ਐਲੋਨ ਮਸਕ ਵਸਾਉਣਗੇ ਟੈਕਸਾਸ ਵਿਚ ਆਪਣਾ ਸਨੇਲਬਰੂਕ ਨਾਮ ਦਾ ਸ਼ਹਿਰ 

ਐਲੋਨ ਮਸਕ ਵਸਾਉਣਗੇ ਟੈਕਸਾਸ ਵਿਚ ਆਪਣਾ ਸਨੇਲਬਰੂਕ ਨਾਮ ਦਾ ਸ਼ਹਿਰ 

*ਵਾਲ ਸਟਰੀਟ ਜਰਨਲ ਦੀ ਇੱਕ ਰਿਪੋਰਟ ਵਿੱਚ ਹੋਇਆ ਖੁਲਾਸਾ 

ਅੰਮ੍ਰਿਤਸਰ ਟਾਈਮਜ਼  ਬਿਊਰੋ

ਨਵੀਂ ਦਿੱਲੀ- ਦੁਨੀਆ ਦੇ ਦੂਜੇ ਸਭ ਤੋਂ ਅਮੀਰ ਉਦਯੋਗਪਤੀ ਅਤੇ ਟੇਸਲਾ  ਦੇ ਮਾਲਕ ਐਲੋਨ ਮਸਕ ਆਪਣਾ ਇੱਕ ਸ਼ਹਿਰ ਸਥਾਪਤ ਕਰਨ ਬਾਰੇ ਵਿਚਾਰ ਕਰ ਰਹੇ ਹਨ। ਵਾਲ ਸਟਰੀਟ ਜਰਨਲ ਦੀ ਇੱਕ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ। ਐਲੋਨ ਮਸਕ ਅਤੇ ਉਸ ਦੀ ਕੰਪਨੀ ਨਾਲ ਜੁੜੀਆਂ ਸੰਸਥਾਵਾਂ ਟੈਕਸਾਸ ਵਿੱਚ ਇੱਕ ਅਜਿਹਾ ਸ਼ਹਿਰ ਸਥਾਪਤ ਕਰਨ ਲਈ ਹਜ਼ਾਰਾਂ ਏਕੜ ਜ਼ਮੀਨ ਐਕੁਆਇਰ ਕਰ ਰਹੀਆਂ ਹਨ ਜਿੱਥੇ ਮਸਕ ਦੀ ਕੰਪਨੀ ਦੇ ਕਰਮਚਾਰੀ ਰਹਿਣਗੇ ਅਤੇ ਕੰਮ ਕਰਨਗੇ। ਇਹ ਸੰਪਤੀਆਂ ਆਸਟਿਨ ਨੇੜੇ ਘੱਟੋ-ਘੱਟ 3,500 ਏਕੜ 'ਤੇ ਖਰੀਦੀਆਂ ਗਈਆਂ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਐਲੋਨ ਮਸਕ ਸਨੇਲਬਰੂਕ ਨਾਮ ਦਾ ਸ਼ਹਿਰ ਸਥਾਪਤ ਕਰਨ ਦੀ ਤਿਆਰੀ ਵਿੱਚ ਹੈ।

ਇਥੇ ਜਿਕਰਯੋਗ ਹੈ ਕਿ ਜਿਸ ਖੇਤਰ ਵਿੱਚ ਮਸਕ ਸ਼ਹਿਰ ਨੂੰ ਵਸਾਉਣ ਜਾ ਰਹੇ ਹਨ,  ਉਹ ਬੋਰਿੰਗ ਅਤੇ ਸਪੇਸ-ਐਕਸ ਨਿਰਮਾਣ ਅਧੀਨ ਪਲਾਂਟਾਂ ਦੇ ਨੇੜੇ ਹੈ। ਇਹ ਜਗ੍ਹਾ ਟੈਕਸਾਸ ਵਿੱਚ ਕੋਲੋਰਾਡੋ ਨਦੀ ਦੇ ਕੰਢੇ ਹੈ। ਮਸਕ ਦੀਆਂ ਕੰਪਨੀਆਂ ਦੇ ਕਰਮਚਾਰੀ ਇੱਥੇ ਰਹਿਣਗੇ ਅਤੇ ਨੇੜਲੇ ਪਲਾਂਟਾਂ ਵਿੱਚ ਕੰਮ ਕਰਨ ਲਈ ਜਾ ਸਕਣਗੇ। ਰਿਪੋਰਟ ਦੇ ਅਨੁਸਾਰ, ਯੋਜਨਾ 100 ਘਰ ਬਣਾਉਣ ਦੀ ਹੈ ਜਿੱਥੇ ਨੇੜੇ ਇੱਕ ਪੂਲ ਅਤੇ ਇੱਕ ਖੁੱਲਾ ਖੇਡ ਦਾ ਮੈਦਾਨ ਬਣਾਇਆ ਜਾਵੇਗਾ।

ਕਾਬਲੇਗੌਰ ਹੈ ਕਿ ਇਸ ਤੋਂ ਪਹਿਲਾਂ 2020 ਵਿੱਚ, ਐਲੋਨ ਮਸਕ ਨੇ ਘੋਸ਼ਣਾ ਕੀਤੀ ਸੀ ਕਿ ਉਹ ਟੇਸਲਾ ਦੇ ਹੈੱਡਕੁਆਰਟਰ ਅਤੇ ਆਪਣੇ ਘਰ ਨੂੰ ਕੈਲੀਫੋਰਨੀਆ ਤੋਂ ਟੈਕਸਾਸ ਵਿੱਚ ਤਬਦੀਲ ਕਰ ਦੇਵੇਗਾ। ਟੇਸਲਾ 2022 ਵਿੱਚ ਆਸਟਿਨ ਵਿੱਚ ਇੱਕ ਨਵੀਂ ਗੀਗਾ ਫੈਕਟਰੀ ਨਿਰਮਾਣ ਸਹੂਲਤ ਖੋਲ੍ਹੇਗੀ, ਜਦੋਂ ਕਿ ਸਪੇਸਐਕਸ ਅਤੇ ਦ ਬੋਰਿੰਗ ਕੰਪਨੀ ਕੋਲ ਟੈਕਸਾਸ ਵਿੱਚ ਵੀ ਸਹੂਲਤਾਂ ਹਨ।