ਉੱਤਰੀ ਕੈਰੋਲੀਨਾ ਵਿਚ ਖਾਦ ਪਲਾਂਟ ਨੂੰ ਲੱਗੀ ਭਿਆਨਕ ਅੱਗ ਨਾਲ ਭਾਰੀ ਨੁਕਸਾਨ

ਉੱਤਰੀ ਕੈਰੋਲੀਨਾ ਵਿਚ ਖਾਦ ਪਲਾਂਟ ਨੂੰ ਲੱਗੀ ਭਿਆਨਕ ਅੱਗ ਨਾਲ ਭਾਰੀ ਨੁਕਸਾਨ
ਕੈਪਸ਼ਨ:  ਖਾਦ ਪਲਾਂਟ ਨੂੰ ਲੱਗੀ ਅੱਗ ਦਾ ਇਕ ਦ੍ਰਿਸ਼

* ਆਸ ਪਾਸ ਦਾ ਖੇਤਰ ਕਰਵਾਉਣਾ ਪਿਆ ਖਾਲੀ

ਅੰਮ੍ਰਿਤਸਰ ਟਾਈਮਜ਼

ਸੈਕਾਰਮੈਂਟੋ  (ਹੁਸਨ ਲੜੋਆ ਬੰਗਾ)- ਉੱਤਰੀ ਕੈਰੋਲੀਨਾ ਦੇ ਵਿੰਸਟਨ-ਸਾਲੇਮ ਵਿਚ ਵਿੰਸਟਨ ਵੀਵਰ ਫਰਟੀਲਾਈਜ਼ਰ ਪਲਾਂਟ ਨੂੰ ਲੱਗੀ ਭਿਆਨਕ ਅੱਗ ਕਾਰਨ ਆਸ ਪਾਸ ਦੇ ਖੇਤਰ ਵਿਚ ਰਹਿੰਦੇ ਲੋਕਾਂ ਨੂੰ ਉਥੋਂ ਹਟਾ ਦਿੱਤਾ ਗਿਆ। ਅੱਗ ਨਾਲ  ਪਲਾਂਟ ਦਾ ਕਾਫੀ  ਨੁਕਸਾਨ ਹੋਣ ਦੀ ਰਿਪੋਰਟ ਹੈ। ਵਿੰਸਟਨ ਸਾਲੇਮ ਦੇ ਅੱਗ ਬੁਝਾਊ ਵਿਭਾਗ ਦੇ ਮੁੱਖੀ ਟਰੇ ਮਾਯੋ ਨੇ ਦਸਿਆ ਕਿ ਅੱਗ ਨੂੰ ਅੱਗੇ ਫੈਲਣ ਤੋਂ ਰੋਕ ਲਿਆ ਗਿਆ ਹੈ। 6000 ਦੇ ਆਸ ਪਾਸ ਸਥਾਨਕ ਵਾਸੀਆਂ ਨੂੰ ਉਥੋਂ ਕੱਢਿਆ ਗਿਆ ਹੈ ਜਿਨਾਂ ਵਿਚ ਵੇਕ ਫਾਰੈਸਟ ਯੁਨੀਵਰਸਿਟੀ ਦੇ ਵਿਦਿਆਰਥੀ ਤੇ ਨਾਲ ਲੱਗਦੀ ਜੇਲ ਦੇ 200 ਤੋਂ ਵਧ ਕੈਦੀ ਸ਼ਾਮਿਲ ਹਨ। ਉਨਾਂ ਦੱਸਿਆ ਕਿ ਪਲਾਂਟ ਵਿਚ 600 ਟਨ ਅਮੋਨੀਅਮ ਨਾਈਟਰੇਟ ਤੇ 5000 ਟਨ ਤਿਆਰ ਖਾਦ ਮੌਜੂਦ ਸੀ। ਅੱਗ ਲੱਗਣ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ ਤੇ  ਅੱਗ ਨਾਲ ਹੋਏ ਨੁਕਸਾਨ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਪਲਾਂਟ ਦੇ ਇਕ ਕਿਲੋਮੀਟਰ ਘੇਰੇ ਵਿਚ ਰਹਿੰਦੇ  ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ।