ਲਾਹੌਰ ਵਿਚ ਦੇਸੀ ਕੁਸ਼ਤੀ ਦਾ ਇਤਿਹਾਸ ਤੇ ਪਰੰਪਰਾ

ਲਾਹੌਰ ਵਿਚ ਦੇਸੀ ਕੁਸ਼ਤੀ ਦਾ ਇਤਿਹਾਸ ਤੇ ਪਰੰਪਰਾ
ਲਾਹੌਰ ਦੇ ਕਿਲ੍ਹੇ ਬਾਹਰ ਲੱਗੇ ਅਖਾੜੇ 'ਚ ਇੱਕ ਘੋਲ ਦੌਰਾਨ ਗਾਮੇ ਭਲਵਾਨ ਦੀ ਤਸਵੀਰ

ਮਜੀਦ ਸ਼ੇਖ਼

ਲਾਹੌਰ ਦੇ ਇਤਿਹਾਸ ਵਿਚ ਹੋਣ ਵਾਲੇ ਸ਼ਾਨਦਾਰ ਕੁਸ਼ਤੀ ਦੰਗਲਾਂ ਵਿਚੋਂ ਇਕ ਦੰਗਲ ਉਹ ਸੀ ਜਦੋਂ ਗੁਜਰਾਂਵਾਲਾ ਤੋਂ ਹਰੀ ਸਿੰਘ ਨਾਮੀ 18 ਸਾਲਾ ਨੌਜਵਾਨ 1803 ਈ. ਵਿਚ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਸ਼ਾਹੀ ਦੰਗਲ ਵਿਚ ਪੁੱਜਾ। ਇਸ ਨੌਜਵਾਨ ਨੇ ਲਗਾਤਾਰ ਲੱਗੇ ਜੁੱਟਾਂ ਦੌਰਾਨ ਪੰਜਾਬ ਦੇ ਉਸ ਵੇਲੇ ਦੇ ਸਾਰੇ ਕਹਿੰਦੇ-ਕਹਾਉਂਦੇ ਪਹਿਲਵਾਨਾਂ ਨੂੰ ਚਿੱਤ ਕਰ ਦਿੱਤਾ। ਨੌਜਵਾਨ ਦਾ ਪੂਰਾ ਨਾਂ ਹਰੀ ਸਿੰਘ ਨਲਵਾ ਸੀ, ਜਿਸ ਨੇ ਅਗਾਂਹ ਜਾ ਕੇ ਲਾਹੌਰ ਦਰਬਾਰ ਦੀ ਪੰਜਾਬੀ ਸਿੱਖ ਫ਼ੌਜ ਦਾ ਸੰਸਾਰ ਪ੍ਰਸਿੱਧ ਜਰਨੈਲ ਬਣਨਾ ਸੀ।

ਇਸ ਤੋਂ ਬਹੁਤ ਵਰ੍ਹਿਆਂ ਬਾਅਦ ਇਕ ਹੋਰ ‘ਸ਼ਾਹੀ ਦੰਗਲ’ ਨੇ ਸਮੁੱਚੇ ਬਰ-ਏ-ਸਗ਼ੀਰ (ਉਪ ਮਹਾਂਦੀਪ) ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਹ ਦੰਗਲ ਲਾਹੌਰ ਦੇ ਰੁਸਤਮ-ਏ-ਹਿੰਦ ਪਹਿਲਵਾਨ ਗਾਮਾ ਅਤੇ ਪੋਲੈਂਡ ਦੇ ਆਲਮੀ ਚੈਂਪੀਅਨ ਪਹਿਲਵਾਨ ਜ਼ਾਈਬਿਸਕੋ ਦਰਮਿਆਨ 1935 ਵਿਚ ਹੋਇਆ। ਇਸ ਦਰਸ਼ਨੀ ਦੰਗਲ ਦੀਆਂ ਗੱਲਾਂ ਅੱਜ ਵੀ ਪੁਰਾਣੇ ਅੰਦਰੂਨੀ ਲਾਹੌਰ ਸ਼ਹਿਰ ਵਿਚ ਹੁੰਦੀਆਂ ਹਨ। ਜਿੰਨਾ ਚਿਰ ਅਹਿਮਦ ਬਖ਼ਸ਼ ਗਾਮਾ ਪਹਿਲਵਾਨ ਕੁਸ਼ਤੀਆਂ ਲੜਦਾ ਰਿਹਾ, ਉਸ ਨੇ ਕੁਸ਼ਤੀ ਦੇ ਹਰ ਰੂਪ ਦੇ ਕਰੀਬ ਹਰੇਕ ਚੈਂਪੀਅਨ ਨੂੰ ਹਰਾਇਆ। ਅਖਾੜੇ ਵਿਚ ਉਸ ਦੀਆਂ ਮਾਰੀਆਂ ਮੱਲਾਂ ਨੇ ਬਰ-ਏ-ਸਗ਼ੀਰ ਦੀ ਦੇਸੀ ਕੁਸ਼ਤੀ ਨੂੰ ਕੌਮਾਂਤਰੀ ਰੁਤਬਾ ਦਿਵਾਇਆ ਅਤੇ ਕੁਸ਼ਤੀ ਨੂੰ ਬੜੀ ਲਾਸਾਨੀ ਤੇ ਵਧੀਆ ਖੇਡ ਵਜੋਂ ਸਾਖ਼ ਦਿਵਾਈ। ਗਾਮਾ ਪਹਿਲਵਾਨ ਇਸ ਨੂੰ ‘ਇੱਜ਼ਤਦਾਰ ਬੰਦਿਆਂ ਦੀ ਤਾਕਤ ਤੇ ਫ਼ੁਰਤੀ ਵਾਲੀ’ ਖੇਡ ਕਰਾਰ ਦਿੰਦਾ ਸੀ। ਸਾਲ 1910 ਵਿਚ ‘ਰੁਸਤਮ-ਏ-ਹਿੰਦ’ ਦੇ ਖ਼ਿਤਾਬ ਲਈ ਮੁਕਾਬਲਾ ਹੋਇਆ, ਜਿਸ ਵਿਚ ਗਾਮਾ ਆਪਣੇ ਸਾਰੇ ਵਿਰੋਧੀਆਂ ਨੂੰ ਹਰਾ ਕੇ ਚੈਂਪੀਅਨ ਬਣਿਆ। ਗਾਮੇ ਦਾ ਫਾਈਨਲ ਮੁਕਾਬਲਾ ਯੂਰੋਪੀਅਨ ਚੈਂਪੀਅਨ ਜੇ.ਸੀ. ਪੀਟਰਸਨ ਨਾਲ ਹੋਇਆ, ਜਿਸ ਨੂੰ ਉਸ ਨੇ ਮਹਿਜ਼ 45 ਸਕਿੰਟਾਂ ਵਿਚ ਪਿੱਠ ਲਾ ਕੇ ਉਹ ਮਾਰਿਆ। ਗਾਮਾ 22 ਮਈ, 1960 ਨੂੰ ਲਾਹੌਰ ਵਿਚ ਫੌਤ ਹੋਇਆ। 

ਇਸ ਲਿੰਕ 'ਤੇ ਕਲਿੱਕ ਕਰਕੇ ਅੰਮ੍ਰਿਤਸਰ ਟਾਈਮਜ਼ ਦਾ ਫੇਸਬੁੱਕ ਪੰਨਾ ਪਸੰਦ ਕਰੋ: 
https://www.facebook.com/amritsartime/

ਹਜ਼ਾਰਾਂ ਸਾਲਾਂ ਤੋਂ ਕੁਸ਼ਤੀ ਇਕ ਸ਼ਾਹੀ ਖੇਡ ਰਹੀ ਹੈ ਅਤੇ ਬੀਤੀਆਂ ਸਦੀਆਂ ਦੌਰਾਨ ਬਿਹਤਰੀਨ ਪਹਿਲਵਾਨ ਹੀ ਬਿਹਤਰੀਨ ਜਰਨੈਲ ਵੀ ਬਣੇ। ਜਿਸਮਾਨੀ ਤਾਕਤ ਪ੍ਰਤੀ ਅੱਜ ਵੀ ਇੰਨੀ ਖਿੱਚ ਬਰਕਰਾਰ ਹੈ। ਲਾਹੌਰ ਸ਼ਹਿਰ ਦੀ ਕੁਸ਼ਤੀ ਪੱਖੋਂ ਆਪਣੀ ਖ਼ਾਸ ਰਵਾਇਤ ਹੈ ਅਤੇ ਹੁਣ ਇਸ ਰਵਾਇਤ ਦੇ ਧੁੰਦਲੀ ਪੈਣ ਦੇ ਨਾਲ ਹੀ ਇਹ ਸਮਾਂ ਹੈ ਜਦੋਂ ਸਾਨੂੰ ਇਸ ਦੀ ਅਹਿਮੀਅਤ ਸਮਝਣ ਦੀ ਲੋੜ ਹੈ, ਤਾਂ ਕਿ ਇਸ ਨੂੰ ਬਹਾਲ ਕੀਤਾ ਜਾ ਸਕੇ।


ਕਸਰਤ ਕਰਦਾ ਹੋਇਆ ਗਾਮਾ ਭਲਵਾਨ

ਸਾਰੇ ਪਹਿਲਵਾਨ ਕਿਸੇ ਖ਼ਾਸ ‘ਅਖਾੜੇ’ ਨਾਲ ਜੁੜੇ ਹੁੰਦੇ ਸਨ। ਮੁਕਾਮੀ ਲੋਕਧਾਰਾ ਵਿਚ ਇਹ ਅਖਾੜੇ ਬਹੁਤ ਹੀ ਲਾਸਾਨੀ ਥਾਵਾਂ ਸਨ। ਲਾਹੌਰ ਵਿਚ ਬੁਨਿਆਦੀ ਦੌਰ ’ਤੇ ਪਹਿਲਵਾਨਾਂ ਦੇ ਤਿੰਨ ਸਮੂਹ ਜਾਂ ਅਖਾੜੇ ਸਨ- ਕਾਲੂਵਾਲਾ, ਨੂਰਵਾਲਾ ਅਤੇ ਕੋਟਵਾਲਾ। ਹਰੇਕ ਅਖਾੜੇ ਵਿਚ ਆਪੋ-ਆਪਣੇ ਪਹਿਲਵਾਨਾਂ ਨੂੰ ਕੁਸ਼ਤੀ ਦੇ ਗੁਰ ਸਿਖਾਏ ਜਾਂਦੇ ਸਨ ਅਤੇ ਜ਼ੋਰ ਕਰਵਾਏ ਜਾਂਦੇ। ਬਾਅਦ ਵਿਚ ਵੱਖੋ-ਵੱਖ ਅਖਾੜਿਆਂ ਦੇ ਪਹਿਲਵਾਨਾਂ ਦਰਮਿਆਨ ਕੁਸ਼ਤੀ ਦੰਗਲ ਹੁੰਦੇ। ਸਮਾਂ ਪੈ ਕੇ ਲਾਹੌਰ ਵਿਚ ਅਜਿਹੇ ਸੈਂਕੜੇ ਕੁਸ਼ਤੀ ਅਖਾੜੇ ਬਣ ਗਏ ਅਤੇ ਫਿਰ ਵਕਤ ਗੁਜ਼ਰਨ ਦੇ ਨਾਲ ਇਨ੍ਹਾਂ ਵਿਚ ਨਿਘਾਰ ਆਉਂਦਾ ਗਿਆ।

ਸਾਲ 1962 ਵਿਚ ਛਪੇ ਇਕ ਸੰਗ੍ਰਹਿ ‘ਨਕੂਸ਼’, ਜਿਸ ਨੂੰ ਹੁਣ ਮੁੜ ਤੋਂ ਛਾਪੇ ਜਾਣ ਦੀ ਲੋੜ ਹੈ, ਮੁਤਾਬਕ ਲਾਹੌਰ ਦੇ ‘ਅਹਿਮ’ ਅਖਾੜਿਆਂ ਵਿਚ ਅਖਾੜਾ ਖ਼ਲੀਫ਼ਾ ਬੂਟਾ, ਮੋਹਣੀ ਰੋਡ ਉਤੇ ਅਖਾੜਾ ਗਾਮਾ, ਇਮਾਮ ਬਖ਼ਸ਼, ਅਖਾੜਾ ਤਕਿਆ ਤਾਜੇ ਸ਼ਾਹ, ਅਖਾੜਾ ਚਾਨਣ ਕਸਾਈ, ਅੰਦਰੂਨੀ ਸ਼ਹਿਰ ਵਿਚ ਅਖਾੜਾ ਨਾਥੇ ਸ਼ਾਹ ਅਤੇ ਅਖਾੜਾ ਨਾਜ਼ਦ ਪੁਲ ਮਿਸਰੀ ਸ਼ਾਹ ਪ੍ਰਮੁੱਖ ਹਨ। ਇਕ ਹੋਰ ਨਾਮੀ ਅਖਾੜਾ ਸੀ ਵਿਆਮ ਸ਼ਾਹ, ਜਿਸ ਨਾਲ ਭੋਲੂ ਪਹਿਲਵਾਨ, ਅਸਲਮ, ਅਕਰਮ, ਗੋਗਾ ਅਤੇ ਆਜ਼ਮ ਆਦਿ ਸਿਰੇ ਦੇ ਪਹਿਲਵਾਨ ਜੁੜੇ ਰਹੇ ਹਨ। ਅਖਾੜਾ ਚੌਂਕ ਬਰਫ਼ ਖ਼ਾਨਾ ਦਾ ਵੀ ਬੜਾ ਉੱਚਾ ਰੁਤਬਾ ਰਿਹਾ ਹੈ। ਹੋਰ ਨਾਮੀ ਅਖਾੜਿਆਂ ਵਿਚ ਅਖਾੜਾ ਖ਼ਲੀਫ਼ਾ ਬਖ਼ਸ਼ੀ, ਅਖਾੜਾ ਜਾਨੀ ਪਹਿਲਵਾਨ ਅਤੇ ਰੁਸਤਮ-ਏ-ਜ਼ਮਾਂ ਦੀ ਮਾਲਕੀ ਵਾਲਾ ਅਖਾੜਾ ਘੱਦੂ ਸ਼ਾਹ ਸ਼ਾਮਲ ਸਨ। ਅੰਦਰੂਨੀ ਸ਼ਹਿਰ ਦੇ ਬਿਲਕੁਲ ਬਾਹਰਵਾਰ ਸਰਕੂਲਰ ਗਾਰਡਨਜ਼ ਵਿਚ ਵੀ ਦੋ ਮੰਨੇ-ਪ੍ਰਮੰਨੇ ਅਖਾੜੇ ਸਨ, ਦੋਵਾਂ ਦਾ ਨਾਂ ਸੀ ਅਖਾੜਾ ਬਾਲਮੀਕੀਆਂ। ਇਨ੍ਹਾਂ ਵਿਚੋਂ ਇਕ ਭਾਟੀ ਗਲੀ ਦੇ ਬਾਹਰਵਾਰ ਅਤੇ ਦੂਜਾ ਟਕਸਾਲੀ ਗੇਟ ਦੇ ਬਾਹਰਵਾਰ ਸੀ।

ਪਿਛਲੇ 59 ਸਾਲਾਂ ਦੇ ਸਮੇਂ ਨੂੰ ਮੇਰੇ ਮਰਹੂਮ ਵਾਲਿਦ ‘ਦਾਅਵੇ ਦੀ ਜ਼ਹਿਨੀਅਤ’ ਵਾਲੇ ਸਾਲ ਕਰਾਰ ਦਿੰਦੇ ਸਨ, ਜੋ ਬਾਅਦ ਵਿਚ ‘ਕਬਜ਼ਾ ਦੌਰ’ ਵਿਚ ਬਦਲ ਗਏ ਅਤੇ ਅਜੋਕਾ ਦੌਰ ‘ਮਿਲਿਟਰੀ ਪਲਾਟਸ ਦੌਰ’ ਵਜੋਂ ਮਕਬੂਲ ਹੈ, ਜਦੋਂ ਇਨ੍ਹਾਂ ਅਖਾੜਿਆਂ ਉਤੇ ਕਬਜ਼ੇ ਕਰ ਕੇ ਇਨ੍ਹਾਂ ਨੂੰ ਪਲਾਟਾਂ ਵਜੋਂ ਵੇਚਣ ਲਈ ਲਾ ਦਿੱਤਾ ਗਿਆ। ਇਸ ਦੇ ਬਾਵਜੂਦ ‘ਦੇਸੀ ਕੁਸ਼ਤੀ’ ਲਈ ਥਾਂ ਦੀ ਲੋੜ ਬਰਕਰਾਰ ਰਹੀ ਅਤੇ ਇਸ ਦੇ ਸਿੱਟੇ ਵਜੋਂ ਅਸੀਂ ਅਜੋਕੇ ਕੁਸ਼ਤੀ ਕਲੱਬਾਂ ਨੂੰ ਦੇਖਦੇ ਹਾਂ, ਜਿਹੜਾ ਪੁਰਾਣੇ ਪਰਿਵਾਰਕ ਮਾਲਕੀ ਵਾਲੇ ‘ਅਖਾੜਿਆਂ’ ਦਾ ਆਧੁਨਿਕ ਕਾਰਪੋਰੇਟੀ ਨਾਂ ਹੀ ਹੈ।

ਇਨ੍ਹਾਂ ਨਵੇਂ ਕੁਸ਼ਤੀ ਕਲੱਬਾਂ ਦੀਆਂ ਕੁਝ ਮਿਸਾਲਾਂ ਦਿੰਦੇ ਹਾਂ: ਸ਼ਾਦਬਾਗ਼ ਨੰਬਰ 2 ਵਿਚ ਕਿਸੇ ਸਮੇਂ ਅਖਾੜਾ ਹਾਜੀ ਸਿੱਦੀਕ ਪਹਿਲਵਾਨ ਦਾ ਨਾਂ ਹੁਣ ਮੀਰਾਂ ਰੈਸਲਿੰਗ ਕਲੱਬ ਹੈ। ਇਸੇ ਤਰ੍ਹਾਂ ਕੋਟ ਖਵਾਜਾ ਸਈਦ ਵਿਚਲੇ ਅਖਾੜਾ ਕਾਲ਼ਾ ਜੱਟ ਨੂੰ ਹੁਣ ਕਾਲ਼ਾ ਜੱਟ ਰੈਸਲਿੰਗ ਕਲੱਬ ਆਖਿਆ ਜਾਂਦਾ ਹੈ। ਅਖਾੜਾ ਸਦੀਕ ਪਹਿਲਵਾਨ ਮੇਵਾ ਮੰਡੀ ਵਾਲੇ ਦਾ ਨਾਂ ਹੁਣ ਸਦੀਕ ਰੈਸਲਿੰਗ ਕਲੱਬ, ਸਾਦਿਕਾਬਾਦ, ਲਾਹੌਰ ਹੈ। ਇਕ ਬਹੁਤ ਹੀ ਮੰਨਿਆ-ਪ੍ਰਮੰਨਿਆ ਤੇ ਪੁਰਾਣਾ ਅਖਾੜਾ ਸ਼ਾਹ ਮੀਰਾਂ ਵਿਚ ਸੀ, ਅਖਾੜਾ ਸੱਜਣ ਪਹਿਲਵਾਨ, ਜਿਸ ਦਾ ਨਾਂ ਹੁਣ ਸੱਜਣ ਰੈਸਲਿੰਗ ਕਲੱਬ ਹੋ ਗਿਆ ਹੈ। ਇਕ ਹੋਰ ਦਿਲਚਸਪ ਨਾਂ ਅਖਾੜਾ ਬਿੱਲਾ ਚੰਗਰ ਪਹਿਲਵਾਨ ਦਾ ਨਾਂ ਹੁਣ ਬਿੱਲਾ ਰੈਸਲਿੰਗ ਕਲੱਬ, ਸ਼ਾਹਦਰਾ ਹੈ। ਭਾਵ ਸਮਾਂ ਬਦਲਣ ਦੇ ਨਾਲ ਨਵੇਂ ਰਸੂਖ਼, ਮਾਣ-ਸਨਮਾਨ ਦੀ ਦੌੜ ਲੱਗੀ ਹੋਈ ਹੈ ਪਰ ਇਸ ਦੇ ਬਾਜਵੂਦ ਕੁਸ਼ਤੀ ਦਾ ਸਦੀਆਂ ਪੁਰਾਣਾ ਰੁਤਬਾ ਤੇ ਖਿੱਚ ਕਾਇਮ ਹੈ। ਇਨ੍ਹਾਂ ਵਿਚੋਂ ਕੁਝ ਨਾਂ ਅੱਜ ਨਾਗਵਾਰ ਜਾਂ ਮਾੜੇ ਲੱਗ ਸਕਦੇ ਹਨ, ਪਰ ਇਨ੍ਹਾਂ ਛੋਟੇ-ਛੋਟੇ ਨਾਵਾਂ ਨਾਲ ਸਬੰਧਤ ਪਹਿਲਵਾਨ ਦਾ ਇਤਿਹਾਸ ਤੇ ਉਸ ਦੇ ਕਾਰਨਾਮੇ ਜੁੜੇ ਹੋਏ ਹਨ। ਮਿਸਾਲ ਵਜੋਂ ਅਖਾੜਾ ਪੱਪੂ ਪਹਿਲਵਾਨ ਚੜ੍ਹਦਾ ਸੂਰਜ ਹੁਣ ਪੱਪੂ ਰੈਸਲਿੰਗ ਕਲੱਬ ਬਣ ਚੁੱਕਾ ਹੈ। ਕੋਈ ਵਕਤ ਸੀ ਜਦੋਂ ਇਸ ਦਾ ਬਾਨੀ ਪੱਪੂ ਪਹਿਲਵਾਨ ਆਖਦਾ ਹੁੰਦਾ ਸੀ ਕਿ ਉਹ ਗਾਮੇ ਤੇ ਭੋਲੂ ਪਹਿਲਵਾਨਾਂ ਦੇ ਭਰਾਵਾਂ ਨੂੰ ਵੰਗਾਰ ਸਕਦਾ ਹੈ। ਇੰਨਾ ਹੀ ਨਹੀਂ, ਉਸ ਨੇ ਇਕ ਬੜੇ ਮਕਬੂਲ ਮੁਕਾਬਲੇ ਵਿਚ ਅਸਲਮ ਨੂੰ ‘ਚਿੱਤ’ ਵੀ ਕੀਤਾ, ਪਰ ਦੁਬਾਰਾ ਹੋਏ ਮੁਕਾਬਲੇ ਵਿਚ ਉਹ ਹਾਰ ਗਿਆ।

ਲਾਹੌਰ ਦੇ ਰਵਾਇਤੀ ਪਹਿਲਵਾਨ ਸਿਰੇ ਦੀ ਖੇਡ ਭਾਵਨਾ ਵਾਲੇ ਹੁੰਦੇ ਸਨ, ਜੋ ਨਾ ਸਿਰਫ਼ ਮੁਆਫ਼ ਕਰਨਾ ਜਾਣਦੇ ਸਨ ਸਗੋਂ ਕਮਜ਼ੋਰਾਂ ਦੀ ਰਾਖੀ ਵੀ ਕਰਦੇ ਸਨ। ਅਜਿਹਾ ਕਰ ਕੇ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੁੰਦਾ। ਆਪਣੀ ਸਿਹਤ ਤੇ ਜੁੱਸਾ ਉਨ੍ਹਾਂ ਲਈ ਸਭ ਕੁਝ ਹੁੰਦਾ ਸੀ ਅਤੇ ਉਹ ਆਪਣੇ ਆਪ ਨੂੰ ‘ਬੁਰੀ ਨਜ਼ਰ’ ਤੋਂ ਬਚਾਉਣ ਲਈ ਪੁੰਨ-ਦਾਨ ਕਰਦੇ ਰਹਿੰਦੇ। ਪਰ ਜਿਉਂ-ਜਿਉਂ ਲਾਹੌਰ ਸ਼ਹਿਰ ਆਪਣੇ ਕੇਂਦਰੀ ਧੁਰੇ ਤੋਂ ਮੀਲਾਂ ਦੂਰ ਤੱਕ ਫੈਲਦਾ ਗਿਆ ਤਾਂ ਨਾਲ ਹੀ ਦੇਸੀ ਪਹਿਲਵਾਨਾਂ ਦੀ ਪੁਰਾਤਨ ਰਵਾਇਤੀ ਸਾਖ਼ ਧੁੰਦਲੀ ਪੈਂਦੀ ਗਈ। ਇਹ ਕਲਾ ਅਧੋਗਤੀ ਦਾ ਸ਼ਿਕਾਰ ਹੋ ਗਈ ਹੈ, ਪਰ ਇੰਗਲੈਂਡ ਵਿਚਲੇ ਪੰਜਾਬੀ ਇਸ ਖੇਡ ਨੂੰ ਮੁੜਸੁਰਜੀਤ ਕਰਨ ਵਿਚ ਕਾਮਯਾਬ ਰਹੇ ਹਨ। ਉਮੀਦ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਵੇਗਾ ਅਤੇ ਲਾਹੌਰ ਦਾ ਕੋਈ ਹੋਰ ਗਾਮਾ ਪਹਿਲਵਾਨ ਯੂਰਪ ਤੋਂ ਆਏ ਜ਼ਾਈਬਿਸਕੋ ਨੂੰ ਹਰਾਵੇਗਾ।

ਹਜ਼ਾਰਾਂ ਸਾਲਾਂ ਤੋਂ ਕੁਸ਼ਤੀ ਇਕ ਸ਼ਾਹੀ ਖੇਡ ਰਹੀ ਹੈ। ਪ੍ਰਾਚੀਨ ਯੂਨਾਨ ਹੋਵੇ, ਰੋਮਨ ਸਾਮਰਾਜ ਹੋਵੇ, ਕਲਿਓਪੈਟਰਾ ਦਾ ਮਿਸਰ, ਇਰਾਨ ਜਾਂ ਭਰਤ-ਪਾਕਿਸਤਾਨ ਬਰ-ਏ-ਸਗ਼ੀਰ, ਹਰ ਥਾਂ ਕੁਸ਼ਤੀ ਹਮੇਸ਼ਾ ਹੀ ਕੌਮੀ ਜੀਵਨ ਦਾ ਹਿੱਸਾ ਰਹੀ ਹੈ। ਇਥੋਂ ਤੱਕ ਕਿ ਅਜੋਕੇ ਦੌਰ ਵਿਚ ਵੀ ਲਾਹੌਰ ਕਿਲ੍ਹੇ ਨੇੜਲੇ ਕੁਸ਼ਤੀ ਸਟੇਡੀਅਮ ਵਿਚ ਕਰਵਾਏ ਜਾਂਦੇ ‘ਆਲ-ਪੰਜਾਬ ਦੰਗਲ’ ਮੁਕਾਬਲੇ ਵਿਚ ਪੰਜਾਬ ਭਰ ਦੇ ਪਿੰਡਾਂ ਤੋਂ ਬਿਹਤਰੀਨ ਨੌਜਵਾਨ ਹਿੱਸਾ ਲੈਣ ਪੁੱਜਦੇ ਹਨ। ਜਿਸਮਾਨੀ ਤਾਕਤ ਪ੍ਰਤੀ ਅੱਜ ਵੀ ਇੰਨੀ ਖਿੱਚ ਬਰਕਰਾਰ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।