ਅਮਰੀਕਾ ਦੇ ਅਲਾਬਾਮਾ ਤੇ ਹੋਰ ਖੇਤਰਾਂ ਵਿਚ ਆਏ ਤੂਫਾਨ ਵਿੱਚ 6 ਮੌਤਾਂ.

ਅਮਰੀਕਾ ਦੇ ਅਲਾਬਾਮਾ ਤੇ ਹੋਰ ਖੇਤਰਾਂ ਵਿਚ ਆਏ ਤੂਫਾਨ ਵਿੱਚ 6 ਮੌਤਾਂ.
ਬਰਮਿੰਘਮ (ਅਲਾਬਾਮਾ) ਨੇੜੇ ਇਕ ਕਸਬੇ ਵਿਚ ਤੂਫਾਨ ਦੀ ਲਪੇਟ ਵਿਚ ਆ ਕੇ ਢਹਿਢੇਰੀ ਹੋਇਆ ਇਕ ਘਰ

ਅਨੇਕਾਂ ਘਰ ਤਬਾਹ ਤੇ ਹਜਾਰਾਂ ਲੋਕਾਂ ਦੇ ਘਰਾਂ ਦੀ ਬਿਜਲੀ ਗੁੱਲ.. 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ: (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਅਲਾਬਾਮਾ ਰਾਜ ਵਿਚ ਆਏ ਜਬਰਦਸਤ ਤੂਫਾਨ ਤੇ ਮੀਂਹ ਕਾਰਨ ਘੱਟੋ ਘੱਟ 5 ਲੋਕਾਂ ਦੀ ਮੌਤ ਹੋ ਗਈ ਹੈ।  ਅਨੇਕਾਂ ਘਰ ਤਬਾਹ ਹੋਏ ਹਨ ਤੇ ਹਜਾਰਾਂ ਲੋਕ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ ਹਨ। 'ਨੈਸ਼ਨਲ ਵੈਦਰ ਸਰਵਿਸ' ਨੇ ਕਿਹਾ ਹੈ ਕਿ ਤੂਫਾਨ ਨੇ ਸਮੁੱਚੇ ਰਾਜ  ਨੂੰ ਆਪਣੀ ਲਪੇਟ ਵਿਚ ਲਿਆ ਹੈ ਤੇ ਘਰਾਂ ਨੂੰ ਨੁਕਸਾਨ ਹੋਣ, ਜਗਾ-ਜਗਾ ਦਰਖਤ ਡਿੱਗਣ, ਲੋਕਾਂ ਦੇ ਜ਼ਖਮੀ ਹੋਣ ਤੇ ਤੂਫਾਨ ਵਿਚ ਫਸ ਜਾਣ ਦੀਆਂ ਰਿਪੋਰਟਾਂ ਹਨ। 35000 ਤੋਂ ਵਧ ਲੋਕਾਂ ਦੇ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ ਜਿਸ ਨੂੰ ਬਹਾਲ ਕਰਨ ਵਿਚ ਸਮਾਂ ਲੱਗ ਸਕਦਾ ਹੈ। ਕਲਹੋਨ ਕਾਊਂਟੀ ਦੇ ਅਧਿਕਾਰੀ ਪੈਟ ਬਰਾਊਨ ਨੇ 5 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਉਹ ਸਾਰੇ ਬਾਲਗ ਸਨ। ਇਹ ਮੌਤਾਂ 3 ਘਰਾਂ ਦੇ ਢਹਿ ਢੇਰੀ ਹੋ ਜਾਣ ਕਾਰਨ ਹੋਈਆਂ ਹਨ। ਉਨਾਂ ਦਸਿਆ ਕਿ 3 ਪਰਿਵਾਰਕ ਜੀਅ ਅਲਾਬਾਮਾ ਦੇ ਪੂਰਬ ਵਿਚ ਇਕ ਛੋਟੇ ਜਿਹੇ ਕਸਬੇ ਓਹੈਚੀ ਵਿਚ ਲੱਕੜ ਦੇ ਫਰੇਮ ਵਾਲੇ ਘਰ ਵਿਚ ਢਾਂਚਾ ਡਿੱਗ ਜਾਣ ਕਾਰਨ ਮਾਰੇ ਗਏ। ਉਹੈਚੀ ਦੇ ਹੀ ਇਕ ਹੋਰ ਘਰ ਵਿਚ ਇਕ ਵਿਅਕਤੀ ਮਾਰਿਆ ਗਿਆ ਜਦ ਕਿ ਵੈਲਿੰਗਟਨ ਵਿਚ ਇਕ ਔਰਤ ਮਾਰੀ ਗਈ। ਤੂਫਾਨ ਦੀ ਜਬਰਦਸਤ ਸ਼ੁਰੂਆਤ ਕੇਂਦਰੀ ਅਲਾਬਾਮਾ ਵਿਚ ਦੁਪਹਿਰ ਤੋਂ ਬਾਅਦ ਹੋਈ ਤੇ  ਸ਼ਾਮ ਤੱਕ ਤੇਜ ਹਵਾਵਾਂ ਜਾਰੀ ਰਹੀਆਂ।  ਤਬਾਹ ਹੋਈਆਂ ਸੜਕਾਂ ਦੀ ਸੂਚੀ ਬਹੁਤ ਲੰਬੀ ਦਸੀ ਜਾ ਰਹੀ ਹੈ ਜਦ ਕਿ ਢਹਿਢੇਰੀ ਹੋਏ ਘਰਾਂ ਤੋਂ ਇਲਾਵਾ ਇਕ ਚਰਚ ਨੂੰ ਵੀ ਨੁਕਸਾਨ ਪੁੱਜਾ। ਤੂਫਾਨ ਦੇ ਜਾਰੀ ਰਹਿਣ ਕਾਰਨ ਬਚਾਅ ਤੇ ਰਾਹਤ ਕੋਸ਼ਿਸ਼ਾਂ ਵਿਚ ਵਿਘਨ ਪੈ ਰਿਹਾ ਹੈ। ਕਲਹੋਨ ਕਾਊਂਟੀ ਦੇ ਹੰਗਾਮੀ ਸਥਿੱਤੀ ਨਾਲ ਨਜਿੱਠਣ ਵਾਲੇ ਅਧਿਕਾਰੀਆਂ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਤੂਫਾਨ ਵਾਲੇ ਖੇਤਰਾਂ ਤੋਂ ਦੂਰ ਰਹਿਣ ਕਿਉਂਕਿ ਅਜੇ ਹੋਰ ਤੂਫਾਨ ਵੀ ਆ ਸਕਦਾ ਹੈ। ਸ਼ੈਲਬਾਈ ਕਾਊਂਟੀ ਦੇ ਸ਼ੈਰਿਫ ਵਿਭਾਗ ਦੇ ਮੇਜਰ ਕਲੇਅ ਹਮੈਕ ਅਨੁਸਾਰ ਉਨਾਂ ਨੂੰ ਤੂਫਾਨ ਦੇ ਇਕ ਹੋਰ ਗੇੜ ਲਈ ਤਿਆਰ ਰਹਿਣ ਵਾਸਤੇ ਕਿਹਾ ਗਿਆ ਹੈ। ਅਲਾਬਾਮਾ ਦੇ ਗਵਰਨਰ ਕੇਅ ਲਵੇਵ ਨੇ 46 ਕਾਊਂਟੀਆਂ ਵਾਸਤੇ ਹੰਗਾਮੀ ਸਥਿੱਤੀ ਐਲਾਨੀ ਹੈ ਤੇ ਕਿਹਾ ਹੈ ਕਿ ਜਬਰਦਸਤ ਤੂਫਾਨ ਦਾ ਖਤਰਾ ਹੈ। ਅਧਿਕਾਰੀਆਂ ਨੇ ਬਰਮਿੰਘਮ ਤੇ ਆਸ ਪਾਸ ਦੇ ਖੇਤਰਾਂ ਵਿਚ ਲੋਕਾਂ ਲਈ ਪਨਾਹ ਥਾਵਾਂ ਖੋਹਲ ਦਿੱਤੀਆਂ ਹਨ। ਗਵਰਨਰ ਨੇ ਹੋਈਆਂ ਮੌਤਾਂ ਉਪਰ ਅਫਸੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ''ਇਹ ਬਹੁਤ ਦੁੱਖਦਾਈ ਹੈ ਕਿ ਸਾਨੂੰ ਲੋਕਾਂ ਦੀਆਂ ਜਾਨਾਂ ਜਾਣ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਮੈ ਪੀੜਤ ਪਰਿਵਾਰਾਂ ਦੇ ਇਸ ਦੁੱਖ ਵਿਚ ਸ਼ਰੀਕ ਹਾਂ ਤੇ ਬਦਕਿਸਮਤੀ ਇਹ ਵੀ ਹੈ ਕਿ ਅਜੇ ਤੂਫਾਨ ਖਤਮ ਨਹੀਂ ਹੋਇਆ। ਮੇਰੀ ਅਪੀਲ ਹੈ ਕਿ ਸੁਰੱਖਿਅਤ ਤੇ ਚੌਕਸ ਰਹੋ''।

 ਮਿਸੀਸਿਪੀ ਵਿਚ ਇਕ ਮੌਤ- ਅਲਾਬਾਮਾ ਤੋਂ ਇਲਾਵਾ ਮਿਸੀਸਿਪੀ ਵਿਚ ਵੀ ਆਏ ਤੂਫਾਨ ਵਿਚ ਇਕ ਵਿਅਕਤੀ ਦੇ ਮਾਰੇ ਜਾਣ ਦੀ ਰਿਪੋਰਟ ਹੈ। ਵਿਲਕਿਨਸਨ ਕਾਊਂਟੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ 62 ਸਾਲਾ ਈਸਟਰ ਜਾਰੇਲ ਵਿਅਕਤੀ ਉਸ ਸਮੇ ਮਾਰਿਆ ਗਿਆ ਜਦੋਂ ਇਕ ਦਰਖਤ ਭਾਰੀ ਮੀਂਹ ਤੇ ਤੂਫਾਨ ਕਾਰਨ ਉਸ ਦੇ ਘਰ ਉਪਰ ਆ ਡਿੱਗਾ। ਮੌਸਮ ਸਬੰਧੀ ਭਵਿੱਖਬਾਣੀ ਕੇਂਦਰ ਅਨੁਸਾਰ 5 ਕਰੋੜ ਲੋਕਾਂ ਨੂੰ ਜਬਰਦਸਤ ਤੂਫਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਲਾਬਾਮਾ, ਮਿਸੀਸਿਪੀ ਤੇ ਟੈਨੇਸੀ ਨੂੰ ਸਭ ਤੋਂ ਵਧ ਖਤਰਾ ਹੈ।