ਸਲਾਨਾ ''ਕਰੂਜ਼ ਨਾਈਟ'' ਦੌਰਾਨ ਦੋ ਕਾਰਾਂ ਭੀੜ ਉਪਰ ਚੜੀਆਂ- 2 ਮੌਤਾਂ, 20 ਜ਼ਖਮੀ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ 31 ਮਈ (ਹੁਸਨ ਲੜੋਆ ਬੰਗਾ)-ਨੇਬਰਾਸਕਾ ਦੀ ਰਾਜਧਾਨੀ ਲਿੰਕੋਲਨ ਵਿਚ ਅਯੋਜਿਤ ਕੀਤੀ ਸਾਲਾਨਾ 'ਕਰੂਜ਼ ਨਾਈਟ' ਦੇ ਚਲ ਰਹੇ ਪ੍ਰੋਗਰਾਮ ਦੌਰਾਨ ਦੋ ਕਾਰਾਂ ਖੜੇ ਲੋਕਾਂ ਦੀ ਭੀੜ ਉਪਰ ਚੜ ਗਈਆਂ ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਤੇ 20 ਹੋਰ ਜ਼ਖਮੀ ਹੋ ਗਏ। ਪੁਲਿਸ ਅਨੁਸਾਰ ਇਕ ਕਾਰ ਵਿਚ ਸਵਾਰ 20 ਤੇ 22 ਸਾਲ ਦੀਆਂ ਔਰਤਾਂ ਦੀ ਮੌਤ ਹੋ ਗਈ। ਜ਼ਖਮੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ । ਬਾਕੀ ਜ਼ਖਮੀ ਵੀ ਹਸਪਤਾਲ ਵਿਚ ਦਾਖਲ ਹਨ ਪਰ ਉਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਲਿੰਕੋਲਨ ਪੁਲਿਸ ਮੁੱਖੀ ਟੈਰੇਸਾ ਈਵਿਨਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡਾ ਵਿਸ਼ਵਾਸ਼ ਹੈ ਕਿ ਇਹ ਹਾਦਸਾ ਅਚਨਚੇਤ ਵਾਪਰਿਆ ਹੈ ਤੇ ਜਾਝਬੁਝਕੇ ਨਹੀਂ ਕੀਤਾ ਗਿਆ। ਉਨਾਂ ਕਿਹਾ ਕਿ ਹਾਦਸਾਗ੍ਰਸਤ ਦੋਨੇ ਕਾਰਾਂ ''ਕਰੂਜ਼ ਨਾਈਟ'' ਦਾ ਹਿੱਸਾ ਨਹੀਂ ਸਨ ਤੇ ਇਹ ਇਕ ਅਜਿਹਾ ਹਾਦਸਾ ਹੈ ਜੋ ਕਿਸੇ ਵੀ ਸਮੇ ਵਾਪਰ ਸਕਦਾ ਹੈ। ਈਵਿਨਜ ਅਨੁਸਾਰ 18ਸਾਲਾ ਵਿਅਕਤੀ ਕਾਲੇ ਰੰਗ ਦੀ ਫੋਰਡ ਟੌਰਸ ਕਾਰ ਚਲਾ ਰਿਹਾ ਸੀ ਜੋ ਪੱਛਮ ਦੀ ਤਰਫ ਜਾ ਰਹੀ ਸੀ । ਇਹ ਕਾਰ ਦੂਸਰੇ ਪਾਸੇ ਤੋਂ ਆ ਰਹੀ ਚਿੱਟੇ ਰੰਗ ਦੀ ਟੋਇਟਾ ਕੋਰੋਲਾ ਕਾਰ ਵਿਚ ਜਾ ਵੱਜੀ ਜਿਸ ਉਪਰੰਤ ਦੋਨੋ ਕਾਰਾਂ ਭੀੜ ਉਪਰ ਜਾ ਚੜੀਆਂ। ਕੋਰੋਲਾ ਕਾਰ ਵਿਚ ਸਵਾਰ ਦੋਨੋਂ ਔਰਤਾਂ ਮੌਕੇ ਉਪਰ ਹੀ ਦਮ ਤੋੜ ਗਈਆਂ ਜਦ ਕਿ ਟੌਰਸ ਦੇ ਡਰਾਈਵਰ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਲਿੰਕੋਲਨ ਦੀ ਜ਼ੀਰੋ ਸਟਰੀਟ ਵਿਚ ਵਾਪਰਿਆ ਜੋ ਸਮਾਗਮਾਂ ਦੇ ਅਯੋਜਨ ਲਈ ਪ੍ਰਸਿੱਧ ਸਥਾਨ ਹੈ। ਇਥੇ ਜਿਕਰਯੋਗ ਹੈ ਕਿ ''ਕਰੂਜ਼ ਨਾਈਟ'' ਦਾ ਆਯੋਜਨ 90ਵੇਂ ਦਹਾਕੇ ਦੀ ਸ਼ੁਰੂਆਤ ਤੋਂ ਕੀਤਾ ਜਾ ਰਿਹਾ ਹੈ।
Comments (0)