ਚੀਨੀ ਔਰਤ ਦੀ ਪੱਥਰ ਮਾਰ ਕੇ ਹੱਤਿਆ ਕਰਨ ਵਾਲੇ ਅਮਰੀਕੀ ਨੂੰ 20 ਸਾਲ ਕੈਦ ਦੀ ਸਜ਼ਾ

ਚੀਨੀ ਔਰਤ ਦੀ ਪੱਥਰ ਮਾਰ ਕੇ ਹੱਤਿਆ ਕਰਨ ਵਾਲੇ ਅਮਰੀਕੀ ਨੂੰ 20 ਸਾਲ ਕੈਦ ਦੀ ਸਜ਼ਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ 13 ਜਨਵਰੀ (ਹੁਸਨ ਲੜੋਆ ਬੰਗਾ) - ਨਵੰਬਰ 2021 ਵਿਚ ਬਿਨਾਂ ਕਿਸੇ ਭੜਕਾਹਟ ਦੇ ਇਕ 61 ਸਾਲਾ ਚੀਨ ਦੀ ਔਰਤ ਦੀ ਪੱਥਰ ਮਾਰ ਕੇ ਹੱਤਿਆ ਕਰਨ ਵਾਲੇ ਨਿਊਯਾਰਕ ਦੇ ਵਸਨੀਕ ਅਮਰੀਕੀ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। 33 ਸਾਲਾ ਐਲੀਸੌਲ ਪਰੇਜ਼ ਨੂੰ ਕੁਈਨਜ਼ ਕਾਊਂਟੀ ਕ੍ਰਿਮੀਨਲ ਅਦਾਲਤ ਨੇ ਚੀਨੀ ਔਰਤ ਗੁਇੰਗ ਮਾ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਪਿਛਲੇ ਮਹੀਨੇ ਦੋਸ਼ੀ ਠਹਿਰਾਇਆ ਸੀ । ਇਹ ਜਾਣਕਾਰੀ ਕੁਈਨਜ਼ ਡਿਸਟ੍ਰਿਕਟ ਅਟਾਰਨੀ ਮੀਲਿੰਡਾ ਕਟਜ਼ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਡਿਸਟ੍ਰਿਕਟ ਅਟਾਰਨੀ ਅਨੁਸਾਰ 26 ਨਵੰਬਰ 2021 ਨੂੰ ਗੁਇੰਗ ਮਾ ਜੈਕਸਨ ਹਾਈਟਸ ਖੇਤਰ ਵਿਚ ਸਵੇਰੇ 8 ਵਜੇ ਆਪਣੇ ਦੋਸਤ ਦੇ ਘਰ ਦੇ ਬਾਹਰ ਸੈਰ ਕਰ ਰਹੀ ਸੀ ਜਦੋਂ ਬਿਨਾਂ ਕਿਸੇ ਭੜਕਾਹਟ ਦੇ ਪਰੇਜ਼ ਨੇ ਪੱਥਰ ਚੁੱਕ ਕੇ ਉਸ ਦੇ ਸਿਰ ਵਿਚ ਮਾਰਿਆ। ਉਹ ਜਮੀਨ ਉਪਰ ਡਿੱਗ ਗਈ। ਪਰੇਜ਼ ਨੇ ਫਿਰ ਪੱਥਰ ਨਾਲ ਉਸ ਦੇ ਸਿਰ ਉਪਰ ਹਮਲਾ ਕੀਤਾ। ਉਹ ਬੁਰੀ ਤਰਾਂ ਜ਼ਖਮੀ ਹੋ ਗਈ। ਉਸ ਦੇ ਸਿਰ ਦੀ ਸਰਜਰੀ ਕੀਤੀ ਗਈ ਪਰੰਤੂ ਫਰਵਰੀ 2022 ਵਿਚ ਉਹ ਦਮ ਤੋੜ ਗਈ। ਪਰੇਜ਼ ਨੂੰ ਹਮਲੇ ਵਾਲੇ ਦਿਨ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਇਹ ਹੱਤਿਆ ਕੋਵਿਡ-19 ਮਹਾਮਾਰੀ ਫੈਲਣ ਉਪਰੰਤ ਏਸ਼ੀਅਨ ਲੋਕਾਂ ਦੀਆਂ ਹੋਈਆਂ ਹੱਤਿਆਵਾਂ ਵਿਚੋਂ ਇਕ ਸੀ।

ਕੈਪਸ਼ਨ:  ਗੁਇੰਗ ਮਾ ਦੀ ਪੁਰਾਣੀ ਤਸਵੀਰ