ਸੰਘ ਮੁਖੀ ਭਾਗਵਤ ਦਾ ਮੁਸਲਮਾਨਾਂ ਨੂੰ ਉਪਦੇਸ਼ "ਰਾਜ ਦਾ ਮੋਹ ਤਿਆਗੋ"               

ਸੰਘ ਮੁਖੀ ਭਾਗਵਤ ਦਾ ਮੁਸਲਮਾਨਾਂ ਨੂੰ ਉਪਦੇਸ਼

* ਕਿਹਾ ਕਿ ਹਿੰਦੂ ਭਾਰਤ ਦੇ ਅਸਲ ਸ਼ਹਿਰੀ , ਜੰਗ ਲਈ ਤਿਆਰ ਰਹਿਣ

*ਭਾਗਵਤ ਨੇ ਹਿੰਦੂਤਵੀਆਂ ਦੀ  ਫਿਰਕੂ ਹਿੰਸਾ ਬਾਰੇ ਮੀਸਨੀ ਚੁਪ ਧਾਰੀ   

*ਭਗਵਿਆਂ ਵਲੋਂ ਮੁਸਲਮਾਨਾਂ ਵਿਰੁਧ ਬੁਲਡੋਜਰੀ ਨੀਤੀ ਅਪਨਾਉਣ ਬਾਅਦ ਈਸਾਈਆਂ ਨੂੰ ਨਿਸ਼ਾਨਾ ਬਣਾਇਆ

 ਅੰਮ੍ਰਿਤਸਰ ਟਾਈਮਜ਼ ਬਿਊਰੋ                             

ਦਿੱਲੀ: ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਰਸੰਘਚਾਲਕ ਮੋਹਨ ਭਾਗਵਤ ਨੇ ਆਰਐਸਐਸ ਨਾਲ ਸਬੰਧਤ ਅਖਬਾਰ ਦਿ ਆਰਗੇਨਾਈਜ਼ਰ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਹੈ ਕਿ ਹਿੰਦੂ ਸਮਾਜ ਲਗਭਗ ਹਜ਼ਾਰਾਂ ਸਾਲਾਂ ਤੋਂ ਜੰਗ ਵਿੱਚ ਹੈ ਅਤੇ ਇਸ ਨੂੰ ਲੜਨ ਲਈ ਦ੍ਰਿੜ ਇਰਾਦਾ ਕਰਨਾ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਨੂੰ ਹਿੰਦੁਸਤਾਨ ਦੱਸ ਕੇ ਮੁਸਲਮਾਨਾਂ ਨੂੰ ਆਪਣੇ ਆਪ ਨੂੰ ਸੁਧਾਰਨ ਦਾ ਉਪਦੇਸ਼ ਦਿੱਤਾ ਹੈ।ਉਨ੍ਹਾਂ ਕਿਹਾ, 'ਹਿੰਦੂ ਸਮਾਜ ਲਗਭਗ ਹਜ਼ਾਰਾਂ ਸਾਲਾਂ ਤੋਂ ਜੰਗ ਵਿੱਚ ਹੈ।ਉਨ੍ਹਾਂ ਦੀ ਲੜਾਈ ਵਿਦੇਸ਼ੀ ਲੋਕ, ਵਿਦੇਸ਼ੀ ਪ੍ਰਭਾਵ ਅਤੇ ਵਿਦੇਸ਼ੀ ਸਾਜ਼ਿਸ਼ਾਂ ਵਿਰੁੱਧ  ਚੱਲ ਰਹੀ ਹੈ। ਸੰਘ ਨੇ ਇਸ ਪਖੋਂ ਹਿੰਦੂ ਭਾਈਚਾਰੇ ਦੀ ਅਗਵਾਈ ਕੀਤੀ ਹੈ।

ਉਨ੍ਹਾਂ ਧਾਰਮਿਕ ਗ੍ਰੰਥ ਗੀਤਾ ਦੀਆਂ ਤੁਕਾਂ ਦਾ ਹਵਾਲਾ ਦਿੰਦੇ ਹੋਏ ਅੱਗੇ ਕਿਹਾ, 'ਮੈਂ ਅਤੇ ਮੇਰੇਪਣ ਦੀ ਭਾਵਨਾ ਛੱਡ ਕੇ, ਆਪਣੇ ਹੰਕਾਰ ਤੋਂ ਮੁਕਤ ਹੋ ਕੇ ਜੰਗ ਲੜਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜਿਸ ਦਿਨ  ਪਹਿਲਾ ਹਮਲਾਵਰ ਸਿਕੰਦਰ ਭਾਰਤ 'ਤੇ ਹਮਲਾਵਰ ਬਣਕੇ ਆਇਆ ਸੀ, ਉਸ ਦਿਨ ਤੋਂ ਹਿੰਦੂ ਧਰਮ ਵਿਚ ਜਾਗਣ ਦੀ ਪਰੰਪਰਾ ਚੱਲ ਰਹੀ ਹੈ। 'ਭਾਗਵਤ ਨੇ ਕਿਹਾ ਕਿ, 'ਹਿੰਦੂ ਸਮਾਜ ਅਜੇ ਪੂਰੀ ਤਰ੍ਹਾਂ ਜਾਗਿਆ ਨਹੀਂ ਹੈ। ਇਹ ਲੜਾਈ ਬਾਹਰੋਂ ਨਹੀਂ ਹੈ, ਇਹ ਲੜਾਈ ਅੰਦਰੋਂ ਹੈ। ਹਿੰਦੂ ਧਰਮ, ਹਿੰਦੂ ਸੰਸਕ੍ਰਿਤੀ, ਹਿੰਦੂ ਸਮਾਜ ਦੀ ਸੁਰੱਖਿਆ ਦਾ ਸਵਾਲ ਹੈ, ਇਸ ਲਈ ਲੜਾਈ ਚੱਲ ਰਹੀ ਹੈ। ਹੁਣ ਮੁਸਲਮਾਨ ਵਿਦੇਸ਼ੀ ਨਹੀਂ ਹਨ, ਪਰ ਵਿਦੇਸ਼ੀ ਪ੍ਰਭਾਵ ਹੈ, ਵਿਦੇਸ਼ੀ ਸਾਜ਼ਿਸ਼ਾਂ ਚਲ ਰਹੀਆਂ ਹਨ।ਇਸ ਲੜਾਈ ਕਾਰਣ ਲੋਕਾਂ ਵਿੱਚ ਕੱਟੜਤਾ ਆਵੇਗੀ। ਅਜਿਹਾ ਨਹੀਂ ਹੋਣਾ ਚਾਹੀਦਾ।’  ਭਾਗਵਤ ਨੇ ਕਿਹਾ, 'ਸਾਡੀ ਰਾਜਨੀਤਿਕ ਆਜ਼ਾਦੀ ਨੂੰ ਭੰਗ ਕਰਨ ਦੀ ਤਾਕਤ ਕਿਸੇ ਕੋਲ ਨਹੀਂ ਹੈ। ਇਸ ਦੇਸ਼ ਵਿੱਚ ਹਿੰਦੂ ਰਹੇਗਾ, ਹਿੰਦੂ ਇਥੋਂ ਨਹੀਂ ਜਾਵੇਗਾ, ਇਹ ਪੱਕਾ ਹੋ ਗਿਆ ਹੈ।ਹਿੰਦੂ ਹੁਣ ਜਾਗ ਗਿਆ ਹੈ। ਹੁਣ ਸਾਨੂੰ ਅੰਦਰੂਨੀ ਲੜਾਈ ਜਿੱਤਣੀ ਪਵੇਗੀ।ਚੀਨ ਦੀ ਉਦਾਹਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਅੱਜ ਚੀਨ ਨੇ ਜੋ ਤਾਕਤ ਵਧਾ ਲਈ ਹੈ, ਉਸ ਦੀ ਯੋਜਨਾ 1948 ਵਿੱਚ ਬਣੀ ਸੀ, ਇਸ ਲਈ ਸਾਨੂੰ (ਹਿੰਦੂਆਂ) ਨੂੰ ਵੀ ਹੁਣ ਅੱਗੇ ਵਧਣ ਲਈ ਪਹਿਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ, 'ਅੱਜ ਅਸੀਂ ਤਾਕਤ ਦੀ ਸਥਿਤੀ 'ਵਿਚ ਹਾਂ, ਇਸ ਲਈ ਸਾਨੂੰ ਇਹ ਵੀ ਧਿਆਨ ਰੱਖਣਾ ਹੋਵੇਗਾ ਕਿ ਅਸੀਂ ਅੱਜ ਆਪਣੀ ਤਾਕਤ ਦੀ ਸਥਿਤੀ ਵਿਚ ਕਿਹੜੀ ਪਹਿਲ ਕਰਨੀ ਹੈ, ਤਾਂ ਜੋ ਅਸੀਂ ਅੱਗੇ ਵਧ ਸਕੀਏ।ਭਾਰਤ ਵਿੱਚ ਰਹਿਣ ਵਾਲੇ ਮੁਸਲਮਾਨਾਂ ਬਾਰੇ ਗੱਲ ਕਰਦਿਆਂ ਭਾਗਵਤ ਨੇ ਜਬਰੀ ਧਰਮ ਪਰਿਵਰਤਨ, ਗੈਰ-ਕਾਨੂੰਨੀ ਪ੍ਰਵਾਸੀਆਂ ਅਤੇ 'ਘਰ ਵਾਪਸੀ' ਬਾਰੇ ਚਰਚਾ ਛੇੜਦਿਆਂ ਕਿਹਾ ਕਿ ਹਿੰਦੁਸਤਾਨ ਨੂੰ ਹਿੰਦੁਸਤਾਨ ਹੀ ਰਹਿਣਾ ਚਾਹੀਦਾ ਹੈ, ਇਹ ਇੱਕ ਸਾਦੀ ਜਿਹੀ ਜਿਹੀ ਗੱਲ ਹੈ। ਅੱਜ ਸਾਡੇ ਭਾਰਤ ਵਿੱਚ ਜੋ ਮੁਸਲਮਾਨ ਹਨ ਉਹਨਾਂ ਦਾ ਕੋਈ ਖਤਰਾ ਨਹੀਂ ਹੈ। ਉਹ ਰਹਿਣਾ ਚਾਹੁੰਦੇ ਹਨ ਤਾਂ ਰਹਿਣ। ਪੂਰਵਜਾਂ ਕੋਲ ਵਾਪਸ ਆਉਣਾ ਚਾਹੁੰਦੇ ਹਨ ਤਾਂ ਆਉਣ। ਇਹ ਉਨ੍ਹਾਂ ਦੇ ਦਿਮਾਗ ਵਿਚ ਹੈ ਪਰ ‘ਅਸੀਂ ਵੱਡੇ ਹਾਂ’, ‘ਅਸੀਂ ਇਕ ਸਮੇਂ ਰਾਜਾ ਸੀ’, ‘ਸਾਨੂੰ ਦੁਬਾਰਾ ਰਾਜੇ ਬਣਨਾ ਚਾਹੀਦਾ ਹੈ’...ਇਹ ਛੱਡਣਾ ਪਵੇਗਾ ਕਿ ਅਸੀਂ ਸਹੀ ਹਾਂ, ਬਾਕੀ ਸਭ ਗਲਤ। ਇਹ ਸਭ ਛੱਡਣਾ ਪਵੇਗਾ ਕਿ ਅਸੀਂ ਵੱਖਰੇ ਹਾਂ, ਇਸ ਲਈ ਅਸੀਂ ਵੱਖਰੇ ਰਹਾਂਗੇ,ਇਹ ਛੱਡਣਾ ਪਏਗਾ ਕਿ ਅਸੀਂ ਸਾਰਿਆਂ ਨਾਲ ਇਕੱਠੇ ਨਹੀਂ ਰਹਿ ਸਕਦੇ, ਇਸ ਤਰ੍ਹਾਂ ਦੀ ਸੋਚ  ਤਿਆਗਣੀ ਪਵੇਗੀ । ਜਿਹੜਾ ਵੀ ਇਸ ਤਰ੍ਹਾਂ ਹਿੰਦੂ ਸੋਚਦਾ ਹੈ , ਉਸ ਨੂੰ ਵੀ ਇਹ ਵਿਚਾਰ ਛੱਡਣਾ ਪਵੇਗਾ। ਜੇ ਕੋਈ ਕਮਿਊਨਿਸਟ ਹੈ, ਉਸ ਨੂੰ ਵੀ ਇਹ ਵਿਚਾਰ ਛੱਡਣਾ ਪਵੇਗਾ।'' 

ਜੇਕਰ ਭਾਗਵਤ ਦੇ ਇਸ ਬਿਆਨ ਦੀ ਚੀਰ ਫਾੜ ਕਰੀਏ ਤਾਂ ਸਪਸ਼ਟ ਹੁੰਦਾ ਹੈ ਕਿ ਉਹ ਭਾਰਤ ਵਿਚ ਹਿੰਦੂਤਵ ਦਾ ਬੋਲਬਾਲਾ ਚਾਹੁੰਦੇ ਹਨ ਤੇ ਮੁਸਲਮਾਨਾਂ ਨੂੰ ਵਿਦੇਸ਼ੀ ਸਮਝ ਕੇ ਉਹਨਾਂ ਨੂੰ ਨੀਵਾਂ ਦਿਖਾ ਰਹੇ ਹਨ।ਉਹਨਾਂ ਦੀ ਧਾਰਨਾ ਵਿਚ ਹਿੰਦੂ ਉਤਮ ਹੈ ਤੇ ਮੁਸਲਮਾਨ ਦੂਜੇ ਨੰਬਰ ਦਾ ਸ਼ਹਿਰੀ ਹੈ।ਉਹਨਾਂ ਦਾ ਕਹਿਣਾ ਕਿ ਮੁਸਲਮਾਨਾਂ ਨੂੰ ਖ਼ੁਦ ਨੂੰ ਉੱਤਮ ਦੱਸਣ ਵਾਲੀ ਗਲਤ ਬਿਆਨਬਾਜ਼ੀ ਛੱਡ ਦੇਣੀ ਚਾਹੀਦੀ ਹੈ ਪਰ ਉਹ ਹਿੰਦਤਵੀਆਂ ਦੀ ਸੁਪਰਮੇਸੀ ਤੇ ਫਿਰਕੂ ਹਿੰਸਾ ਬਾਰੇ ਮੀਸਨੀ ਚੁਪ ਧਾਰੀ ਬੈਠੇ ਹਨ। ਉਹਨਾਂ ਦਾ ਬਿਆਨ ਮੁਸਲਮਾਨਾਂ ਨੂੰ ਜ਼ਲੀਲ ਕਰਨ ਵਾਲਾ ਹੈ।ਉਹ ਮੁਸਲਮਾਨਾਂ ਤੋਂ ਸਤਾ ਪ੍ਰਾਪਤੀ ਦਾ ਮੋਹ ਤਿਆਗਣ ਲਈ ਆਖ ਰਹੇ ਹਨ ਮਤਲਬ ਮੁਸਲਮਾਨਾਂ ਨੂੰ ਭਾਰਤ ਵਿਚ ਦੂਜੇ ਨੰਬਰ ਦਾ ਸ਼ਹਿਰੀ ਬਣਕੇ ਰਹਿਣਾ ਪਵੇਗਾ। ਆਰ ਐਸ ਐਸ. ਆਪਣੇ ਹਿੰਦੂਤਵ ਦੇ ਏਜੰਡੇ ਬਾਰੇ ਕਲੀਅਰ ਹੈ, ਕਿਉਂਕਿ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸੰਘ ਪਰਿਵਾਰ ਆਪਣੇ ਫਿਰਕੂ ਏਜੰਡੇ  ਤੋਂ ਕਦੇ ਪਿੱਛੇ ਨਹੀਂ ਹਟਿਆ।ਇਹਨਾਂ ਦੀ ਨੀਤੀ ਇਹ ਹੈ ਕਿ ਪਹਿਲਾ ਬਿਆਨ ਦਾਗ਼ਦੇ ਹਨ ਫਿਰ ਲੋਕਾਂ ਦੀ ਪ੍ਰਤੀਕਿਰਿਆ ਦੇ ਹਿਸਾਬ ਨਾਲ਼ ਬਿਆਨ ਬਦਲ ਲੈਂਦੇ ਹਨ ਤੇ ਆਪਣੇ ਮਨਸੂਬਿਆਂ ਨੂੰ ਚੋਰ ਰਸਤਿਓਂ ਲਾਗੂ ਕਰਦੇ ਹਨ। ਸੰਘ ਭਾਜਪਾ ਦੀ ਪੂਰੀ ਸਿਆਸਤ  ਹਿਟਲਰੀ ਨਾਜ਼ੀਵਾਦ ਉਪਰ  ਟਿਕੀ ਹੋਈ ਹੈ। ਪਿਛਲੇ 8 ਸਾਲਾਂ ਤੋਂ ਫਾਸ਼ੀਵਾਦੀ ਦਹਿਸ਼ਤਗਰਦਾਂ ਵੱਲੋਂ ਭੀੜਤੰਤਰੀ ਹੱਤਿਆਵਾਂ ਤੇ ਹਮਲਿਆਂ ਰਾਹੀਂ ਮੁਸਲਮਾਨ ਵਿਰੋਧੀ ਹਿੰਸਾ ਦਾ ਦੌਰ ਜਾਰੀ ਰਿਹਾ ਸੀ ।ਰਹਿੰਦੀ ਕਸਰ ਭਾਜਪਾ ਸ਼ਾਸਤ ਰਾਜਾਂ ਵਿੱਚ ਸਰਕਾਰਾਂ ਤੇ ਪ੍ਰਸ਼ਾਸਨ ਦੀ ਬੁਲਡੋਜ਼ਰ ਉਜਾੜਾ ਨੀਤੀ ਨੇ ਪੂਰੀ ਕਰ ਦਿੱਤੀ ਸੀ | ਸਿੱਟੇ ਵਜੋਂ ਮੁਸਲਮਾਨ ਦਹਿਸ਼ਤ ਦੇ ਸਾਏ ਹੇਠ ਦਿਨ ਕਟੀ ਕਰਨ ਲਈ ਮਜਬੂਰ ਹੋ ਗਏ ਸਨ।

ਹੁਣ ਪਿਛਲੇ ਦੋ ਕੁ ਮਹੀਨਿਆਂ ਦੌਰਾਨ ਛੱਤੀਸਗੜ੍ਹ ਅੰਦਰ ਈਸਾਈਆਂ ਉੱਤੇ ਲਗਾਤਾਰ ਭਗਵੇਂ ਹਮਲੇ ਹੋ ਰਹੇ ਹਨ ।ਅਕਤੂਬਰ ਵਿੱਚ 3 ਤੇ ਨਵੰਬਰ 2023 ਵਿੱਚ 15 ਹਮਲੇ ਕੀਤੇ ਗਏ | 18 ਦਸੰਬਰ 2022 ਨੂੰ ਇੱਕੋ ਦਿਨ 20 ਹਮਲੇ ਹੋਏ । ਫਿਰ 3 ਦਿਨਾਂ ਦੌਰਾਨ 21 ਦਸੰਬਰ ਤੱਕ 21 ਹਮਲੇ ਹੋਏ ਸਨ ।ਇਨ੍ਹਾਂ ਘਟਨਾਵਾਂ ਤੋਂ ਬਾਅਦ ਆਦਿਵਾਸੀ ਸਮਾਜ ਵੱਲੋਂ ਨਰਾਇਣਪੁਰ ਕੁਲੈਕਟਰ ਦੇ ਦਫ਼ਤਰ ਅੱਗੇ ਮੁਜ਼ਾਹਰਾ ਕਰਕੇ ਇੱਕ ਸ਼ਿਕਾਇਤ ਪੱਤਰ ਦਿੱਤਾ ਗਿਆ ਸੀ ।

ਇਸ ਸ਼ਿਕਾਇਤ ਪੱਤਰ ਵਿੱਚ ਦੋਸ਼ ਲਾਇਆ ਗਿਆ ਸੀ ਕਿ ਆਰ ਐੱਸ ਐੱਸ ਤੇ ਹਿੰਦੂ ਸੰਗਠਨਾਂ ਦੇ ਇਸ਼ਾਰੇ ਉੱਤੇ ਉਨ੍ਹਾਂ ਵਿਰੁੱਧ ਹਮਲੇ ਕੀਤੇ ਜਾ ਰਹੇ ਹਨ ।ਇਸ ਪੱਤਰ ਵਿੱਚ ਕਿਹਾ ਗਿਆ ਸੀ ਕਿ ਬਸਤਰ ਦੇ ਚੇਰਾਂਗ ਵਿੱਚ 50 ਈਸਾਈਆਂ ਨੂੰ ਕੁੱਟ ਕੇ ਉਨ੍ਹਾਂ ਦੇ ਘਰਾਂ ਵਿੱਚੋਂ ਭਜਾ ਦਿੱਤਾ ਗਿਆ ਹੈ ।ਇਸ ਤੋਂ ਬਿਨਾਂ ਭਾਟਪਾਲ, ਮੋਡੇਂਗਾ, ਗੋਹੜਾ ਤੇ ਬੋਰਵੰਡ ਵਿੱਚ ਵੀ ਈਸਾਈਆਂ ਉੱਤੇ ਹਮਲੇ ਕੀਤੇ ਗਏ ਹਨ ।

ਅਧਿਕਾਰੀਆਂ ਦੇ ਭਰੋਸਾ ਦੇਣ ਦੇ ਬਾਅਦ ਵੀ ਇਹ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਕਿਉਂਕਿ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਹੋ ਰਹੀ ।ਇਸੇ ਤੋਂ ਉਤਸ਼ਾਹਿਤ ਹੋ ਕੇ ਹਮਲਾਵਰਾਂ ਨੇ ਨਵੇਂ ਵਰ੍ਹੇ ਦੇ ਦਿਨ ਐਤਵਾਰ 2023 ਨੂੰ ਇੱਕ ਹੋਰ ਘਟਨਾ ਨੂੰ ਅੰਜਾਮ ਦੇ ਦਿੱਤਾ ।ਇਸ ਹਮਲੇ ਵਿੱਚ ਇੱਕ ਪੁਲਸ ਅਧਿਕਾਰੀ ਸਮੇਤ 8 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਸਨ । ‘ਦੀ ਹਿੰਦੂ’ ਦੀ ਰਿਪੋਰਟ ਮੁਤਾਬਕ ਇੱਕ ਦਰਜਨ ਈਸਾਈਆਂ ਉੱਤੇ ਚਾਰ-ਪੰਜ ਸੌ ਦੀ ਭਗਵੇਂ ਦਹਿਸ਼ਤਗਰਦਾਂ ਦੀ ਭੀੜ ਨੇ ਹਮਲਾ ਕਰ ਦਿੱਤਾ ਸੀ, ਜਿਸ ਵਿੱਚ ਗੋਰੇਗਾਂਵ ਦੇ ਲੋਕ ਤੇ ਬਾਹਰੀ ਲੋਕ ਵੀ ਸ਼ਾਮਲ ਸਨ ।ਆਪਣੀ ਜਾਨ ਬਚਾਉਣ ਲਈ ਈਸਾਈਆਂ ਨੂੰ ਨੇੜਲੇ ਜੰਗਲ ਵਿੱਚ ਸ਼ਰਨ ਲੈਣੀ ਪਈ ਸੀ । ਛਤੀਸਗੜ੍ਹ ਵਿੱਚ ਅਜਿਹੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ, ਪਰ ਦੁਰਾਡੇ ਪਿੰਡਾਂ ਤੋਂ ਖ਼ਬਰਾਂ ਨਹੀਂ ਆ ਰਹੀਆਂ ।

ਇਨ੍ਹਾਂ ਹਮਲਿਆਂ ਨੇ ਦੱਸ ਦਿੱਤਾ ਹੈ ਕਿ ਭਾਜਪਾ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਫਿਰਕੂ ਕਤਾਰਬੰਦੀ ਨੂੰ ਤੇਜ਼ ਕਰਨ ਲਈ ਸੰਘ ਦੇ ਭਗਵੇਂ ਏਜੰਡੇ ਨੂੰ ਆਪਨਾ ਰਹੀ ਹੈ । ਆਉਣ ਵਾਲੇ ਦਿਨਾਂ ਦੌਰਾਨ ਇਹ ਸਿਲਸਿਲਾ ਹੋਰ ਰਾਜਾਂ ਵਿੱਚ ਵੀ ਫੈਲ ਸਕਦਾ ਹੈ ।

ਯਾਦ ਰਖਣ ਵਾਲੀ ਗਲ ਇਹ ਹੈ ਕਿ ਸੰਘ“ਹਿੰਦੂਤਵ” ਦੀ ਵਿਚਾਰਧਾਰਾ ਨੂੰ ਪ੍ਰਣਾਈ ਕੱਟੜਪੰਥੀ ਜਥੇਬੰਦੀ ਹੈ ਜੋ 1925 ਤੋਂ ਭਾਰਤ ਨੂੰ ਇੱਕ “ਹਿੰਦੂ ਰਾਸ਼ਟਰ ਵਿਚ ਤਬਦੀਲ ਕਰਨ ਲਈ ਸਰਗਰਮ ਹੈ। ਜਿਸ ਵਿੱਚ ਬਾਕੀ ਧਾਰਮਿਕ, ਕੌਮੀ ਪਛਾਣ ਵਾਲ਼ੇ ਲੋਕ, ਦਲਿਤ ਤੇ ਔਰਤਾਂ ਦੂਜੇ ਦਰਜੇ ਦੇ ਨਾਗਰਿਕ ਹੋਣਗੇ। ਸੰਘ ‘ਮਨੂੰਸਮਿ੍ਰਤੀ’ ਵਾਲ਼ਾ ਜਾਤਪਾਤੀ ਢਾਂਚਾ ਲਾਗੂ ਕਰਨ ਦੀ ਵਕਾਲਤ ਕਰਦੀ ਹੈ।  ਅੱਜ ਸੰਘ ਨਾ ਸਿਰਫ ਭਾਜਪਾ ਦੇ ਰੂਪ ਵਿੱਚ ਸਰਕਾਰ ਵਿੱਚ ਮੌਜੂਦ ਹੈ ਸਗੋਂ ਫੌਜ, ਨਿਆਇਕ ਢਾਂਚੇ, ਚੋਣ ਕਮਿਸ਼ਨ, ਸਿੱਖਿਆ ਆਦਿ ਜਿਹੀਆਂ ਸੰਸਥਾਵਾਂ ਵਿੱਚ ਵੀ ਇਸਦੇ ਨੁਮਾਇੰਦੇ ਕਾਬਜ਼ ਹਨ। ਸੱਤ੍ਹਾ ਵਿੱਚ ਨਾ ਹੁੰਦਿਆਂ ਵੀ 1925 ਤੋਂ ਸੰਘ ਫਿਰਕੂ ਨਫ਼ਰਤ ਤੇ ਹਿੰਸਾ ਫੈਲਾਉਣ ਦਾ ਆਪਣਾ ਕੰਮ ਬਾਖੂਬੀ ਕਰਦਾ ਰਿਹਾ ਹੈ। 

ਰਾਸ਼ਟਰੀ ਸਵੈਸੇਵਕ ਸੰਘ ਆਪਣੇ ਗੁਰੂਆਂ ਸਾਵਰਕਰ ਤੇ ਗੋਲਵਲਕਰ ਦੇ ਪਾਏ ਪੂਰਨਿਆਂ ’ਤੇ ਚਲਦੇ ਹਨ। ਸੰਘ ਦੇ ਸਰਪ੍ਰਸਤ ਤੇ ਮੁੱਖ ਵਿਚਾਰਕ ਗੋਲਵਲਕਰ ਨੇ ਆਪਣੀ ਕਿਤਾਬ ‘ਵੀ ਐਂਡਅਵਰ ਨੇਸ਼ਨਹੁੱਡ ਡਿਫਾਈਂਡ’ ਵਿੱਚ ਲਿਖਿਆ-“ਆਪਣੀ ਨਸਲ ਅਤੇ ਸੱਭਿਆਚਾਰ ਦੀ ਸ਼ੁੱਧਤਾ ਕਾਇਮ ਰੱਖਣ ਲਈ ਜਰਮਨੀ ਨੇ ਆਪਣੇ ਦੇਸ਼ ਨੂੰ ਸਾਮੀ ਨਸਲ, ਯਹੂਦੀਆਂ ਤੋਂ ਸ਼ੁੱਧ ਕਰਕੇ ਸਾਰੇ ਸੰਸਾਰ ਨੂੰ ਝਟਕਾ ਦਿੱਤਾ ਹੈ। ਨਸਲੀ-ਗੌਰਵ ਦਾ ਪ੍ਰਗਟਾਵਾ ਆਪਣੀ ਸਰਵ-ਉੁਚਤਾ ਨਾਲ਼ ਇੱਥੇ ਹੋਇਆ ਹੈ। ਜਰਮਨੀ ਨੇ ਇਹ ਵੀ ਸਿੱਧ ਕੀਤਾ ਹੈ ਕਿ ਕਿਵੇਂ ਆਪਣੇ ਜੜ੍ਹਾਂ ਤੱਕ ਜਾ ਚੁੱਕੇ ਮਤਭੇਦਾਂ ਨੂੰ ਇੱਕ ਸਾਂਝੇ ਸਮੁੱਚ ਵਿੱਚ ਆਤਮਸਾਤ ਕਰਨਾ ਨਸਲਾਂ ਅਤੇ ਸੱਭਿਆਚਾਰਾਂ ਲਈ ਲਗਭਗ ਅਸੰਭਵ ਹੈ, ਇਹ ਸਾਡੇ ਲਈ ਹਿੰਦੋਸਤਾਨ ਵਿੱਚ ਸਿੱਖਣ ਅਤੇ ਲਾਭ ਲੈਣ ਲਈ ਇੱਕ ਚੰਗਾ ਸਬਕ ਹੈ।”

 

ਮਤਲਬ ਜਿਸ ਹਿਟਲਰ ਨੂੰ ਅੱਜ ਪੂਰੀ ਦੁਨੀਆਂ ਉਸ ਦੇ ਮਨੁੱਖਤਾ ਦੇ ਕੀਤੇ ਘਾਣ ਕਰਕੇ ਨਫਰਤ ਕਰਦੀ ਹੈ। ਜਿਸ ਹਿਟਲਰ ਨੇ ਲੱਗਭੱਗ ਇੱਕ ਕਰੋੜ ਯਹੂਦੀਆਂ ਨੂੰ ਸਿਰਫ਼ ਇਸ ਕਰਕੇ ਜ਼ਹਿਰੀਲੀਆਂ ਗੈਸਾਂ ਦੇ ਕੇ ਮਾਰ ਦਿੱਤਾ ਕਿ ਉਹ ਵੱਖਰੇ ਧਰਮ, ਵੱਖਰੇ ਸੱਭਿਆਚਾਰ ਦੇ ਲੋਕ ਹਨ, ਉਸ ਹਿਟਲਰ ਨੂੰ ਸੰਘ. ਦੇ ਸਿਧਾਂਤਕਾਰ ਆਪਣਾ ਆਦਰਸ਼ ਮੰਨਦੇ ਹਨ ਤੇ ਭਾਰਤ ਦੀਆਂ ਘੱਟ-ਗਿਣਤੀਆਂ ਲਈ ਵੀ ਇਹੀ ਰਾਹ ਅਪਣਾਉਣ ਦੀ ਵਕਾਲਤ ਕਰਦੇ ਹਨ ਤੇ ਜਰਮਨੀ ਦੇ ‘ਮਾਡਲ’ ਨੂੰ ਭਾਰਤ ਲਈ ਆਦਰਸ਼ ਮੰਨਦੇ ਹਨ। ਸੰਘ  ਲੋਕਾਂ ਨੂੰ ਰੱਤੀ ਭਰ ਵੀ ਨਾਗਰਿਕ ਹੱਕ ਦੇਣ ਤੋਂ ਇਨਕਾਰੀ ਹੈ ਤੇ “ਮਨੂੰਸਮਿ੍ਰਤੀ” ਨੂੰ ਭਾਰਤ ਦੇ ਸੰਵਿਧਾਨ ਵਜੋਂ ਲਾਗੂ ਕਰਨਾ ਚਾਹੁੰਦੀ ਹੈ।  ਸੰਘ ਮੁਖੀ ਭਾਗਵਤ ਦਾ ਬਿਆਨ ਸੰਘ ਦੀ ਪੁਰਾਣੀ ਨੀਤੀ ਤੋਂ ਵੱਖਰਾ ਨਹੀਂ ਹੈ।