'ਟੂਲ ਕਿੱਟ' ਮਸਲੇ ਤੇ ਦਿਸ਼ਾ ਰਾਵੀ ਨੂੰ ਕੋਰਟ ਵੱਲੋਂ ਹੋਰ ਤਿੰਨ ਦਿਨਾਂ ਦੀ ਨਿਆਂਇਕ ਹਿਰਾਸਤ 'ਚ ਰੱਖਣ ਦੀ ਇਜਾਜ਼ਤ ਦਿੱਤੀ

'ਟੂਲ ਕਿੱਟ' ਮਸਲੇ ਤੇ ਦਿਸ਼ਾ ਰਾਵੀ ਨੂੰ ਕੋਰਟ ਵੱਲੋਂ ਹੋਰ ਤਿੰਨ ਦਿਨਾਂ ਦੀ ਨਿਆਂਇਕ ਹਿਰਾਸਤ 'ਚ ਰੱਖਣ ਦੀ ਇਜਾਜ਼ਤ ਦਿੱਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਵਾਤਾਵਰਨ ਕਾਰਕੁੰਨ 'ਦਿਸ਼ਾ ਰਾਵੀ' ,ਜਿਸ ਨੂੰ ਇੰਟਰਨੈਟ 'ਤੇ 'ਟੂਲ ਕਿੱਟ' ਸਾਂਝੀ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਜਿਸਦੀਆਂ ਤਾਰਾਂ 26 ਜਨਵਰੀ ਨੂੰ ਦਿੱਲੀ ਵਿੱਚ ਕਿਸਾਨ ਟਰੈਕਟਰ ਪਰੇਡ ਦੌਰਾਨ ਹੋਈਆਂ ਘਟਨਾਵਾਂ ਨਾਲ ਜੋੜਨ ਦਾ ਦਿੱਲੀ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਹੈ। ਜਿਸਦੇ ਤਹਿਤ ਦਿਸ਼ਾ ਰਾਵੀ (21) ਨੂੰ ਪੰਜ ਦਿਨਾਂ ਤੋਂ ਪੁੱਛਤਾਛ ਲਈ ਪੁਲਿਸ ਹਿਰਾਸਤ ਵਿੱਚ ਰੱਖਿਆ ਹੋਇਆ ਸੀ ਉਸਨੂੰ ਅੱਜ ਦਿੱਲੀ ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਅਡੀਸ਼ਨਲ ਚੀਫ ਮੈਜਿਸਟਰੇਟ ਅਕਾਸ਼ ਜੈਨ ਵੱਲੋਂ ਤਿੰਨ ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਰੱਖਣ ਦੀ ਇਜਾਜ਼ਤ ਦੇ ਕੇ ਜੇਲ ਭੇਜ ਦਿੱਤਾ ਗਿਆ ਹੈ।

ਦਿੱਲੀ ਪੁਲਿਸ ਰਾਵੀ ਦੇ ਸਾਥੀਆਂ ਸ਼ਾਂਤਨੂੰ ਮੁਕੁਲ ਤੇ ਨਿਕੀਤਾ ਜਾਕੋਬ ਨਾਲ, ਸਾਂਝੀ ਪੁੱਛ ਗਿੱਛ ਕਰਨ ਦੇ ਯਤਨ ਨੂੰ ਨਿਆਂਇਕ ਹਿਰਾਸਤ ਦਾ ਕਾਰਨ ਦੱਸ ਰਹੀ ਹੈ, ਜਿਹਨਾਂ ਨੂੰ 22 ਫਰਵਰੀ ਤੱਕ ਪੇਸ਼ ਹੋਣ ਦਾ ਨੋਟਿਸ ਦਿੱਤਾ ਹੋਇਆ ਹੈ।

ਦਿਸ਼ਾ ਰਾਵੀ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਸਨੂੰ ਕਿਸੇ ਵੀ ਤਰ੍ਹਾਂ ਦੀ ਹਿਰਾਸਤ 'ਚ ਰੱਖਣ ਦਾ ਕੋਈ ਠੋਸ ਆਧਾਰ ਪੁਲਿਸ ਕੋਲ ਨਹੀਂ ਹੈ, ਤੇ ਉਸਦਾ ਅੱਜ ਹੀ ਰਿਹਾਅ ਹੋ ਜਾਣਾ ਬਣਦਾ ਸੀ।