ਗੁਜਰਾਤ ਦੀਆਂ ਸੀਖਾਂ ਪਿੱਛੋਂ ਕਿਵੇਂ ਚੱਲ ਰਿਹਾ ਬਿਸ਼ਨੋਈ ਦਾ ਅੰਤਰਰਾਸ਼ਟਰੀ ਕ੍ਰਾਈਮ ਸਿੰਡੀਕੇਟ?

ਗੁਜਰਾਤ ਦੀਆਂ ਸੀਖਾਂ ਪਿੱਛੋਂ ਕਿਵੇਂ ਚੱਲ ਰਿਹਾ  ਬਿਸ਼ਨੋਈ ਦਾ ਅੰਤਰਰਾਸ਼ਟਰੀ ਕ੍ਰਾਈਮ ਸਿੰਡੀਕੇਟ?

ਅਹਿਮਦਾਬਾਦ ਦੀ ਸਾਬਰਮਤੀ ਸੈਂਟਰਲ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਪੂਰੇ ਦੇਸ਼ ਦੇ ਕਾਨੂੰਨੀ ਅਤੇ ਸੁਰੱਖਿਆ ਪ੍ਰਬੰਧਾਂ ਲਈ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਉਹ ਉੱਚ ਸੁਰੱਖਿਆ ਵਾਲੀ ਕਾਲ-ਕੋਠੜੀ ਵਿੱਚ ਕੈਦ ਹੈ, ਪਰ ਇਸ ਦੇ ਬਾਵਜੂਦ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿੱਚ ਗੋਲੀਆਂ ਚੱਲਣ ਅਤੇ ਫਿਰੌਤੀ ਵਸੂਲਣ ਦਾ ਸਿਲਸਿਲਾ ਬਿਸ਼ਨੋਈ ਦੇ ਨਾਮ ਉਪਰ ਲਗਾਤਾਰ ਜਾਰੀ ਹੈ। ਸੁਪਰਸਟਾਰ ਸਲਮਾਨ ਖ਼ਾਨ ਦੇ ਘਰ ਬਾਹਰ ਹੋਈ ਫਾਇਰਿੰਗ ਤੋਂ ਲੈ ਕੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਸ਼ਰੇਆਮ ਕਤਲ ਤੱਕ, ਹਰ ਵੱਡੀ ਵਾਰਦਾਤ ਦੇ ਤਾਰ ਇਸੇ ਜੇਲ੍ਹ ਦੀ ਕੋਠੜੀ ਨਾਲ ਜੁੜ ਰਹੇ ਹਨ। ਜੇਲ੍ਹ ਦੀਆਂ ਉੱਚੀਆਂ ਕੰਧਾਂ ਪਿੱਛੋਂ ਅਜਿਹਾ ਦਹਿਸ਼ਤੀ ਸਾਮਰਾਜ ਚੱਲਣਾ ਭਾਰਤੀ ਨਿਆਂ ਅਤੇ ਜੇਲ੍ਹ ਪ੍ਰਸ਼ਾਸਨ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਜਾਂਚ ਏਜੰਸੀਆਂ ਮੁਤਾਬਕ ਇਹ ਸਿੰਡੀਕੇਟ ਪੁਰਾਣੇ ਰਵਾਇਤੀ ਗੈਂਗਾਂ ਵਾਂਗ ਨਹੀਂ, ਸਗੋਂ ਕਾਰਪੋਰੇਟ ਕੰਪਨੀ ਵਾਂਗ ਕੰਮ ਕਰਦਾ ਹੈ। ਜੇਲ੍ਹ ਦੇ ਅੰਦਰੋਂ ਐਨਕ੍ਰਿਪਟਡ ਮੈਸੇਜਿੰਗ ਐਪਸ ਜਿਵੇਂ ਕਿ ਸਿਗਨਲ, ਟੈਲੀਗ੍ਰਾਮ ਅਤੇ ਵਰਚੁਅਲ ਪ੍ਰਾਈਵੇਟ ਨੈੱਟਵਰਕ  ਰਾਹੀਂ ਹਦਾਇਤਾਂ ਬਾਹਰ ਭੇਜੀਆਂ ਜਾਂਦੀਆਂ ਹਨ। ਗੈਂਗ ਦੇ ਸਿਖ਼ਰਲੇ ਆਗੂ ਕਦੇ ਵੀ ਜ਼ਮੀਨੀ ਸ਼ੂਟਰਾਂ ਨਾਲ ਸਿੱਧਾ ਸੰਪਰਕ ਨਹੀਂ ਕਰਦੇ, ਸਗੋਂ ਕੋਡ ਵਰਡ ਵਾਲੇ ਵੌਇਸ ਨੋਟ ਭੇਜਦੇ ਹਨ। ਇਸ ਨੈੱਟਵਰਕ ਨੂੰ ਚਲਾਉਣ ਲਈ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਭਰਤੀ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਛੋਟੀ ਰਕਮ, ਨਕਲੀ ਸ਼ੁਹਰਤ ਅਤੇ ਹਥਿਆਰਾਂ ਦਾ ਲਾਲਚ ਦੇ ਕੇ ਵਰਤਿਆ ਜਾਂਦਾ ਹੈ, ਜਿਸ ਕਾਰਨ ਸ਼ੂਟਰਾਂ ਦੇ ਫੜੇ ਜਾਣ ਜਾਂ ਮਾਰੇ ਜਾਣ ’ਤੇ ਵੀ ਮੁੱਖ ਨੈੱਟਵਰਕ ਸੁਰੱਖਿਅਤ ਰਹਿੰਦਾ ਹੈ।
ਇਸ ਪੂਰੇ ਘਟਨਾਕ੍ਰਮ ਵਿੱਚ ਕੇਂਦਰ ਸਰਕਾਰ ਅਤੇ ਗ੍ਰਹਿ ਮੰਤਰਾਲੇ ਦੀ ਭੂਮਿਕਾ ’ਤੇ ਵੀ ਸਵਾਲ ਉੱਠ ਰਹੇ ਹਨ। ਲਾਰੈਂਸ ਬਿਸ਼ਨੋਈ ਉੱਤੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸੀਆਰਪੀਸੀ ਦੀ ਧਾਰਾ 268 ਲਗਾਈ ਗਈ ਹੈ। ਇਸ ਕਾਰਨ ਉਸ ਨੂੰ ਗੁਜਰਾਤ ਦੀ ਜੇਲ੍ਹ ਤੋਂ ਬਾਹਰ ਕਿਸੇ ਹੋਰ ਸੂਬੇ ਦੀ ਪੁਲਿਸ ਹਿਰਾਸਤ ਵਿੱਚ ਨਹੀਂ ਭੇਜਿਆ ਜਾ ਸਕਦਾ। ਮਹਾਰਾਸ਼ਟਰ ਅਤੇ ਪੰਜਾਬ ਪੁਲਿਸ ਦੇ ਕਈ ਜਾਂਚ ਅਧਿਕਾਰੀ ਨਿੱਜੀ ਗੱਲਬਾਤ ਵਿੱਚ ਮੰਨਦੇ ਹਨ ਕਿ ਉਨ੍ਹਾਂ ਨੂੰ ਮੁੱਖ ਸਾਜ਼ਿਸ਼ਘਾੜੇ ਤੋਂ ਆਹਮੋ-ਸਾਹਮਣੇ ਪੁੱਛਗਿੱਛ ਕਰਨ ਦੀ ਖੁੱਲ੍ਹ ਨਹੀਂ ਮਿਲ ਰਹੀ। ਜਦੋਂ ਤੱਕ ਮੁੱਖ ਸਰਗਨਾ ਹਿਰਾਸਤੀ ਪੁੱਛਗਿੱਛ ਤੋਂ ਬਾਹਰ ਰਹੇਗਾ, ਉਦੋਂ ਤੱਕ ਇਸ ਗਿਰੋਹ ਦੇ ਅਸਲ ਮਾਸਟਰਮਾਈਂਡ ਅਤੇ ਫੰਡਿੰਗ ਦੇ ਸਰੋਤਾਂ ਦਾ ਪਰਦਾਫਾਸ਼ ਹੋਣਾ ਬੇਹੱਦ ਮੁਸ਼ਕਿਲ ਹੈ।
ਇਹ ਮਾਮਲਾ ਹੁਣ ਭਾਰਤ ਦੀਆਂ ਹੱਦਾਂ ਪਾਰ ਕਰਕੇ ਕੌਮਾਂਤਰੀ ਜਾਂਚ ਅਤੇ ਕੂਟਨੀਤਕ ਵਿਵਾਦ ਦਾ ਰੂਪ ਲੈ ਚੁੱਕਾ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਕਮਿਸ਼ਨਰ ਮਾਈਕਲ ਡੂਹੇਮ  ਨੇ ਜਨਤਕ ਤੌਰ ’ਤੇ ਗੰਭੀਰ ਦੋਸ਼ ਲਾਏ ਸਨ ਕਿ ਕੈਨੇਡਾ ਦੀ ਧਰਤੀ ’ਤੇ ਖ਼ਾਲਿਸਤਾਨੀ ਸਿੱਖ  ਲੀਡਰਾਂ ਨੂੰ ਨਿਸ਼ਾਨਾ ਬਣਾਉਣ ਲਈ ਇਸ ਗਿਰੋਹ ਦੀ ਵਰਤੋਂ ਕੀਤੀ ਗਈ ਸੀ। ਕੈਨੇਡੀਅਨ ਸੁਰੱਖਿਆ ਵਿਸ਼ਲੇਸ਼ਕ ਸਟੀਵਰਟ ਬੈੱਲ ਅਨੁਸਾਰ ਇਹ ਗਿਰੋਹ ਭਾਰਤ ਤੋਂ ਕੈਨੇਡਾ ਅਤੇ ਅਮਰੀਕਾ ਤੱਕ ਫੈਲਿਆ ਸੰਗਠਿਤ ਅਪਰਾਧ ਸਿੰਡੀਕੇਟ ਬਣ ਚੁੱਕਾ ਹੈ। ਇਸੇ ਤਰ੍ਹਾਂ ਅਮਰੀਕੀ ਜਾਂਚ ਏਜੰਸੀ ਐਫਬੀਆਈ ਅਤੇ ਉੱਥੋਂ ਦੇ ਅਦਾਲਤੀ ਦਸਤਾਵੇਜ਼ਾਂ ਵਿੱਚ ਵੀ ਇਸ ਨੈੱਟਵਰਕ ਦੇ ਅੰਤਰਰਾਸ਼ਟਰੀ ਲਿੰਕਾਂ ਦਾ ਜ਼ਿਕਰ ਆਇਆ ਹੈ। ਅਮਰੀਕੀ ਮਾਹਿਰ ਡਾ. ਸੀ. ਕ੍ਰਿਸਟੀਨ ਫੇਅਰ ਚਿਤਾਵਨੀ ਦਿੰਦੇ ਹਨ ਕਿ ਜਦੋਂ ਰਾਜਕੀ ਪ੍ਰਬੰਧ ਅਪਰਾਧਿਕ ਨੈੱਟਵਰਕਾਂ ਪ੍ਰਤੀ ਢਿੱਲ ਵਰਤਦਾ ਹੈ, ਤਾਂ ਉਹ ਅਪਰਾਧੀ ਖ਼ੁਦ ਸਿਸਟਮ ਤੋਂ ਵੱਡੇ ਹੋ ਜਾਂਦੇ ਹਨ।