ਅਮਰੀਕਾ ਵਿੱਚ ਐਚ-ਵੰਨ ਬੀ ਵੀਜ਼ਾ ਧਾਰਕਾਂ ’ਤੇ ਡੂੰਘਾ ਸੰਕਟ
ਨਿਊਯਾਰਕ/ਏ.ਟੀ.ਨਿਊਜ਼: ਅਮਰੀਕਾ ਵਿੱਚ ਲੰਮੇ ਸਮੇਂ ਤੋਂ ਵਸੇ ਭਾਰਤੀ ਆਈ.ਟੀ. ਪੇਸ਼ੇਵਰਾਂ ਲਈ ‘ਅਮਰੀਕਨ ਡਰੀਮ’ ਹੁਣ ਇੱਕ ਡੂੰਘੇ ਸੰਕਟ ਵਿੱਚ ਬਦਲਦਾ ਨਜ਼ਰ ਆ ਰਿਹਾ ਹੈ। ਟੈਕਸਾਸ ਦੇ ਡਲਾਸ ਸਮੇਤ ਕਈ ਵੱਡੇ ਸ਼ਹਿਰਾਂ ਵਿੱਚ ਐਚ-1ਬੀ ਵੀਜ਼ਾ ਧਾਰਕਾਂ ਦੀਆਂ ਨੌਕਰੀਆਂ ਛੁੱਟਣ ਤੋਂ ਬਾਅਦ ਅਜਿਹੀ ਨੌਬਤ ਆ ਗਈ ਹੈ ਕਿ ਲੋਕਾਂ ਨੂੰ ਆਪਣੇ ਕਰੋੜਾਂ ਰੁਪਏ ਦੇ ਘਰ, ਮਹਿੰਗੀਆਂ ਕਾਰਾਂ ਅਤੇ ਘਰੇਲੂ ਸਮਾਨ ਪਿੱਛੇ ਛੱਡ ਕੇ ਭਾਰਤ ਵਾਪਸ ਪਰਤਣ ਲਈ ਇਕਤਰਫ਼ਾ ਟਿਕਟਾਂ ਲੈਣੀਆਂ ਪੈ ਰਹੀਆਂ ਹਨ।
ਅਮਰੀਕੀ ਇਮੀਗ੍ਰੇਸ਼ਨ ਕਾਨੂੰਨ ਮੁਤਾਬਕ ਜੇਕਰ ਕਿਸੇ ਐਚ-1ਬੀ ਵੀਜ਼ਾ ਧਾਰਕ ਦੀ ਨੌਕਰੀ ਚਲੀ ਜਾਂਦੀ ਹੈ, ਤਾਂ ਉਸ ਕੋਲ ਨਵੀਂ ਨੌਕਰੀ ਲੱਭਣ ਅਤੇ ਵੀਜ਼ਾ ਟਰਾਂਸਫਰ ਕਰਵਾਉਣ ਲਈ ਸਿਰਫ਼ 60 ਦਿਨਾਂ ਦਾ ਸਮਾਂ ਹੁੰਦਾ ਹੈ। ਪਹਿਲਾਂ ਆਈ.ਟੀ. ਖੇਤਰ ਵਿੱਚ ਮੰਗ ਜ਼ਿਆਦਾ ਹੋਣ ਕਰਕੇ ਮਹੀਨੇ-ਡੇਢ ਮਹੀਨੇ ਵਿੱਚ ਨਵਾਂ ਸਪਾਂਸਰ ਮਿਲ ਜਾਂਦਾ ਸੀ ਪਰ ਮੌਜੂਦਾ ਮੰਦੀ ਦੌਰਾਨ ਕੰਪਨੀਆਂ ਨਵੀਂ ਭਰਤੀ ਅਤੇ ਵੀਜ਼ਾ ਸਪਾਂਸਰਸ਼ਿਪ ਦੇਣ ਤੋਂ ਹੱਥ ਪਿੱਛੇ ਖਿੱਚ ਰਹੀਆਂ ਹਨ, ਜਿਸ ਕਾਰਨ 60 ਦਿਨਾਂ ਦੀ ਮਿਆਦ ਪੁੱਗਦੇ ਹੀ ਉਨ੍ਹਾਂ ਦਾ ਅਮਰੀਕਾ ਵਿੱਚ ਰਹਿਣਾ ਗ਼ੈਰ-ਕਾਨੂੰਨੀ ਹੋ ਜਾਂਦਾ ਹੈ।
ਪਿਛਲੇ ਸਾਲਾਂ ਦੌਰਾਨ ਉੱਤਰੀ ਟੈਕਸਾਸ (ਖ਼ਾਸ ਕਰਕੇ ਡਲਾਸ ਦੇ ਉਪ-ਨਗਰਾਂ ਜਿਵੇਂ ਸੈਲੀਨਾ, ਮੈਲੀਸਾ ਅਤੇ ਫ੍ਰਿਸਕੋ) ਵਿੱਚ ਭਾਰਤੀ ਪੇਸ਼ੇਵਰਾਂ ਨੇ ਵੱਡੇ ਪੱਧਰ ’ਤੇ ਆਲੀਸ਼ਾਨ ਮਕਾਨ ਖਰੀਦੇ ਸਨ। ਪਰ ਹੁਣ ਹਾਲਾਤ ਬਿਲਕੁਲ ਉਲਟ ਹਨ:ਕਈ ਇਲਾਕਿਆਂ ਵਿੱਚ ਜਾਇਦਾਦਾਂ ਦੇ ਰੇਟ 9 ਤੋਂ 10 ਫ਼ੀਸਦੀ ਜਾਂ ਤਕਰੀਬਨ 1 ਲੱਖ ਡਾਲਰ ਤੱਕ ਹੇਠਾਂ ਆ ਚੁੱਕੇ ਹਨ। ਜਿੰਨੀ ਰਕਮ ਦਾ ਲੋਕਾਂ ਨੇ ਬੈਂਕ ਲੋਨ ਚੁੱਕਿਆ ਹੋਇਆ ਹੈ, ਮਕਾਨ ਦੀ ਮੌਜੂਦਾ ਬਾਜ਼ਾਰੀ ਕੀਮਤ ਉਸ ਤੋਂ ਵੀ ਘੱਟ ਰਹਿ ਗਈ ਹੈ। ਇਸ ਹਾਲਤ ਵਿੱਚ ਘਰ ਵੇਚਣ ’ਤੇ ਵੀ ਬੈਂਕ ਦਾ ਕਰਜ਼ਾ ਪੂਰਾ ਨਹੀਂ ਹੁੰਦਾ। ਜਦੋਂ ਦੋਵੇਂ ਜੀਅ (ਪਤੀ-ਪਤਨੀ) ਬੇਰੁਜ਼ਗਾਰ ਹੋ ਜਾਣ, ਤਾਂ ਹਰ ਮਹੀਨੇ ਲੱਖਾਂ ਰੁਪਏ ਦੀ ਹੋਮ ਲੋਨ ਕਿਸ਼ਤ ਅਤੇ ਉੱਚਾ ਪ੍ਰਾਪਰਟੀ ਟੈਕਸ ਭਰਨਾ ਅਸੰਭਵ ਹੋ ਜਾਂਦਾ ਹੈ। ਸਮਾਂ ਘੱਟ ਹੋਣ ਕਾਰਨ ਲੋਕ ਘਰਾਂ ਨੂੰ ਬੈਂਕ ਦੇ ਸਹਾਰੇ ਛੱਡਣ ਲਈ ਮਜਬੂਰ ਹਨ।
ਅਮਰੀਕਾ ਵਿੱਚ ਕਾਰਾਂ ਜ਼ਿਆਦਾਤਰ ਬੈਂਕ ਲੋਨ ਜਾਂ ਲੀਜ਼ ’ਤੇ ਹੁੰਦੀਆਂ ਹਨ। 60 ਦਿਨਾਂ ਦੇ ਥੋੜ੍ਹੇ ਸਮੇਂ ਵਿੱਚ ਕਾਰ ਦਾ ਖਰੀਦਦਾਰ ਲੱਭਣਾ, ਲੋਨ ਕਲੀਅਰ ਕਰਵਾਉਣਾ ਅਤੇ ਘਰ ਦਾ ਸਮਾਨ ਵੇਚਣਾ ਬਹੁਤ ਮੁਸ਼ਕਲ ਕੰਮ ਹੈ। ਲੋਕ ਸਮਾਨ ਵੇਚਣ ਦੀ ਬਜਾਏ ਏਅਰਪੋਰਟ ਪਾਰਕਿੰਗਾਂ ਜਾਂ ਡੀਲਰਾਂ ਕੋਲ ਗੱਡੀਆਂ ਛੱਡ ਕੇ ਭਾਰਤ ਵਾਪਸ ਮੁੜਨ ਨੂੰ ਹੀ ਆਖ਼ਰੀ ਚਾਰਾ ਸਮਝ ਰਹੇ ਹਨ।
ਆਰਟੀਫੀਸ਼ੀਅਲ ਇੰਟੈਲੀਜੈਂਸ ਕਾਰਣ ਛਾਂਟੀਆਂ
ਆਈ.ਟੀ. ਸੈਕਟਰ ਵਿੱਚ ਵੱਡੇ ਪੱਧਰ ’ਤੇ ਹੋ ਰਹੀ ਛਾਂਟੀ ਦਾ ਇੱਕ ਵੱਡਾ ਕਾਰਨ ਏਆਈ ਦਾ ਤੇਜ਼ੀ ਨਾਲ ਪਸਾਰ ਹੈ। ਜਿਹੜੇ ਕੋਡਿੰਗ ਜਾਂ ਟੈਸਟਿੰਗ ਦੇ ਕੰਮਾਂ ਲਈ ਪਹਿਲਾਂ ਦਰਜਨਾਂ ਇੰਜੀਨੀਅਰ ਚਾਹੀਦੇ ਸਨ, ਉਹ ਹੁਣ ਆਟੋਮੇਸ਼ਨ ਅਤੇ ਏ.ਆਈ. ਟੂਲਜ਼ ਰਾਹੀਂ ਮਿੰਟਾਂ ਵਿੱਚ ਹੋ ਰਹੇ ਹਨ। ਇਸ ਤੋਂ ਇਲਾਵਾ ਗਲੋਬਲ ਮੰਦੀ ਦੇ ਦਬਾਅ ਹੇਠ ਮਾਈਕ੍ਰੋਸਾਫਟ, ਗੂਗਲ ਅਤੇ ਐਮਾਜ਼ਾਨ ਵਰਗੀਆਂ ਦਿੱਗਜ ਕੰਪਨੀਆਂ ਨੇ ਲਗਾਤਾਰ ਸਟਾਫ਼ ਘਟਾਇਆ ਹੈ। ਭਾਰਤੀਆਂ ਲਈ ਗ੍ਰੀਨ ਕਾਰਡ ਦਾ ਬੈਕਲਾਗ ਦਹਾਕਿਆਂ ਲੰਮਾ ਹੈ। 10-15 ਸਾਲ ਅਮਰੀਕਾ ਵਿੱਚ ਬਿਤਾਉਣ ਅਤੇ ਟੈਕਸ ਭਰਨ ਦੇ ਬਾਵਜੂਦ ਉਹ ਆਰਜ਼ੀ ਵੀਜ਼ਾ ਸਟੇਟਸ ’ਤੇ ਹੀ ਰਹਿੰਦੇ ਹਨ। ਇਸ ਦੌਰਾਨ ਪੀ.ਈ.ਆਰ.ਐਮ. ਪ੍ਰਕਿਰਿਆ ’ਤੇ ਰੋਕਾਂ ਅਤੇ ਵੀਜ਼ਾ ਨਿਯਮਾਂ ਵਿੱਚ ਆ ਰਹੀਆਂ ਸਖ਼ਤੀਆਂ ਨੇ ਭਵਿੱਖ ਨੂੰ ਪੂਰੀ ਤਰ੍ਹਾਂ ਅਨਿਸ਼ਚਿਤ ਬਣਾ ਦਿੱਤਾ ਹੈ।
ਅੰਕੜੇ ਕੀ ਦੱਸਦੇ ਹਨ?
ਰਿਪੋਰਟਾਂ ਅਨੁਸਾਰ 2025 ਦੌਰਾਨ 15,000 ਤੋਂ ਵੱਧ ਭਾਰਤੀ ਆਈ.ਟੀ. ਪੇਸ਼ੇਵਰ ਇਸ ਅਨਿਸ਼ਚਿਤਤਾ ਕਾਰਨ ਭਾਰਤ ਪਰਤ ਚੁੱਕੇ ਹਨ, ਅਤੇ 2026 ਵਿੱਚ ਵੀ ਹਜ਼ਾਰਾਂ ਲੋਕ ਵਾਪਸੀ ਦੀ ਰਾਹ ਪੈ ਚੁੱਕੇ ਹਨ। ਬਿਲਡਰਾਂ ਦੀ ਦੱਖਣੀ ਏਸ਼ੀਆਈ ਖਰੀਦਦਾਰਾਂ ਨੂੰ ਵਿਕਰੀ 70% ਤੋਂ ਡਿੱਗ ਕੇ 30% ਤੋਂ ਵੀ ਹੇਠਾਂ ਆ ਗਈ ਹੈ, ਜਿਸ ਨਾਲ ਅਮਰੀਕੀ ਰਿਹਾਇਸ਼ੀ ਬਾਜ਼ਾਰ ਨੂੰ ਵੀ ਵੱਡਾ ਝਟਕਾ ਲੱਗਾ ਹੈ।
ਟੈਕਸਾਸ ਵਿੱਚ ਘਰ-ਕਾਰਾਂ ਛੱਡ ਕੇ ਪਰਤ ਰਹੇ ਇਨ੍ਹਾਂ ਪਰਿਵਾਰਾਂ ਦੀ ਕਹਾਣੀ ਇਹ ਸਪੱਸ਼ਟ ਕਰਦੀ ਹੈ ਕਿ ਵਿਦੇਸ਼ ਵਿੱਚ ਬਿਨਾਂ ਪੱਕੀ ਨਾਗਰਿਕਤਾ ਜਾਂ ਸਥਾਈ ਰਿਹਾਇਸ਼ ਤੋਂ ਵੱਡੇ ਕਰਜ਼ੇ ਚੁੱਕ ਕੇ ਕੀਤੀ ਤਰੱਕੀ ਕਿਸੇ ਵੀ ਵੇਲੇ ਨਾਜ਼ੁਕ ਮੋੜ ’ਤੇ ਖੜ੍ਹੀ ਹੋ ਸਕਦੀ ਹੈ।











Comments (0)