ਖਾਲਸਾ ਧੜੇ ਦੀ ਅੱਖ ਗੁਰੂ ਦੀ ਗੋਲਕ 'ਤੇ; ਵਕੀਲ ਦੀ ਫ਼ੀਸ ਮੰਗੀ ਗੁਰਦੁਆਰੇ ਤੋਂ

ਖਾਲਸਾ ਧੜੇ ਦੀ ਅੱਖ ਗੁਰੂ ਦੀ ਗੋਲਕ 'ਤੇ; ਵਕੀਲ ਦੀ ਫ਼ੀਸ ਮੰਗੀ ਗੁਰਦੁਆਰੇ ਤੋਂ

ਫਰੀਮਾਂਟ: ਗੁਰਦੁਆਰਾ ਸਾਹਿਬ ਫਰੀਮਾਂਟ ਦੇ ਹਿਸਾਬ ਦੀ ਦੁਹਾਈ ਪਾਉਣ ਵਾਲਾ ਖਾਲਸਾ ਧੜਾ ਗੁਰੂ ਦੀ ਗੋਲਕ ਨੂੰ ਆਪਣੀ ਚੌਧਰ ਲਈ ਵਰਤਣ ਦੇ ਯਤਨ ਕਰ ਰਿਹਾ ਹੈ। ਤਿੰਨ ਸੁਪਰੀਮ ਕੌਂਸਲ ਮੈਂਬਰਾਂ ਕੁਲਜੀਤ ਸਿੰਘ, ਹਰਮਿੰਦਰ ਸਿੰਘ ਤੇ ਬੀਬੀ ਅਰਵਿੰਦਰ ਕੌਰ ਦੇ ਵਕੀਲ ਨੇ ਗੁਰਦੁਆਰਾ ਸਾਹਿਬ ਨੂੰ ਚਿੱਠੀ ਪਾ ਕੇ ਉਸਦੀ ਫ਼ੀਸ ਦੇਣ ਨੂੰ ਕਿਹਾ ਹੈ। ਸਿੱਖ ਪੰਚਾਇਤ ਨਾਲ ਸਬੰਧਤ ਮੈਂਬਰ ਹਰਿੰਦਰਪਾਲ ਸਿੰਘ ਤੇ ਜਸਵਿੰਦਰ ਸਿੰਘ ਨੇ ਕੋਰਟ ਨੂੰ ਅਤੇ ਇਹਨਾਂ ਦੇ ਵਕੀਲ ਨੂੰ ਇਹ ਬਿੱਲ ਗੁਰਦੁਆਰੇ ਵੱਲੋਂ ਦੇਣ ਤੋਂ ਨਾਂਹ ਕਰ ਦਿੱਤੀ ਹੈ। 

ਗੁਰਦੁਆਰਾ ਸਾਹਿਬ ਨੂੰ ਭੇਜੀ ਗਈ ਚਿੱਠੀ

ਸਿੱਖ ਪੰਚਾਇਤ ਦੇ ਜਸਜੀਤ ਸਿੰਘ ਨੇ ਇਹਨਾਂ ਤਿੰਨਾਂ ਨੂੰ ਕਿਹਾ ਹੈ ਕਿ ਜੇ ਚੌਧਰ ਕਰਨ ਦਾ ਇੰਨਾ ਹੀ ਸ਼ੌਂਕ ਹੈ ਤਾਂ ਆਪਣੀਆਂ ਲੱਤਾਂ ਤੇ ਖੜੋ ਕੇ ਲੜੋ, ਗੁਰੂ ਦੀ ਗੋਲਕ ਤੇ ਅੱਖ ਨਾਂ ਰੱਖੋ। ਉਹਨਾਂ ਕਿਹਾ, "ਜਿਹੜੇ ਪਾਸੇ ਨੂੰ ਤੁਸੀਂ ਗੱਲ ਤੋਰ ਲਈ ਹੈ ਹੁਣ ਤੁਹਾਡਾ ਕੇਸਾਂ ਤੋਂ ਛੁਟਕਾਰਾ ਚੋਣਾਂ ਤੋਂ ਬਾਅਦ ਵੀ ਨਹੀਂ ਹੋਣ ਵਾਲਾ। ਉਹਨਾਂ ਨੇ ਹੈਰਾਨੀ ਪ੍ਰਗਟ ਕਰਦੇ ਕਿਹਾ ਕਿ ਜਿਹੜੇ ਲੋਕ ਕੁਲਜੀਤ ਤੇ ਹਰਮਿੰਦਰ ਵਰਗੇ ਅੰਮ੍ਰਿਤਧਾਰੀ ਹਨ ਉਹ ਝੂਠ ਬੋਲਣ ਲੱਗੇ ਬਿਲਕੁਲ ਸ਼ਰਮ ਨਹੀਂ ਕਰਦੇ। ਕੁਲਜੀਤ ਨੇ ਅੱਜ ਪੋਸਟ ਪਾਈ ਕਿ ਪਿਛਲੇ 10 ਸਾਲ ਤੋਂ ਅਸੀਂ ਕੋਈ ਹਿਸਾਬ ਨਹੀਂ ਦਿੱਤਾ। ਹੁਣ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਹਾਂ ਕਿ ਹਿਸਾਬ ਨੋਟਿਸ ਬੋਰਡ ਤੇ ਲੱਗਾ ਹੋਇਆ ਹੈ। ਇਹਨਾਂ ਦੇ ਧੜੇ ਦੇ ਹਰਜੀਤ ਸਿੰਘ ਤੇ ਲਖਬੀਰ ਸਿੰਘ ਦੱਸਣ ਕਿ ਹਿਸਾਬ ਕਿਤਾਬ ਵਿੱਚ ਪਿਛਲੇ 10 ਸਾਲਾਂ ਵਿੱਚ ਕੀ ਕੁਤਾਹੀ ਹੋਈ ਹੈ। ਹਰਮਿੰਦਰ ਸਿੰਘ ਆਪ ਵੀ ਖ਼ਜ਼ਾਨਾ ਕਮੇਟੀ ਵਿੱਚ ਰਿਹਾ ਹੈ ਤੇ ਉਹ ਵੀ ਦੱਸੇ ਕਿ ਕੀ ਧਾਂਦਲੀਆਂ ਹੋਈਆਂ ਹਨ। ਕੁਲਜੀਤ ਸਿੰਘ ਇੱਕ ਗ਼ੈਰ-ਜ਼ੁੰਮੇਵਾਰ ਤੇ ਮੰਦੀ ਭਾਸ਼ਾ ਬੋਲਣ ਵਾਲਾ ਇਨਸਾਨ ਹੈ। ਅਸਲ ਗੱਲ ਇਹ ਹੈ ਕਿ ਜਿਹੋ ਜਿਹੀ ਬੰਦੇ ਦੀ ਜ਼ਹਿਨੀਅਤ ਹੁੰਦੀ ਹੈ ਉਹੋ ਜਿਹੀ ਸੋਚ। ਜੇ ਖ਼ਜ਼ਾਨਾ ਇਹਨਾਂ ਕੋਲ ਹੁੰਦਾ ਤਾਂ ਹੁਣ ਨੂੰ ਖਾਲ਼ੀ ਕਰ ਜਾਣਾ ਸੀ। ਹਰਮਿੰਦਰ ਸਿੰਘ ਰਸੀਦ ਨੰਬਰ 334 ਲੈ ਕੇ ਗਏ ਨੂੰ ਇੱਕ ਸਾਲ ਤੋਂ ਉੱਪਰ ਹੋ ਗਿਆ ਪਰ ਅੱਜ ਤੱਕ ਨਾਂ ਕੋਈ ਪੈਸਾ ਜਮਾਂ ਕਰਾਇਆ ਹੈ ਤੇ ਨਾਂ ਹੀ ਕੋਈ ਹਿਸਾਬ ਦਿੱਤਾ ਹੈ।" 

ਸਿੱਖ ਪੰਚਾਇਤ ਨੇ ਸੰਗਤ ਨੂੰ ਸ਼ਪੱਸ਼ਟ ਕਰਦੇ ਹੋਏ ਕਿਹਾ ਕਿ ਖਾਲਸਾ ਧੜੇ ਦੇ ਸਾਡੇ ਤੋਂ ਵੱਖ ਹੋਣ ਦੇ ਕਾਰਨ ਵੀ ਕੁੱਝ ਅਜਿਹੇ ਹੀ ਸਨ ਜਿਹਨਾਂ ਵਿੱਚ ਮੁੱਖ ਐਸ ਪੀ ਸਿੰਘ ਦੇ ਰੇਡੀਉ ਨੂੰ 2500 ਡਾਲਰ ਮਹੀਨਾ ਨਾਂ ਦੇਣਾ ਹੈ। ਹੁਣ ਇਹਨਾਂ ਵੱਲੋਂ ਵਕੀਲ ਦੀ ਫ਼ੀਸ ਦੀ ਮੰਗ ਕਰਨੀ ਵੀ ਇਹਨਾਂ ਵੱਲੋਂ ਗੁਰੂ ਦੀ ਗੋਲਕ ਦੀ ਦੁਰਵਰਤੋਂ ਕਰਨ ਦਾ ਸਬੂਤ ਹੈ। ਉਹਨਾਂ ਕਿਹਾ ਕਿ ਸੰਗਤ ਨੂੰ ਬੇਨਤੀ ਹੈ ਕਿ ਖਾਲਸਾ ਧੜੇ ਨੂੰ ਚੋਣਾਂ ਵਿੱਚ ਕਰਾਰੀ ਹਾਰ ਦੇ ਕੇ ਸੁਨੇਹਾ ਦਿੱਤਾ ਜਾਵੇ ਕਿ ਮੰਦੀ ਭਾਸ਼ਾ, ਦੂਸ਼ਨਬਾਜੀ ਤੇ ਝੂਠ ਦੀ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿੱਚ ਕੋਈ ਜਗ੍ਹਾ ਨਹੀਂ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।