ਅਮਰੀਕਾ ਨੇ ਭਾਰਤ ਤੇ ਚੀਨ ਸਮੇਤ ਅੱਠ ਮੁਲਕਾਂ ਨੂੰ ਦਿਤਾ ਵੱਡਾ ਝਟਕਾ! ਕੰਪਨੀਆਂ ਦੇ ਵਪਾਰ 'ਤੇ ਕੀਤਾ ਬੈਨ

ਅਮਰੀਕਾ ਨੇ ਭਾਰਤ ਤੇ ਚੀਨ ਸਮੇਤ ਅੱਠ ਮੁਲਕਾਂ ਨੂੰ ਦਿਤਾ ਵੱਡਾ ਝਟਕਾ! ਕੰਪਨੀਆਂ ਦੇ ਵਪਾਰ 'ਤੇ ਕੀਤਾ ਬੈਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਵਸ਼ਿੰਗਟਨ: ਰੂਸੀ ਫ਼ੌਜ ਦੀ ਸਹਾਇਤਾ ਕਰਨ ਦੇ ਦੋਸ਼ ਹੇਠ ਅਮਰੀਕਾ ਨੇ ਭਾਰਤ ਤੇ ਚੀਨ ਸਮੇਤ ਅੱਠ ਮੁਲਕਾਂ ਦੀਆਂ ਕੰਪਨੀਆਂ ਨਾਲ ਵਪਾਰ ਰੋਕ ਦਿੱਤਾ ਹੈ। ਇਨ੍ਹਾਂ ’ਵਿਚੋਂ 42 ਕੰਪਨੀਆਂ ਚੀਨ ਦੀਆਂ ਹਨ। ਵਪਾਰ ਬਰਾਮਦ ਕੰਟਰੋਲ ਸੂਚੀ ਵਿਚ ਫਿਨਲੈਂਡ, ਜਰਮਨੀ, ਭਾਰਤ, ਤੁਰਕੀ, ਸੰਯੁਕਤ ਅਰਬ ਅਮੀਰਾਤ ਤੇ ਬਰਤਾਨੀਆ ਦੀਆਂ ਸੱਤ ਹੋਰ ਕੰਪਨੀਆਂ ਵੀ ਸ਼ਾਮਲ ਹਨ।

ਇਨ੍ਹਾਂ ਕੰਪਨੀਆਂ ਨੇ ਅਮਰੀਕਾ ’ਚ ਬਣੇ ਇੰਟੀਗ੍ਰੇਟਿਡ ਸਰਕਿਟਾਂ ਦੀ ਸਪਲਾਈ ਸਮੇਤ ਹੋਰ ਫ਼ੌਜੀ ਸਾਜ਼ੋ-ਸਾਮਾਨ ਰੂਸ ਲਈ ਤਿਆਰ ਕੀਤਾ ਸੀ। ਸਰਕਿਟਾਂ ਵਿਚ ਮਾਈਕਰੋਇਲੈਕਟ੍ਰਾਨਿਕਸ ਸ਼ਾਮਲ ਹਨ ਜੋ ਰੂਸ ਨੇ ਮਿਜ਼ਾਈਲਾਂ ਤੇ ਡ੍ਰੋਨ ਪ੍ਰਣਾਲੀਆਂ ਵਿਚ ਵਰਤੇ ਹਨ। ਅਮਰੀਕੀ ਵਣਜ ਵਿਭਾਗ ਨੇ ਕਿਹਾ ਕਿ ਰੂਸ ਵੱਲੋਂ ਮਿਜ਼ਾਈਲਾਂ ਤੇ ਡਰੋਨਾਂ ਦੀ ਵਰਤੋਂ ਕਰਕੇ ਯੂਕਰੇਨ ਵਿਚ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਬਰਾਮਦਾਂ ’ਤੇ ਨਜ਼ਰ ਰੱਖਣ ਵਾਲੇ ਵਿਭਾਗ ਦੇ ਸਹਾਇਕ ਸਕੱਤਰ ਮੈਥਿਊ ਐਕਸਲਰੋਡ ਨੇ ਕਿਹਾ,‘‘ਕੰਪਨੀਆਂ ਨਾਲ ਕਾਰੋਬਾਰ ਰੋਕ ਕੇ ਸਪੱਸ਼ਟ ਸੁਨੇਹਾ ਦਿੱਤਾ ਗਿਆ ਹੈ ਕਿ ਜੇਕਰ ਕੋਈ ਅਮਰੀਕੀ ਮੂਲ ਦੀ ਤਕਨਾਲੋਜੀ ਰੂਸੀ ਰੱਖਿਆ ਖੇਤਰ ਨੂੰ ਸਪਲਾਈ ਕਰੇਗਾ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।’’

ਚੀਨ ਨੇ ਅਮਰੀਕੀ ਕਾਰਵਾਈ ਨੂੰ ਆਰਥਿਕ ਧੱਕੇਸ਼ਾਹੀ ਅਤੇ ਇਕਪਾਸੜ ਧਮਕਾਉਣ ਦੀ ਹਰਕਤ ਦੱਸਿਆ ਹੈ। ਚੀਨੀ ਵਣਜ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਨੂੰ ਆਪਣੇ ਗਲਤ ਫ਼ੈਸਲਿਆਂ ਨੂੰ ਤੁਰੰਤ ਸਹੀ ਕਰਨਾ ਚਾਹੀਦਾ ਹੈ ਤੇ ਉਹ ਚੀਨੀ ਕੰਪਨੀਆਂ ਨੂੰ ਬਿਨਾ ਕਿਸੇ ਕਾਰਨ ਦੇ ਦਬਾਉਣਾ ਬੰਦ ਕਰੇ। ਕੰਪਨੀਆਂ ਨੂੰ ਕਾਲੀ ਸੂਚੀ ਵਿਚ ਉਸ ਸਮੇਂ ਪਾਇਆ ਜਾਂਦਾ ਹੈ ਜਦੋਂ ਅਮਰੀਕਾ ਸਮਝਦਾ ਹੈ ਕਿ ਉਸ ਦੀ ਸੁਰੱਖਿਆ ਜਾਂ ਵਿਦੇਸ਼ ਨੀਤੀ ਨੂੰ ਕੋਈ ਖ਼ਤਰਾ ਹੈ।