ਵਿਸ਼ਵ ਸਿਹਤ ਸੰਗਠਨ ਅਨੁਸਾਰ ਭਾਰਤ ਵਿਕ ਰਿਹਾ ... ਨਕਲੀ ਦੁੱਧ

ਵਿਸ਼ਵ ਸਿਹਤ ਸੰਗਠਨ ਅਨੁਸਾਰ ਭਾਰਤ ਵਿਕ ਰਿਹਾ ... ਨਕਲੀ ਦੁੱਧ

*64 ਕਰੋੜ ਲੀਟਰ ਦੁੱਧ ਦੀ ਰੋਜ਼ਾਨਾ ਵਿਕਰੀ ਵਿਚੋਂ 50 ਕਰੋੜ ਲੀਟਰ ਮਿਲਾਵਟੀ ਤੇ ਨਕਲੀ

*ਦਿਤੀ ਚਿਤਾਵਨੀ ਨਾ ਰੋਕਿਆ ਤਾਂ ਭਾਰਤੀ ਕੈਂਸਰ ਦੇ ਸ਼ਿਕਾਰ ਹੋਣਗੇ

ਨਕਲੀ ਅਤੇ ਮਿਲਾਵਟੀ ਦੁੱਧ ਦੇ ਕਾਰੋਬਾਰੀ ਮਨੁੱਖੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ | ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਭਾਰਤ 'ਚ ਰੋਜ਼ਾਨਾ 64 ਕਰੋੜ ਲੀਟਰ ਦੁੱਧ ਦੀ ਵਿਕਰੀ ਹੁੰਦੀ ਹੈ, ਜਿਸ 'ਵਿਚੋਂ 50 ਕਰੋੜ ਲੀਟਰ ਮਿਲਾਵਟੀ ਤੇ ਨਕਲੀ ਹੋਣ ਦਾ ਖ਼ਦਸ਼ਾ ਹੈ । ਉਧਰ 6 ਕਰੋੜ ਲੀਟਰ ਡੱਬਾ ਬੰਦ ਦੁੱਧ ਲੋਕ ਰੋਜ਼ਾਨਾ ਪੀਂਦੇ ਹਨ ।ਵਿਸ਼ਵ ਸਿਹਤ ਸੰਗਠਨ ਨੇ ਭਾਰਤ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਮਿਲਾਵਟੀ ਅਤੇ ਨਕਲੀ ਦੁੱਧ ਦੇ ਕਾਰੋਬਾਰ ਨੂੰ ਨਾ ਰੋਕਿਆ ਗਿਆ ਤਾਂ ਭਾਰਤੀ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਪੀੜਤ ਹੋ ਜਾਣਗੇ ।

 ਜਾਣਕਾਰੀ ਅਨੁਸਾਰ ਪੰਜਾਬ ਅੰਦਰ 25 ਲੱਖ ਗਊਆਂ ਅਤੇ 40 ਲੱਖ ਮੱਝਾਂ ਹੋਣ ਦੇ ਸਰਕਾਰੀ ਅੰਕੜੇ ਹਨ ਪਰ ਦੁੱਧ ਦੇਣ ਵਾਲੇ ਪਸ਼ੂਆਂ ਦੀ ਗਿਣਤੀ ਬਹੁਤ ਘੱਟ ਦੱਸੀ ਜਾ ਰਹੀ ਹੈ ।ਪੰਜਾਬ ਅੰਦਰ ਰੋਜ਼ਾਨਾ 16 ਲੱਖ ਲੀਟਰ ਦੁੱਧ ਦਾ ਉਤਪਾਦਨ ਹੁੰਦਾ ਹੈ । ਸੂਬੇ ਅੰਦਰ ਦੁੱਧ ਦੇ ਕੁੱਲ ਉਤਪਾਦਨ ਦਾ 60 ਫ਼ੀਸਦੀ ਹਿੱਸਾ ਲੋਕਾਂ ਦੁਆਰਾ ਵਰਤ ਲਿਆ ਜਾਂਦਾ ਹੈ ਅਤੇ 40 ਫ਼ੀਸਦੀ ਦੁੱਧ ਮੱਖਣ, ਦਹੀ, ਪਨੀਰ, ਸੁੱਕਾ ਦੁੱਧ, ਡੱਬਾ ਬੰਦ ਦੁੱਧ ਬਣਾਉਣ ਲਈ ਵਰਤਿਆ ਜਾਂਦਾ ਹੈ ।

 ਫੂਡ ਸੇਫ਼ਟੀ ਅਤੇ ਸਟੈਂਡਰਡ ਅਥਾਰਟੀ ਆਫ਼ ਇੰਡੀਆ ਵਲੋਂ ਕਰਵਾਏ ਗਏ ਇਕ ਸਰਵੇ ਅਨੁਸਾਰ ਸੂਬੇ ਵਿਚ ਦੁੱਧ ਦੇ 37 ਫ਼ੀਸਦੀ ਨਮੂਨੇ ਜਾਂਚ ਦੌਰਾਨ ਫ਼ੇਲ੍ਹ ਪਾਏ ਗਏ ਸਨ ।ਪਤਾ ਲੱਗਾ ਹੈ ਕਿ ਜ਼ਿਆਦਾ ਮੁਨਾਫ਼ੇ ਦੀ ਆਸ 'ਚ ਸ਼ਹਿਰਾਂ ਸਮੇਤ ਪਿੰਡਾਂ ਵਿਚ ਵੀ ਦੁੱਧ ਵੇਚਣ ਵਾਲੇ ਡੇਅਰੀ ਸੰਚਾਲਕ ਦੁੱਧ ਨੰੂ ਅਰਾਰੋਟ, ਰੰਗ, ਕੱਪੜੇ ਧੋਣ ਵਾਲੇ ਪਾਊਡਰ, ਗੁਲੂਕੋਜ਼ ਅਤੇ ਮਿਲਕ ਪਾਊਡਰ ਨਾਲ ਦੁੱਧ ਤਿਆਰ ਕਰਕੇ ਮਨੁੱਖੀ ਸਿਹਤ ਨਾਲ ਖੇਡ ਰਹੇ ਹਨ ।

ਰਿਪੋਰਟ ਅਨੁਸਾਰ ਸਾਲ 2018 ਵਿਚ ਲਏ ਗਏ 2281 ਨਮੂਨਿਆਂ 'ਚੋਂ 815 ਫ਼ੇਲ੍ਹ ਹੋਏ ਹਨ । ਇਸੇ ਤਰ੍ਹਾਂ ਸਾਲ 2019 'ਚ 689 ਨਮੂਨਿਆਂ 'ਚੋਂ 221 ਦੁੱਧ ਦੇ ਨਮੂਨੇ ਫ਼ੇਲ੍ਹ ਹੋਣ ਦੀ ਸੂਚਨਾ ਹੈ । ਰਿਪੋਰਟ ਅਨੁਸਾਰ 5 ਸਾਲਾਂ 'ਚ ਲਏ ਗਏ ਦੁੱਧ ਦੇ ਨਮੂਨਿਆਂ 'ਚੋਂ 34 ਤੋਂ 37 ਫ਼ੀਸਦੀ ਤੱਕ ਨਮੂਨੇ ਫ਼ੇਲ੍ਹ ਹੋਏ ਹਨ । 60 ਫ਼ੀਸਦੀ ਨਮੂਨਿਆਂ 'ਚ ਪਾਣੀ ਦੀ ਮਿਲਾਵਟ ਪਾਈ ਜਾਂਦੀ ਹੈ । ਜ਼ਿਆਦਾਤਰ ਨਮੂਨੇ ਦੁੱਧ ਵੇਚਣ ਵਾਲੇ ਡੇਅਰੀ ਸੰਚਾਲਕਾਂ ਦੇ ਫ਼ੇਲ੍ਹ ਹੁੰਦੇ ਹਨ । ਦੁੱਧ ਵਿਕਰੇਤਾ ਜ਼ਿਆਦਾ ਮੁਨਾਫ਼ੇ ਦੀ ਆਸ 'ਚ ਦੁੱਧ ਵਿਚ ਪਾਣੀ ਪਾ ਕੇ ਉਸ ਨੂੰ ਗਾੜ੍ਹਾ ਕਰਨ ਲਈ ਅਰਾਰੋਟ ਪਾਊਡਰ ਦੀ ਵਰਤੋਂ ਕਰਦੇ ਹਨ ।

ਪਸ਼ੂਆਂ ਦੇ ਲਗਾਏ ਜਾਂਦੇ ਟੀਕਿਆਂ ਵਾਲਾ ਦੁੱਧ ਸਿਹਤ ਲਈ ਹਾਨੀਕਾਰਕ ਹੈ, ਉੱਥੇ ਕੱਪੜੇ ਧੋਣ ਵਾਲੇ ਪਾਊਡਰ ਅਤੇ ਕੰਧਾਂ ਨੂੰ ਕਰਨ ਵਾਲੇ ਰੰਗ ਨਾਲ ਤਿਆਰ ਕੀਤਾ ਹੋਇਆ ਦੁੱਧ ਵੀ ਖਪਤਕਾਰਾਂ ਨੂੰ ਪਿਲਾਏ ਜਾਣ ਦੀਆਂ ਕਨਸੋਆਂ ਹਨ ।

ਭਾਰਤ ਅੰਦਰ ਡੱਬਾ ਬੰਦ ਦੁੱਧ ਦੇ ਨਮੂਨੇ ਫ਼ੇਲ੍ਹ ਹੋਣ ਦੀ ਦਰ 38 ਫ਼ੀਸਦੀ ਤੇ ਖੁੱਲੇ ਦੁੱਧ ਦੇ ਨਮੂਨੇ ਫ਼ੇਲ੍ਹ ਹੋਣ ਦੀ ਦਰ 47 ਫ਼ੀਸਦੀ ਹੈ ।ਜਾਣਕਾਰੀ ਅਨੁਸਾਰ ਭਾਰਤ ਵਿਚ 6 ਕਰੋੜ ਲੀਟਰ ਡੱਬਾ ਬੰਦ ਦੁੱਧ ਦਾ ਸਾਲਾਨਾ 75000 ਕਰੋੜ ਦਾ ਕਾਰੋਬਾਰ ਹੈ । ਸੂਬਾ ਸਰਕਾਰ ਵਲੋਂ ਭਾਵੇਂ ਪਲਾਸਟਿਕ ਦੀ ਵਰਤੋਂ 'ਤੇ ਪਾਬੰਦੀ ਲਗਾਈ ਹੋਈ ਹੈ ਪਰ ਡੱਬਾ ਬੰਦ ਦੁੱਧ ਲਈ ਵਰਤੇ ਜਾਂਦੇ ਪੈਕਟਾਂ ਲਈ ਕਰੋੜਾਂ ਰੁਪਈਆ ਖ਼ਰਚਿਆ ਜਾ ਰਿਹਾ ਹੈ । ਇਸ ਪੂਰੇ ਮਾਮਲੇ ਬਾਰੇ ਸਿਹਤ ਵਿਭਾਗ ਬਹੁਤਾ ਹਰਕਤ ਵਿਚ ਵਿਖਾਈ ਨਹੀਂ ਦਿੰਦਾ ।ਇਥੋਂ ਤੱਕ ਕਿ ਪਿਛਲੇ ਸਮੇਂ ਅੰਦਰ ਸਿਹਤ ਵਿਭਾਗ ਮਿਲਾਵਟਖੋਰਾਂ ਨੂੰ ਸਜ਼ਾ ਦਿਵਾਉਣ 'ਚ ਅਸਫਲ ਹੀ ਰਿਹਾ ਹੈ ।

ਮਿਲਾਵਟੀ ਦੁੱਧ ਦੇ ਮਾਰੁ ਪ੍ਰਭਾਵ

ਮਿਲਾਵਟੀ ਦੁੱਧ ਦਾ ਵੱਡਾ ਹਿੱਸਾ ਪਾਣੀ ਹੁੰਦਾ ਹੈ। ਇਹ ਨਾ ਸਿਰਫ ਦੁੱਧ ਦੀ ਘਣਤਾ ਨੂੰ ਘਟਾਉਂਦਾ ਹੈ ਬਲਕਿ ਇਹ ਦੁੱਧ ਵਿਚ ਮੌਜੂਦ ਸਾਰੇ ਕੁਦਰਤੀ ਲੋੜੀਂਦੇ ਪੌਸ਼ਟਿਕ ਤੱਤਾਂ ਦੀ ਮਾਤਰਾ ਨੂੰ ਵੀ ਘਟਾਉਂਦਾ ਹੈ। ਇਸਤੋਂ ਇਲਾਵਾ ਜੇ ਮਿਲਾਵਟ ਕਰਨ ਲਈ ਦੂਸ਼ਿਤ ਪਾਣੀ ਵਰਤਿਆ ਜਾਵੇ ਤਾਂ ਇਹ ਕਈ ਹੋਰ ਹਾਨੀਕਾਰਕ ਬਿਮਾਰੀਆਂ ਜਿਵੇਂ ਹੈਜ਼ਾ, ਟਾਈਫਾਈਡ ਅਤੇ ਹੈਪੇਟਾਈਟਸ ਏ ਅਤੇ ਈ ਆਦਿ ਦਾ ਕਾਰਨ ਬਣ ਸਕਦਾ ਹੈ।

ਸਿੰਥੈਟਿਕ ਦੁੱਧ ਵਿੱਚ ਮਿਠਾਸ ਵਧਾਉਣ ਲਈ ਚੀਨੀ ਮਿਲਾਈ ਜਾਂਦੀ ਹੈ। ਕੁਦਰਤੀ ਦੁੱਧ ਵਿਚ ਮੌਜੂਦ ਲੈਕਟੋਜ਼ ਮਨੁੱਖੀ ਸਿਹਤ 'ਤੇ ਮਾੜੇ ਪ੍ਰਭਾਵ ਨਹੀਂ ਪਾਉਂਦੇ, ਪਰ ਸਿੰਥੈਟਿਕ ਦੁੱਧ ਵਿਚ ਮਾੜੀ ਕੁਆਲਟੀ ਵਾਲੀ ਚੀਨੀ ਦੀ ਵਰਤੋ ਨੁਕਸਾਨਦੇਹ ਹੋ ਸਕਦੀ ਹੈ, ਅਤੇ ਇਹ ਸ਼ੂਗਰ ਤੋਂ ਪੀੜਤ ਲੋਕਾਂ ਲਈ ਬਹੁਤ ਨੁਕਸਾਨਦੇਹ ਹੈ। ਦੁੱਧ ਵਿੱਚ ਥੋੜ੍ਹੀ ਮਾਤਰਾ ਵਿੱਚ ਯੂਰੀਆ ਵੀ ਮਿਲਾਇਆ ਜਾਂਦਾਂ ਹੈ ਜੋ ਕਿ ਪਾਣੀ ਵਿੱਚ ਘੁਲਣਸ਼ੀਲ ਪਦਾਰਥ ਹੈ ਆਮ ਤੌਰ ਤੇ ਇਹ ਦੁੱਧ ਨੂੰ ਗਾੜ੍ਹਾ ਬਣਾਉਣ ਲਈ ਮਿਲਾਇਆ ਜਾਂਦਾ ਹੈ ਅਤੇ ਇਸ ਦੀ ਜ਼ਿਆਦਾ ਮਾਤਰਾ ਖਪਤਕਾਰਾਂ ਲਈ ਜ਼ਹਿਰੀਲੇਪਣ ਦਾ ਕਾਰਨ ਵੀ ਬਣ ਸਕਦੀ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ) ਦੀ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਦੁੱਧ ਵਿੱਚ ਯੂਰੀਆ ਮਿਲਾਉਣਾ ਮਨੁੱਖਾਂ ਵਿੱਚ ਕੈਂਸਰ ਦਾ ਕਾਰਨ ਵੀ ਬਣ ਸਕਦਾ ਹੈ।

ਸਿੰਥੈਟਿਕ ਦੁੱਧ ਵਿਚ ਡਿਟਰਜੈਂਟ ਦੀ ਮੌਜੂਦਗੀ ਬਹੁਤ ਨੁਕਸਾਨਦੇਹ ਹੋ ਸਕਦੀ ਹੈ ਕਿਉਂਕਿ ਜ਼ਿਆਦਾਤਰ ਡਿਟਰਜੈਂਟ ਡਾਈਆਕਸਿਨ ਪੈਦਾ ਕਰਦੇ ਹਨ ਜੋ ਇੱਕ ਕੈਂਸਰ ਕਰਨ ਵਾਲਾ ਤੱਤ ਹੈ। ਡਾਈਆਕਸਿਨ ਤੋਂ ਇਲਾਵਾ, ਡਿਟਰਜੈਂਟਾਂ ਤੋਂ ਕੁਝ ਹੋਰ ਜ਼ਹਿਰੀਲੇ ਤੱਤ ਜਿਵੇਂ ਕਿ ਸੋਡੀਅਮ ਲੌਰੀਲ ਸਲਫੇਟ (ਐਸ. ਐਲ. ਐਸ.) ਨੋਨਿਲਫੇਨੋਲ ਈਥੋਕਸਾਈਲੇਟ, ਅਤੇ ਫਾਸਫੇਟ ਆਦਿ ਪੈਦਾ ਹੁੰਦੇ ਹਨ। ਵੱਖ ਵੱਖ ਅਧਿਐਨਾਂ ਦੇ ਨਤੀਜੇ ਦੱਸਦੇ ਹਨ ਕਿ ਸੋਡੀਅਮ ਲੌਰੀਲ ਸਲਫੇਟ ਕਿਸੇ ਵੀ ਰੂਪ ਵਿਚ ਮੌਜੂਦ ਹੋਣ ਤੇ ਅੱਖਾਂ ਅਤੇ ਚਮੜੀ ਦੇ ਜਲਣ ਦਾ ਕਾਰਨ ਬਣਦਾ ਹੈ, ਨਾਲ ਹੀ ਅੰਗਾਂ ਦੇ ਜ਼ਹਿਰੀਲੇਪਨ, ਨਿਊਰੋਟੌਕਸੀਸਿਟੀ,  ਸ਼ੁਕਰਾਣੂਆਂ ਦੀ ਗਿਣਤੀ ਘਟਣ,  ਮੌਤ ਦਰ ਵਿੱਚ ਵਾਧਾ ਅਤੇ ਕੈਂਸਰ ਦਾ ਕਾਰਨ ਬਣਦੇ ਹਨ। ਸੋਡੀਅਮ ਹਾਈਡ੍ਰੋਕਸਾਈਡ ਅਤੇ ਸੋਡੀਅਮ ਕਾਰਬੋਨੇਟ ਦੀ ਵਰਤੋਂ ਆਮ ਤੌਰ 'ਤੇ ਇਕ ਨਿਊਟ੍ਰਲਾਈਜ਼ਰ ਵਜੋਂ ਕੀਤੀ ਜਾਂਦੀ ਹੈ, ਜੋ ਕਿ ਬਹੁਤ ਨੁਕਸਾਨਦੇਹ ਹੋ ਸਕਦੀ ਹੈ। ਇਹ ਪੇਟ ਵਿਚ ਜਲਣ ਅਤੇ ਦਰਦ ਦਾ ਕਾਰਨ ਬਣ ਸਕਦੇ ਹਨ।

ਇਸਤੋਂ ਇਲਾਵਾ ਕੁਦਰਤੀ ਦੁੱਧ ਦੀ ਬਜਾਏ ਸਿੰਥੈਟਿਕ ਦੁੱਧ ਦੀ ਨਿਯਮਤ ਰੂਪ ਵਿੱਚ ਵਰਤੋ, ਖ਼ਪਤਕਾਰਾਂ ਵਿੱਚ ਕੁਦਰਤੀ ਪੌਸ਼ਟਿਕ ਤੱਤਾਂ ਦੀ ਘਾਟ ਦਾ ਕਾਰਨ ਬਣ ਸਕਦੀ ਹੈ, ਜਿਸ ਦੇ ਹੋਰ ਨੁਕਸਾਨਦੇਹ ਪ੍ਰਭਾਵ ਹੋ ਸਕਦੇ ਹਨ।

ਦੁੱਧ ਦੀ ਮਿਲਾਵਟ ਕਰਨ ’ਤੇ ਕਾਨੂੰਨੀ ਸਜ਼ਾ

ਕਾਨੂੰਨ ਦੇ ਹਿਸਾਬ ਨਾਲ ਅਜਿਹੇ ਖੁਰਾਕ ਪਦਾਰਥ, ਜਿਸ ਦੀ ਕੁਆਲਟੀ ਖਰਾਬ ਹੈ ਪਰ ਜਿਸ ਨਾਲ ਕਿਸੇ ਵਿਅਕਤੀ ਨੂੰ ਨੁਕਸਾਨ ਨਹੀਂ ਹੋਇਆ ਹੈ, ਉਸ ਦੀ ਮਿਲਾਵਟ ਨਾਲ ਛੇ ਮਹੀਨੇ ਤਕ ਦੀ ਜੇਲ੍ਹ ਤੇ ਇੱਕ ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਜਾ ਸਕਦਾ ਹੈ। ਜੇ ਇਸ ਨਾਲ ਕਿਸੇ ਨੂੰ ਨੁਕਸਾਨ ਹੋਇਆ ਹੈ ਤਾਂ ਛੇ ਸਾਲ ਦੀ ਜੇਲ੍ਹ ਤੇ 5 ਲੱਖ ਰੁਪਏ ਦਾ ਜ਼ੁਰਮਾਨਾ ਹੋ ਸਕਦਾ ਹੈ। ਮੌਤ ਹੋਣ ਦੀ ਸਥਿਤੀ ਵਿੱਚ ਘੱਟੋ-ਘੱਟ 7 ਸਾਲ ਜੇਲ੍ਹ ਤੇ 10 ਲੱਖ ਤੋਂ ਵੱਧ ਜ਼ੁਰਮਾਨਾ ਲਾਇਆ ਜਾ ਸਕਦਾ ਹੈ। ਫੂਡ ਸੇਫਟੀ ਐਕਟ, 2006 ਤਹਿਤ ਮਿਲਾਵਟ ਕਰਨ ਦੇ ਦੋਸ਼ੀ ਨੂੰ ਚਾਰ ਤੋਂ ਲੈ ਕੇ 10 ਸਾਲ ਦੀ ਕੈਦ ਅਤੇ 10 ਲੱਖ ਰੁਪਏ ਤਕ ਦਾ ਜ਼ੁਰਮਾਨਾ ਕੀਤਾ ਜਾ ਸਕਦਾ ਹੈ, ਪਰ ਇਹ ਕਾਨੂੰਨ ਸਿਰਫ ਫਾਰਮੈਲਿਟੀ ਹੀ ਰਹਿ ਗਿਆ ਜਾਪਦਾ ਹੈ। ਜ਼ੁਰਮਾਨੇ ਤੋਂ ਇਲਾਵਾ ਕਦੀ ਕਿਸੇ ਮਿਲਾਵਟਖੋਰ ਨੂੰ ਸਜ਼ਾ ਹੁੰਦੀ ਨਜ਼ਰ ਨਹੀਂ ਆਈ।