ਪ੍ਰਮਾਣੂ ਮੁੱਦੇ 'ਤੇ ਇਰਾਨ ਨਾਲ ਗੱਲਬਾਤ ਕਰਨ ਲਈ ਅਮਰੀਕਾ ਤਿਆਰ-ਜੋਅ ਬਾਇਡੇਨ

ਪ੍ਰਮਾਣੂ ਮੁੱਦੇ 'ਤੇ ਇਰਾਨ ਨਾਲ ਗੱਲਬਾਤ ਕਰਨ ਲਈ ਅਮਰੀਕਾ ਤਿਆਰ-ਜੋਅ ਬਾਇਡੇਨ

ਸੈਕਰਾਮੈਂਟੋ, ਕੈਲੀਫੋਰਨੀਆ 19 ਫਰਵਰੀ (ਹੁਸਨ ਲੜੋਆ ਬੰਗਾ)- ਬਾਇਡੇਨ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਉਹ 2015 ਦੇ ਪ੍ਰਮਾਣੂ ਸਮਝੌਤੇ ਸਬੰਧੀ ਗੱਲਬਾਤ ਵਿੱਚ ਸ਼ਾਮਿਲ ਵਿਸ਼ਵ ਦੇ ਹੋਰ ਦੇਸ਼ਾਂ ਸਮੇਤ ਇਰਾਨ ਨਾਲ ਪ੍ਰਮਾਣੂ ਮੁੱਦੇ ਉਪਰ ਗੱਲਬਾਤ ਕਰਨ ਲਈ ਤਿਆਰ ਹੈ। ਜੋਅ ਬਾਇਡੇਨ ਵੱਲੋਂ ਰਾਸ਼ਟਰਪਤੀ ਵਜੋਂ ਅਹੁੱਦਾ ਸੰਭਾਲਣ ਉਪਰੰਤ ਤਹਿਰਾਨ ਨਾਲ ਕੂਟਨੀਤਿਕ ਸਬੰਧਾਂ ਦੀ ਸੁਰਜੀਤੀ ਵੱਲ ਚੁੱਕਿਆ ਇਹ ਪਹਿਲਾ ਸਰਕਾਰੀ ਕਦਮ ਹੈ। 

ਵਿਦੇਸ਼ ਵਿਭਾਗ ਦੇ ਬੁਲਾਰੇ ਨੈਡ ਪ੍ਰਾਈਸ ਨੇ ਕਿਹਾ ਹੈ ਕਿ ਅਮਰੀਕਾ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਬਾਰੇ ਕੂਟਨੀਤਿਕ ਢੰਗ-ਤਰੀਕੇ ਸਬੰਧੀ ਪ੍ਰਮਾਣੂ ਸਮਝੌਤੇ ਉਪਰ ਦਸਤਖਤ ਕਰਨ ਵਾਲੇ ਦੇਸ਼ਾਂ ਨਾਲ ਵਿਚਾਰ ਵਟਾਂਦਰਾ ਕਰਨ ਲਈ ਯੂਰਪੀਅਨ ਯੁਨੀਅਨ ਦੇ ਚੋਟੀ ਦੇ ਕੂਟਨੀਤਿਕ ਅਧਿਕਾਰੀ ਵੱਲੋਂ ਦਿੱਤੇ ਜਾਣ ਵਾਲੇ ਸੰਭਾਵੀ ਸੱਦੇ ਨੂੰ ਪ੍ਰਵਾਨ ਕਰੇਗਾ। ਹਾਲਾਂ ਕਿ ਇਸ ਸਬੰਧੀ ਤਰੀਕ ਬਾਰੇ ਕੋਈ ਫੈਸਲਾ ਨਹੀਂ ਹੋ ਸਕਿਆ ਹੈ ਪਰੂੰਤ ਯੂਰਪੀ ਯੁਨੀਅਨ ਦੇ ਹਾਈ ਕਮਿਸ਼ਨਰ ਜੋਸਪ ਬੋਰੈਲ ਨੇ ਸੰਕੇਤ ਦਿੱਤਾ ਹੈ ਕਿ ਉਹ ਚਾਹੁੰਦੇ ਹਨ ਕਿ ਪ੍ਰਮਾਣੂ ਮੱਦੇ 'ਤੇ ਗੱਲਬਾਤ ਵਿਚ ਸ਼ਾਮਿਲ ਧਿਰਾਂ ਨੂੰ ਸੱਦਿਆ ਜਾਵੇ। 

ਇਥੇ ਵਰਣਨਯੋਗ ਹੈ ਕਿ ਅਮਰੀਕਾ ਨੇ 2015 ਵਿਚ ਪ੍ਰਮਾਣੂ ਸਮਝੌਤੇ ਸਬੰਧੀ ਇਰਾਨ, ਚੀਨ, ਫਰਾਂਸ, ਜਰਮਨੀ, ਰੂਸ ਤੇ ਬਰਤਾਨੀਆ ਨਾਲ ਗੱਲਬਾਤ ਕੀਤੀ ਸੀ। ਵਿਦੇਸ਼ ਵਿਭਾਗ ਦੇ ਇਕ ਹੋਰ ਅਧਿਕਾਰੀ ਨੇ ਆਪਣਾ ਨਾਂ ਨਾ ਨਸ਼ਰ ਕਰਨ ਦੀ ਸ਼ਰਤ 'ਤੇ ਪੱਤਰਕਾਰਾਂ ਨੂੰ ਦਸਿਆ ਕਿ ਪ੍ਰਮਾਣੂ ਮੁੱਦੇ ਉਪਰ ਗੱਲਬਾਤ ਵਿੱਚ ਬਾਇਡੇਨ ਦਾ ਇਰਾਨ ਵਿਚਲਾ ਵਿਸ਼ੇਸ਼ ਦੂਤ ਰਾਬ ਮਾਲੇ ਅਮਰੀਕਾ ਦੀ ਪ੍ਰਤੀਨਿੱਧਤਾ ਕਰੇਗਾ। 

ਇਥੇ ਵਰਣਨਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2018 ਵਿਚ ਪ੍ਰਮਾਣੂ ਸਮਝੌਤੇ ਵਿਚੋਂ ਬਾਹਰ ਆਉਣ ਦਾ ਐਲਾਨ ਕਰ ਦਿੱਤਾ ਸੀ। ਉਨਾਂ ਦਾ ਮੰਨਣਾ ਸੀ ਕਿ ਇਹ ਸਮਝੌਤਾ ਇਰਾਨ ਦੇ ਬਾਲਿਸਟਕ ਮਿਜ਼ਾਈਲ ਪ੍ਰੋਗਰਾਮ ਨੂੰ ਖਤਮ ਕਰਨ ਲਈ ਕਾਫੀ ਨਹੀਂ ਹੈ ਤੇ ਨਾ ਹੀ ਇਹ ਸਮਝੌਤਾ ਇਰਾਨ ਨੂੰ ਖਿੱਤੇ ਵਿਚ ਅੱਤਵਾਦੀ ਗਰੁੱਪਾਂ ਦਾ ਸਮਰਥਨ ਕਰਨ ਤੋਂ ਰੋਕ ਸਕਿਆ ਹੈ। 

ਰਾਸ਼ਟਰਪਤੀ ਬਾਇਡੇਨ ਇਰਾਨ ਨਾਲ ਹੋਇਆ ਪ੍ਰਮਾਣੂ ਸਮਝੌਤਾ ਮੁੜ ਬਹਾਲ ਕਰਨ ਦੇ ਹੱਕ ਵਿਚ ਹਨ। ਬਾਇਡੇਨ ਪ੍ਰਸ਼ਾਸਨ ਦੇ ਸਲਾਹਕਾਰ ਕਹਿ ਚੁੱਕੇ ਹਨ ਕਿ ਪ੍ਰਸ਼ਾਸਨ ਦੀ ਪਹਿਲੀ ਤਰਜੀਹ ਤਹਿਰਾਨ ਨੂੰ ਪ੍ਰਮਾਣੂ ਹਥਿਆਰ ਲੈਣ ਤੋਂ ਰੋਕਣ ਦੀ ਹੈ। 

ਇਸ ਦੇ ਨਾਲ ਹੀ ਬਾਇਡੇਨ ਤੇ ਵਿਦੇਸ਼ ਮੰਤਰੀ ਐਨਟਨੀ ਬਲਿੰਕਨ ਨੇ ਵਾਰ ਵਾਰ ਕਿਹਾ ਹੈ ਕਿ ਅਮਰੀਕਾ ਸਮਝੌਤੇ ਵਿਚ ਮੁੜ ਤਾਂ ਹੀ ਸ਼ਾਮਲ ਹੋਵੇਗਾ ਤੇ ਟਰੰਪ ਪ੍ਰਸ਼ਾਸਨ ਵੱਲੋਂ ਲਾਈਆਂ ਆਰਥਕ ਪਾਬੰਦੀਆਂ ਖਤਮ ਕਰੇਗਾ ਜੇਕਰ ਪਹਿਲਾਂ ਇਰਾਨ ਸਮਝੌਤੇ ਨੂੰ ਲਾਗੂ ਕਰਨ ਲਈ ਸਹਿਮਤ ਹੋਵੇਗਾ। 

ਇਰਾਨ ਨੇ ਟਰੰਪ ਪ੍ਰਸ਼ਾਸਨ ਵੱਲੋਂ ਲਾਈਆਂ ਆਰਥਕ ਪਾਬੰਦੀਆਂ ਉਪਰੰਤ 2019 ਵਿਚ ਸਮਝੌਤੇ ਨੂੰ ਤੋੜ ਦਿੱਤਾ ਸੀ ਤੇ ਸਮਝੌਤੇ ਵਿਚ ਨਿਰਧਾਰਤ ਸੀਮਾ ਤੋਂ ਵਧ ਉੱਚ ਪੱਧਰ 'ਤੇ ਯੁਰੇਨੀਅਮ ਬਣਾਉਣਾ ਸ਼ੁਰੂ ਕਰ ਦਿੱਤਾ ਸੀ।