ਸੰਘੀ ਅਪੀਲ ਕੋਰਟ ਵੱਲੋਂ ਟਰੰਪ ਨੂੰ ਝਟਕਾ, ਸਦਨ ਦੀ ਜਾਂਚ ਕਮੇਟੀ ਨੂੰ ਰਿਕਾਰਡ ਦੇਣ ਵਿਰੁੱਧ ਦਾਇਰ ਅਪੀਲ ਰੱਦ

ਸੰਘੀ ਅਪੀਲ ਕੋਰਟ ਵੱਲੋਂ ਟਰੰਪ ਨੂੰ ਝਟਕਾ, ਸਦਨ ਦੀ ਜਾਂਚ ਕਮੇਟੀ ਨੂੰ ਰਿਕਾਰਡ ਦੇਣ ਵਿਰੁੱਧ ਦਾਇਰ ਅਪੀਲ ਰੱਦ

ਅੰਮ੍ਰਿਤਸਰ ਟਾਈਮਜ਼ 

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਇਕ ਸੰਘੀ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 6 ਜਨਵਰੀ 2020 ਦੀ ਘਟਨਾ ਦੀ ਜਾਂਚ ਕਰ ਰਹੀ ਸਦਨ ਦੀ ਕਮੇਟੀ ਨੂੰ ਵਾਇਟ ਹਾਊਸ ਦਾ ਰਿਕਾਰਡ ਦੇਣ ਵਿਰੁੱਧ ਦਾਇਰ ਅਪੀਲ ਰੱਦ ਕਰ ਦਿੱਤੀ ਹੈ ਹਾਲਾਂ ਕਿ ਅਦਾਲਤ ਨੇ ਸੁਪਰੀਮ ਕੋਰਟ ਜਾਣ ਲਈ ਸਾਬਕਾ ਰਾਸ਼ਟਰਪਤੀ ਨੂੰ ਦੋ ਹਫਤਿਆਂ ਦਾ ਸਮਾਂ  ਦਿੱਤਾ ਹੈ। ਜਾਂਚ ਕਮੇਟੀ ਨੇ 6 ਜਨਵਰੀ ਨੂੰ ਵਾਈਟ ਹਾਊਸ ਉਪਰ ਹਮਲੇ ਸਮੇ ਦੀਆਂ ਈ ਮੇਲਾਂ ਤੇ ਹੋਰ ਰਿਕਾਰਡ ਆਪਣੇ ਕਬਜ਼ੇ ਵਿਚ ਕਰ ਲਿਆ ਹੈ। ਜੱਜ ਪੈਟਰੀਸੀਆ ਮਿਲੈਟ ਜਿਸ ਦੀ ਨਿਯੁਕਤੀ ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ ਨੇ ਕੀਤੀ ਸੀ, ਨੇ ਆਪਣੇ ਫੈਸਲੇ ਵਿਚ ਲਿਖਿਆ ਹੈ ਕਿ 6 ਜਨਵਰੀ ਦੀਆਂ ਘਟਨਾਵਾਂ ਨੇ   ਲੋਕਤੰਤਰਿਕ ਸੰਸਥਾਵਾਂ ਤੇ ਰਵਾਇਤਾਂ ਦੀ ਨਾਜ਼ੁਕਤਾ ਨੂੰ ਉਜਾਗਰ ਕੀਤਾ ਹੈ ਜਿਨ੍ਹਾਂ ਨੂੰ ਅਸੀਂ ਇਕ ਗਰੰਟੀ ਵਜੋਂ ਲੈਂਦੇ ਹਾਂ। ਇਥੇ ਜਿਕਰਯੋਗ ਹੈ ਕਿ ਰਾਸ਼ਟਰਪਤੀ ਜੋ ਬਾਈਡਨ ਤੇ ਕਾਂਗਰਸ ਨੇ 6 ਜਨਵਰੀ ਦੀਆਂ ਘਟਨਾਵਾਂ ਦੀ ਜਾਂਚ ਲਈ ਤਤਕਾਲ ਰਾਸ਼ਟਰਪਤੀ ਵੱਲੋਂ ਭੇਜੀਆਂ ਈ ਮੇਲਾਂ ਤੇ ਹੋਰ ਸੰਦੇਸ਼ਾਂ ਦੀ ਪੜਤਾਲ ਲਈ ਹਰੀ ਝੰਡੀ ਦਿੰਦਿਆਂ ਕਿਹਾ ਸੀ ਕਿ ਇਕ ਅਹਿਮ ਮਾਮਲੇ ਵਿੱਚ ਸਿੱਟੇ 'ਤੇ ਪੁੱਜਣ ਲਈ ਅਜਿਹਾ ਕਰਨਾ ਜਰੂਰੀ ਹੈ। ਜੱਜ ਨੇ ਕਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਨੇ ਵਾਈਟ ਹਾਊਸ ਦਾ ਰਿਕਾਰਡ ਜਾਂਚ ਕਮੇਟੀ ਨੂੰ ਦੇਣ ਵਿਰੁੱਧ ਕੋਈ ਕਾਨੂੰਨੀ ਕਾਰਨ ਨਹੀਂ ਦੱਸਿਆ।  ਇਸੇ ਦੌਰਾਨ ਸੂਤਰਾਂ ਨੇ ਦੱਸਿਆ ਕਿ ਵਾਈਟ ਹਾਊਸ ਸਟਾਫ ਦੇ ਸਾਬਕਾ ਮੁੱਖੀ ਮਾਰਕ ਮੀਡੋਅਜ ਵੱਲੋਂ ਸਦਨ ਦੀ ਕਮੇਟੀ ਨੂੰ ਸੌਂਪੇ ਟੈਕਸਟ ਸੰਦੇਸ਼ ਤੇ ਈ ਮੇਲਾਂ ਤੋਂ ਪਤਾ ਲੱਗਾ ਹੈ ਕਿ 6 ਜਨਵਰੀ ਦੀ  ਘਟਨਾ ਸਮੇ ਸਾਬਕਾ ਰਾਸ਼ਟਰਪਤੀ ਬਹੁਤ ਸਾਰੇ ਲੋਕਾਂ ਨਾਲ ਵਿਅਕਤੀਗੱਤ ਤੌਰ 'ਤੇ ਸੰਪਰਕ ਵਿਚ ਸੀ।