ਵਰਲਡ ਸਿੱਖ ਪਾਰਲੀਮੈਂਟ ਦੇ ਅਮਰੀਕਾ ਤੇ ਕੈਨੇਡਾ ਖੇਤਰ ਦੇ ਨੁਮਾਇੰਦਿਆਂ ਦੀ ਹੋਈ ਭਰਵੀਂ ਬੈਠਕ

ਵਰਲਡ ਸਿੱਖ ਪਾਰਲੀਮੈਂਟ ਦੇ ਅਮਰੀਕਾ ਤੇ ਕੈਨੇਡਾ ਖੇਤਰ ਦੇ ਨੁਮਾਇੰਦਿਆਂ ਦੀ ਹੋਈ ਭਰਵੀਂ ਬੈਠਕ

ਨਿਊਯਾਰਕ, (ਰਾਜ ਗੋਗਨਾ): ਵਰਲਡ ਸਿੱਖ ਪਾਰਲੀਮੈਂਟ ਯੂ.ਐੱਸ.ਏ. ਅਤੇ ਕੈਨੇਡਾ (ਡਬਲਯੂ.ਐੱਸ.ਪੀ.-ਕਨੇਡਾ) ਖੇਤਰਾਂ ਦੇ ਨੁਮਾਇੰਦਿਆਂ ਨੇ ਦੋ ਰੋਜ਼ਾ ਸੈਸ਼ਨ ਲਈ ਨਿਊਯਾਰਕ ਦੇ ਹੈਮਿਲਟਨ ਹੋਟਲ ਵਿੱਚ ਮੀਟਿੰਗ ਕੀਤੀ ਤਾਂ ਜੋ ਸਿੱਖ ਕੌਮ ਨੂੰ ਵਿਸ਼ਵ ਪੱਧਰ 'ਤੇ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਸਮਾਗਮ ਦੀ ਸ਼ੁਰੂਆਤ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਹੋਈ, ਜੋ ਕੈਲੀਫੋਰਨੀਆ ਤੋਂ ਸਹਾਇਕ ਖਜਾਨਚੀ ਸ: ਕਰਨੈਲ ਸਿੰਘ ਦੁਆਰਾ ਕੀਤੀ ਗਈ ਅਤੇ ਸਮੁੱਚੇ ਮੈਂਬਰਾਂ ਨੇ ਇਸ ਅਰਦਾਸ ਵਿਚ ਭਾਗ ਲਿਆ। 

ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਕਿਹਾ,“ਇਹ ਸੈਸ਼ਨ ਅਮਰੀਕਾ ਅਤੇ ਕੈਨੇਡਾ ਦਾ ਸਾਂਝੇ ਉਦੇਸ਼ 'ਤੇ ਪਹਿਲਾ ਸਾਂਝਾ ਸੈਸ਼ਨ ਹੈ ਜਿਸ ਵਿਚ ਸਿੱਖ ਭਾਈਚਾਰੇ ਨੂੰ ਹਰ ਮੋਰਚੇ 'ਤੇ ਦਰਪੇਸ਼ ਚੁਣੌਤੀਆਂ ਦਾ ਹੱਲ ਕਰਨ ਲਈ ਵਿਚਾਰ ਵਟਾਂਦਾਰਾ ਕੀਤਾ ਗਿਆ। ਭਾਰਤੀ ਜੇਲ੍ਹ ਵਿਚ ਬੰਦ ਸਿਆਸੀ ਕੈਦੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਜੀ ਨੇ ਸਿੱਖ ਕੌਮ ਨੂੰ ਸੰਦੇਸ਼ ਦਿੱਤਾ ਹੈ ਕਿ ਬਿਨ੍ਹਾਂ ਕਿਸੇ ਡਰ ਦੇ ਸਿੱਖੀ ਵਿਸ਼ਵਾਸ ਦੀ ਪਾਲਣਾ ਕੀਤੀ ਜਾਵੇ। ਸਿੱਖ ਇਕ ਪ੍ਰਭੂਸੱਤਾ ਰਾਸ਼ਟਰ ਦੀ ਸੋਚ ਵਾਲੀ ਕੌਮ ਹੈ। ਸਿੱਖ ਨੌਜਵਾਨਾਂ ਨੂੰ ਵੱਖ-ਵੱਖ ਕੌਂਸਲਾਂ ਵਿਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਸਿੱਖ ਰਾਜ ਸਥਾਪਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ।” 

ਯੂ.ਐੱਸ.ਏ. ਖੇਤਰ ਦੇ ਸਪੀਕਰ ਡਾ: ਅਮਰਜੀਤ ਸਿੰਘ ਨੇ ਕਿਹਾ,“ਸਾਨੂੰ ਪੰਥ ਦੀ ਬਿਹਤਰੀ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ। ਵਰਲਡ ਸਿੱਖ ਪਾਰਲੀਮੈਂਟ ਇਕ ਸਿੱਖ ਕੌਮ ਦੀ ਅਗਵਾਈ ਕਰਨ ਵਾਲੀ ਸਾਂਝੀ ਸੰਸਥਾ ਹੈ ਅਤੇ ਜੋ ਕਹਿੰਦੇ ਹਨ ਕਿ ਸਿੱਖ ਕੌਮ ਆਗੂ ਵਿਹੂਣੀ ਹੈ, ਉਹਨਾਂ ਲਈ ਇਹ ਢੁੱਕਵਾਂ ਜਵਾਬ ਹੈ।'' 

ਯੂ.ਐੱਨ., ਐੱਨ.ਜੀ.ਓ. ਕੌਂਸਲ ਦੇ ਮੈਂਬਰ ਸਵਰਨਜੀਤ ਸਿੰਘ ਨੇ ਕਿਹਾ, “ਯੂ.ਐੱਨ., ਐੱਨ.ਜੀ.ਓ. ਕੌਂਸਲ ਮੈਂਬਰ ਦੇਸ਼ਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਜੋ ਵਿਸ਼ਵ ਪੱਧਰ 'ਤੇ ਸਿੱਖਾਂ ਦੀ ਸਥਿਤੀ ਅਤੇ ਉਹਨਾਂ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਜਾਗਰੂਕਤਾ ਲਿਆ ਰਹੀ ਹੈ।”

ਯੂ.ਐੱਸ.ਏ. ਵਿਚ ਵਰਲਡ ਸਿੱਖ ਪਾਰਲੀਮੈਂਟ ਦੀ ਸੈਕਟਰੀ ਹਰਮਨ ਕੌਰ ਨੇ ਕਿਹਾ, “ਵਰਲਡ ਸਿੱਖ ਪਾਰਲੀਮੈਂਟ ਦਾ ਨੌਜਵਾਨਾਂ ਨੂੰ ਵਰਲਡ ਸਿੱਖ ਪਾਰਲੀਮੈਂਟ ਪ੍ਰੋਜੈਕਟਾਂ ਵਿਚ ਸ਼ਾਮਲ ਹੋਣ ਅਤੇ ਸਹਾਇਤਾ ਕਰਨ ਲਈ ਖੁੱਲ੍ਹਾ ਸੱਦਾ ਹੈ।”

ਵਰਲਡ ਸਿੱਖ ਪਾਰਲੀਮੈਂਟ ਦੇ ਸਹਿ-ਸਪੀਕਰ ਡਾ. ਹਰਦਮ ਸਿੰਘ ਆਜ਼ਾਦ ਨੇ ਕਿਹਾ, “ਵਰਲਡ ਸਿੱਖ ਪਾਰਲੀਮੈਂਟ ਸਿੱਖ ਕੌਮ ਦੀ ਉਸਾਰੀ ਲਈ ਇੱਕ ਆਧਾਰ ਸਥਾਪਿਤ ਕਰ ਰਹੀ ਹੈ ਜੋ ਯੋਜਨਾਬੱਧ ਨੀਤੀਆਂ ਰਾਹੀਂ ਹੋਂਦ ਵਿੱਚ ਆਈ ਹੈ। ਅਸੀਂ ਇਹਨਾਂ ਨੂੰ ਉਜਾਗਰ ਕਰਨ ਵਿਚ ਅਤੇ ਆਪਣੀਆਂ ਕੌਂਸਲਾਂ ਰਾਹੀਂ ਕਾਨੂੰਨੀ ਕਾਰਵਾਈਆਂ ਦੀਆਂ ਰਣਨੀਤੀਆਂ ਉੱਤੇ ਕੰਮ ਕਰਨ ਵਿਚ ਤਰੱਕੀ ਹਾਸਲ ਕੀਤੀ ਹੈ।''

ਵਰਲਡ ਸਿੱਖ ਪਾਰਲੀਮੈਂਟ ਦੇ ਖਜਾਨਚੀ ਸ: ਸੁਨੀਤ ਸਿੰਘ ਨੇ ਕਿਹਾ, “ਸ਼੍ਰੋਮਣੀ ਕਮੇਟੀ ਦੇ ਗਠਨ ਦੇ 100 ਸਾਲ ਬਾਅਦ, ਅਸੀਂ ਵੇਖਦੇ ਹਾਂ ਕਿ ਬਦਕਿਸਮਤੀ ਨਾਲ ਇਸਦੇ ਗੈਰ-ਜ਼ਿੰਮੇਵਾਰੀ ਪ੍ਰਤੀਨਿਧ ਬਣ ਗਏ ਹਨ। ਵਰਲਡ ਸਿੱਖ ਪਾਰਲੀਮੈਂਟ ਆਖਰਕਾਰ ਵਿਸ਼ਵ ਭਰ ਦੀਆਂ ਸਿੱਖ ਸੰਸਥਾਵਾਂ ਲਈ ਇੱਕ ਮੌਕਾ ਹੈ ਕਿ ਅਤੇ ਇੱਕਜੁੱਟ ਹੋਣ ਤੇ ਆਪਣੇ ਮਸਲਿਆਂ ਬਾਰੇ ਵਿਚਾਰ ਵਟਾਂਦਰੇ ਲਈ ਅਤੇ ਆਪਣੀ ਆਵਾਜ਼ ਉਠਾਉਣ ਦਾ ਸਾਂਝਾ ਪਲੇਟਫਾਰਮ ਹੈ।''

 ਵਰਲਡ ਸਿੱਖ ਪਾਰਲੀਮੈਂਟ 10 ਨਵੰਬਰ, 2015 ਨੂੰ ਪੰਜਾਬ ਵਿਚ ਹੋਏ ਸਰਬੱਤ ਖਾਲਸਾ (ਸਿੱਖ ਕੌਮ ਦੇ ਇਕੱਠ) ਦੇ ਮਤੇ ਤੋਂ ਬਾਅਦ ਹੋਂਦ ਵਿਚ ਆਈ ਸੀ। ਵਰਲਡ ਸਿੱਖ ਪਾਰਲੀਮੈਂਟ ਇਕ ਆਜ਼ਾਦ ਸੰਗਠਨ ਸੰਯੁਕਤ ਰਾਸ਼ਟਰ ਦੇ ਦਫਤਰਾਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਨਾਲ ਕੰਮ ਕਰਨ ਦਾ ਵਾਅਦਾ ਕਰਦੀ ਹੈ।ਭਾਰਤੀ ਰਾਜ ਦੇ ਜ਼ੁਲਮ ਅਤੇ ਬੇਰਹਿਮੀ ਨਾਲ ਸਤਾਏ ਹੋਏ ਲੱਖਾਂ ਸਿੱਖਾਂ ਨੂੰ ਇਨਸਾਫ ਪ੍ਰਦਾਨ ਕਰਾਉਣ ਲਈ ਸੰਘਰਸ਼ ਕਰਦੀ ਹੈ। ਵਰਲਡ ਸਿੱਖ ਪਾਰਲੀਮੈਂਟ ਅੰਤਰਰਾਸ਼ਟਰੀ ਤੌਰ 'ਤੇ ਪ੍ਰਵਾਨਿਤ ਸਰਵ ਵਿਆਪੀ ਮਨੁੱਖੀ ਅਧਿਕਾਰਾਂ ਦੀਆਂ ਭਾਵਨਾ ਦਾ ਸਮਰਥਨ ਕਰਦੀ ਹੈ, ਜਿਵੇਂ ਕਿ ਸੰਯੁਕਤ ਰਾਸ਼ਟਰ ਦੇ ਚਾਰਟਰ, ਮਨੁੱਖੀ ਅਧਿਕਾਰਾਂ ਦਾ ਵਿਸ਼ਵਵਿਆਪੀ ਐਲਾਨਨਾਮਾ ਅਤੇ 1966 ਦੇ ਮਨੁੱਖੀ ਅਧਿਕਾਰਾਂ ਬਾਰੇ ਪ੍ਰਵਾਨਗੀ- ਇਕ ਸੱਭਿਅਕ ਵਿਸ਼ਵ ਵਿਵਸਥਾ ਦੀ ਕੁੰਜੀ ਹੈ। ਸਿੱਖਾਂ ਦੇ ਧਰਮ-ਸ਼ਾਸ਼ਤਰ ਅਤੇ ਰਾਜਨੀਤਿਕ ਵਿਚਾਰਧਾਰਾ ਵਿਚ ਜਾਤ, ਨਸਲ ਜਾਂ ਰੰਗ ਦੀ ਪਰਵਾਹ ਕੀਤੇ ਬਿਨਾਂ, ਸਾਰਿਆਂ ਲਈ ਨਿਆਂ ਅਤੇ ਅਜ਼ਾਦੀ ਦਾ ਫਰਜ਼ ਸ਼ਾਮਲ ਹੈ।