ਆਕਸਫੋਰਡ ਹਾਈ ਸਕੂਲ ਵਿਚ ਗੋਲੀ ਚਲਾਉਣ ਵਾਲੇ ਵਿਦਿਆਰਥੀ ਦੇ ਮਾਪਿਆਂ ਵਿਰੁੱਧ ਗੈਰ ਇਰਾਦਾ ਹੱਤਿਆਵਾਂ ਦਾ ਮਾਮਲਾ ਦਰਜ, ਹੋਏ ਭਗੌੜੇ

ਆਕਸਫੋਰਡ ਹਾਈ ਸਕੂਲ ਵਿਚ ਗੋਲੀ ਚਲਾਉਣ ਵਾਲੇ ਵਿਦਿਆਰਥੀ ਦੇ ਮਾਪਿਆਂ ਵਿਰੁੱਧ ਗੈਰ ਇਰਾਦਾ ਹੱਤਿਆਵਾਂ ਦਾ ਮਾਮਲਾ ਦਰਜ, ਹੋਏ ਭਗੌੜੇ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਇਸ ਹਫਤੇ ਮੰਗਲਵਾਰ ਨੂੰ ਓਕਲੈਂਡ ਕਾਊਂਟੀ,ਮਿਸ਼ੀਗਨ ਦੇ ਆਕਸਫੋਰਡ ਹਾਈ ਸਕੂਲ ਵਿਚ  ਗੋਲੀਬਾਰੀ ਕਰਕੇ 4 ਵਿਦਿਆਰਥੀਆਂ ਨੂੰ ਮੌਤ ਦੇ ਘਾਟ ਉਤਾਰਨ ਤੇ 8 ਹੋਰਨਾਂ ਨੂੰ ਜ਼ਖਮੀ ਕਰਨ ਵਾਲੇ ਵਿਦਿਆਰਥੀ ਐਥਨ ਦੇ ਮਾਪਿਆਂ ਨੂੰ ਪੁਲਿਸ ਲੱਭ ਰਹੀ ਹੈ ਜਿਨ੍ਹਾਂ ਵਿਰੁੱਧ ਗੈਰ ਇਰਾਦਾ ਹੱਤਿਆਵਾਂ ਕਰਨ ਦੇ ਦੋਸ਼ ਲਾਏ ਗਏ ਹਨ। ਪੁਲਿਸ ਅਧਿਕਾਰੀਆਂ ਦੇ ਦਾਅਵੇ ਅਨੁਸਾਰ ਐਥਨ ਦੀ ਮਾਂ ਤੇ ਪਿਤਾ ਜੈਨੀਫਰ ਅਤੇ ਜੇਮਜ ਕਰਮਬਲੇ ਘਰ ਤੋਂ ਫਰਾਰ ਹੋ ਗਏ ਹਨ। ਅਦਾਲਤ ਵਿਚ ਸੁਣਵਾਈ ਦੌਰਾਨ ਇਸਤਗਾਸਾ ਪੱਖ ਦੇ ਵਕੀਲ ਨੇ ਕਿਹਾ ਕਿ ਜੈਨੀਫਰ ਤੇ ਜੇਮਜ ਨੇ ਆਪਣੇ ਪੁੱਤਰ ਨੂੰ ਕ੍ਰਿਸਮਿਸ ਤੋਹਫੇ ਵਜੋਂ ਗੰਨ ਖਰੀਦ ਕੇ ਦਿੱਤੀ ਸੀ ਜਿਸ ਗੰਨ ਨੂੰ ਗੋਲੀਬਾਰੀ ਵਿਚ ਵਰਤਿਆ ਗਿਆ। ਸੁਣਵਾਈ ਦੌਰਾਨ ਓਕਲੈਂਡ ਕਾਊਂਟੀ ਦੇ ਪੁਲਿਸ ਮੁੱਖੀ ਦੇ ਦਫਤਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਐਥਨ ਦੇ ਮਾਪੇ ਪੁਲਿਸ ਹਿਰਾਸਤ ਵਿਚ ਨਹੀਂ ਹਨ ਜਿਨ੍ਹਾਂ ਨੂੰ ਲੱਭਣ ਲਈ ਕਈ ਏਜੰਸੀਆਂ ਦੀ ਮੱਦਦ ਲਈ ਜਾ ਰਹੀ ਹੈ। ਇਸੇ ਦੌਰਾਨ ਪੁਲਿਸ ਮੁੱਖੀ ਮਾਈਕਲ ਬੋਚਰਡ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਘਰੋਂ ਦੌੜ ਜਾਣ ਤੋਂ ਸਾਫ ਹੈ ਕਿ ਜੈਨੀਫਰ ਤੇ ਜੇਮਜ ਵਿਰੁੱਧ ਲਾਏ ਦੋਸ਼ ਗਲਤ ਨਹੀਂ ਹਨ। ਉਨ੍ਹਾਂ ਕਿਹਾ ਕਿ ਗੋਲੀਬਾਰੀ ਵਿਚ ਨਿਭਾਈ ਭੂਮਿਕਾ ਤੋਂ ਉਹ ਬਚ ਨਹੀਂ ਸਕਦੇ। ਦੂਸਰੇ ਪਾਸੇ ਪਰਿਵਾਰ ਦੇ ਵਕੀਲ ਨੇ ਕਿਹਾ ਹੈ ਕਿ ਉਹ ਭੱਜੇ ਨਹੀਂ ਹਨ ਤੇ ਉਹ ਥੋਹੜਾ ਸਮਾਂ ਘਰੋਂ ਬਾਹਰ ਗਏ ਸਨ ।