ਕੌਮੀ ਚੌਕਸੀ ਵਧਣ ਦੇ ਬਾਵਜੂਦ ਏਸ਼ੀਅਨਾਂ ਵਿਰੁੱਧ ਹਿੰਸਾ ਦੇ ਮਾਮਲੇ ਵਧੇ

ਕੌਮੀ ਚੌਕਸੀ ਵਧਣ ਦੇ ਬਾਵਜੂਦ ਏਸ਼ੀਅਨਾਂ ਵਿਰੁੱਧ ਹਿੰਸਾ ਦੇ ਮਾਮਲੇ ਵਧੇ

ਏ ਟੀ ਬਿਊਰੋ

ਸੈਕਰਾਮੈਂਟੋ: (ਹੁਸਨ ਲੜੋਆ ਬੰਗਾ)- ਏਸ਼ੀਅਨਾਂ ਵਿਰੁੱਧ ਨਫਰਤੀ ਅਪਰਾਧਾਂ ਨੂੰ ਰੋਕਣ ਲਈ ਰਾਜਸੀ ਤੌਰ 'ਤੇ ਕੌਮੀ ਚੌਕਸੀ ਵਧਣ ਤੇ ਇਸ ਸਬੰਧੀ ਕਾਰਵਾਈ ਕਰਨ ਦੇ ਬਾਵਜੂਦ ਏਸ਼ੀਅਨ ਮੂਲ ਦੇ ਅਮਰੀਕੀਆਂ ਤੇ ਏਸ਼ੀਅਨਾਂ ਵਿਰੁੱਧ ਹਿੰਸਾ ਦੇ ਮਾਮਲੇ ਘੱਟਣ ਦੀ ਬਜਾਏ ਵਧੇ ਹਨ। ਕੈਲੀਫੋਰੀਨੀਆ ਸਟੇਟ ਯੁਨੀਵਰਸਿਟੀ ਦੇ ਸੈਂਟਰ ਫਾਰ ਸਟੱਡੀ ਆਫ ਹੇਟ ਐਂਡ ਐਕਸਟ੍ਰੀਮਿਜਮ ਦੀ ਇਕ ਰਿਪੋਰਟ ਅਨੁਸਾਰ 16 ਪ੍ਰਮੁੱਖ ਸ਼ਹਿਰਾਂ ਵਿਚ ਪਿਛਲੇ ਸਾਲ ਦੀ ਤੁਲਨਾ ਵਿੱਚ 2021 ਦੀ ਪਹਿਲੀ ਤਿਮਾਹੀ ਦੌਰਾਨ ਏਸ਼ੀਅਨਾਂ ਵਿਰੁੱਧ ਨਫਰਤੀ ਅਪਰਾਧਾਂ ਵਿਚ 164% ਤੋਂ ਵਧ ਵਾਧਾ ਹੋਇਆ ਹੈ। ਏਸ਼ੀਅਨਾਂ ਉਪਰ ਹਮਲੇ ਵਧਣ ਦੇ ਮੱਦੇਨਜਰ ਪਿਛਲੇ ਸਾਲ ਗਠਿਤ ਕੀਤੀ ਸੰਸਥਾ ' ਏਸ਼ੀਅਨ ਅਮੈਰੀਕਨਜ ਐਂਡ ਪੈਸੀਫਿਕ ਆਈਸਲੈਂਡਰ' ਅਨੁਸਾਰ ਅਮਰੀਕਾ ਵਿਚ ਕੋਵਿਡ ਮਹਾਂਮਾਰੀ ਤੋਂ ਬਾਅਦ ਇਕ ਸਾਲ ਵਿਚ ਏਸ਼ੀਅਨਾਂ ਵਿਰੁੱਧ ਨਫਰਤੀ ਹਿੰਸਾ ਦੀਆਂ 6600 ਘਟਨਾਵਾਂ ਹੋਈਆਂ। ਇਨਾਂ ਵਿਚੋਂ ਇਕ ਤਿਹਾਈ ਤੋਂ ਵੀ ਵਧ ਘਟਨਾਵਾਂ ਇਸ ਸਾਲ ਮਾਰਚ ਵਿਚ ਹੋਈਆਂ। ਇਹ ਨਵੇਂ ਅਕੰੜੇ ਪਿਛਲੇ ਦਿਨਾਂ ਵਿੱਚ ਏਸ਼ੀਅਨਾਂ ਉਪਰ ਵਧੇ ਹਮਲਿਆਂ ਉਪਰੰਤ ਜਾਰੀ ਹੋਏ ਹਨ। ਹਾਲਾਂ ਕਿ ਪੁਲਿਸ ਤੇ ਹੋਰ ਏਜੰਸੀਆਂ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਕਰਦੀਆਂ ਹਨ ਪਰ ਫਿਰ ਵੀ ਸ਼ਰਾਰਤੀ ਅਨਸਰ ਬਾਜ ਨਹੀਂ ਰਹੇ।

ਔਰਤਾਂ 'ਤੇ ਹਮਲੇ ਦੇ ਮਾਮਲੇ ਵਿੱਚ ਇਕ ਗ੍ਰਿਫਤਾਰ-

ਡਾਊਨ ਟਾਊਨ ਸਨ ਫਰਾਂਸਿਸਕੋ ਵਿਚ ਬਿਨਾਂ ਕਿਸੇ ਭੜਕਾਹਟ ਦੇ ਦੋ ਏਸ਼ੀਅਨ ਔਰਤਾਂ ਉਪਰ ਚਾਕੂ ਨਾਲ ਹਮਲਾ ਕਰਨ ਦੇ ਮਾਮਲੇ ਵਿਚ ਲੰਘੇ ਦਿਨ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪਿਛਲੇ ਹਫਤੇ ਦੇ ਅੰਤ 'ਤੇ ਨਿਯੂਯਾਰਕ ਸ਼ਹਿਰ ਵਿਚ ਇਕ ਔਰਤ ਵੱਲੋਂ ਦੋ ਏਸ਼ੀਅਨ ਔਰਤਾਂ ਉਪਰ ਹਮਲਾ ਕੀਤਾ ਗਿਆ। ਇਸ ਸਿਰ ਫਿਰੀ ਔਰਤ ਨੇ ਏਸ਼ੀਅਨ ਔਰਤਾਂ ਨੂੰ ਮਾਸਕ ਲਾਹੁਣ ਲਈ ਕਿਹਾ ਤੇ ਬਾਅਦ ਵਿਚ ਉਸ ਨੇ ਇਕ ਔਰਤ ਦੇ ਸਿਰ ਵਿਚ ਹਥੌੜਾ ਮਾਰਿਆ। ਇਸ ਔਰਤ ਦੀ ਅਜੇ ਗ੍ਰਿਫਤਾਰੀ ਨਹੀਂ ਹੋਈ। ਏਸ਼ੀਅਨਾਂ ਵਿਰੁੱਧ ਹਮਲਿਆਂ ਦੀਆਂ ਇਹ  ਦੋ ਤਾਜਾ ਘਟਨਾਵਾਂ ਹਨ। ਮਾਰਚ ਵਿਚ ਅਟਲਾਂਟਾ ਵਿਚ ਗੋਲੀਬਾਰੀ ਕਰਕੇ 6 ਏਸ਼ੀਅਨ ਔਰਤਾਂ ਸਮੇਤ 8 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਬਾਇਡਨ ਪ੍ਰਸ਼ਾਸਨ ਸਖਤੀ ਵਰਤਣ ਦੇ ਰੌਂਅ ਵਿਚ ਦਿਸਿਆ ਸੀ ਪਰ ਅਮਲੀ ਰੂਪ ਵਿਚ ਇਹ ਸਖਤੀ ਅਜੇ ਨਜਰ ਨਹੀਂ ਆਈ। ਦਰਅਸਲ ਦੋਸ਼ੀਆਂ ਵਿਰੁੱਧ ਕਾਨੂੰਨ ਵਿੱਚ ਸਖਤ ਸਜਾ ਦੀ ਵਿਵਸਥਾ ਕਰਕੇ ਹੀ ਨਫਰਤੀ ਅਪਰਾਧਾਂ ਨੂੰ ਨੱਥ ਪਾਈ ਜਾ ਸਕਦੀ ਹੈ।