੀ ਵਲੋਂ ਪਾਏ ਗਏ ਦਬਾਅ ਤੋਂ ਬਾਅਦ ਪੁਲੀਸ ਨੇ ਉਨ੍ਹਾਂ ਦੀ ਮੌਜੂਦਗੀ ਵਿਚ ਥਾਣਾ ਸਫ਼ਦਰਜੰਗ ਵਿਚ ਦੋਸ਼ੀ ਖ਼ਿਲਾਫ਼ ਕਤਲ ਕਰਨ ਦੀ ਧਾਰਾ 302 ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਤਹਿਤ ਧਾਰਾ 295 ਏ ਵਿਚ ਨਵੀਂ ਐਫ.ਆਈ.ਆਰ. ਦਰਜ ਕੀਤੀ ਹੈ। ਸਿਰਸਾ ਨੇ ਦੋਸ਼ੀ ਵਲੋਂ ਸਾਜ਼ਿਸ਼ ਤਹਿਤ ਜਾਣਬੁੱਝ ਕੇ ਘਟਨਾ ਨੂੰ ਅੰਜਾਮ ਦੇਣ ਦਾ ਦੋਸ਼ ਲਗਾਉਂਦੇ ਹੋਏ ਦੋਸ਼ੀ ਦੇ ਵਕੀਲ ਪਿਤਾ ਦੀ ਗ੍ਰਿਫ਼ਤਾਰੀ ਦੀ ਵੀ ਮੰਗ ਕੀਤੀ। ਜੀ.ਕੇ. ਤੇ ਸਿਰਸਾ ਨੇ ਦਿੱਲੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਨਾਂਅ ‘ਤੇ ਨਸ਼ਾ ਮੁਕਤੀ ਮੁਹਿੰਮ ਦਾ ਨਾਂਅ ਰੱਖਿਆ ਜਾਵੇ ਅਤੇ ਮ੍ਰਿਤਕ ਦੇ ਪਰਿਵਾਰ ਨੂੰ 1 ਕਰੋੜ ਰੁਪਏ ਮੁਆਵਜ਼ਾ ਦਿੱਤਾ ਜਾਵੇ।
ਸ਼੍ਰੋਮਣੀ ਕਮੇਟੀ ਵੱਲੋਂ ਹਮਲੇ ਦੀ ਨਿਖੇਧੀ :
ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦਿੱਲੀ ਵਿੱਚ 2 ਸਿੱਖ ਨੌਜਵਾਨਾਂ ਉਪਰ ਹੋਏ ਹਮਲੇ ਵਿੱਚ ਇੱਕ ਨੌਜਵਾਨ ਦਾ ਕਤਲ ਕਰਨ ਅਤੇ ਦੂਜੇ ਨੂੰ ਗੰਭੀਰ ਜ਼ਖ਼ਮੀ ਕਰਨ ਦੀ ਵਾਪਰੀ ਘਟਨਾ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਵਾਪਰੇ ਇਸ ਕਾਰੇ ਨੇ ਲੋਕਤੰਤਰ ਨੂੰ ਇੱਕ ਵਾਰ ਫਿਰ ਸ਼ਰਮਸਾਰ ਕੀਤਾ ਹੈ ਅਤੇ ਇਹ ਮਾਨਵਤਾ ਦੇ ਮੱਥੇ ‘ਤੇ ਕਲੰਕ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਹਮਲੇ ਵਿੱਚ ਮਾਰੇ ਗਏ ਗੁਰਪ੍ਰੀਤ ਸਿੰਘ ਤੇ ਜ਼ਖ਼ਮੀ ਮਨਿੰਦਰ ਸਿੰਘ ਦੇ ਪਰਿਵਾਰਾਂ ਨਾਲ ਖੜ੍ਹੀ ਹੈ ਅਤੇ ਕਾਨੂੰਨੀ ਲੜਾਈ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇਵੇਗੀ। ਉਨ੍ਹਾਂ ਦਿੱਲੀ ਸਰਕਾਰ ਅਤੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਕਿ ਦੋਸ਼ੀ ਰੋਹਿਤ ਕ੍ਰਿਸ਼ਨਾ ਮਹੰਤਾ ਨੂੰ ਸਖ਼ਤ ਤੇ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਜੋ ਸਿੱਖਾਂ ਉਪਰ ਹੁੰਦੇ ਨਸਲੀ ਹਮਲਿਆਂ ਨੂੰ ਰੋਕਿਆ ਜਾ ਸਕੇ।
Comments (0)