ਦਿੱਲੀ ਦੀ ਸਰਕਾਰ ਬਣਾਉਣਗੇ ਸਿੱਖ!

ਦਿੱਲੀ ਦੀ ਸਰਕਾਰ ਬਣਾਉਣਗੇ ਸਿੱਖ!

ਨਵੀਂ ਦਿੱਲੀ, (ਏ.ਟੀ ਬਿਊਰੋ): ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਲਈ ਮੈਦਾਨ ਪੂਰੀ ਤਰ੍ਹਾਂ ਮਘ ਚੁੱਕਿਆ ਹੈ ਤੇ ਚੋਣਾਂ ਦੀ ਜਿੱਤ ਹਾਰ ਸਬੰਧੀ ਕਈ ਤਰ੍ਹਾਂ ਦੇ ਸਮੀਕਰਨ ਲਾਏ ਜਾ ਰਹੇ ਹਨ। ਇਸ ਵਾਰ ਮੁੱਖ ਮੁਕਾਬਲਾ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਦਰਮਿਆਨ ਹੈ। ਪਰ ਕਾਂਗਰਸ ਦੀ ਸਥਿਤੀ ਟੱਕਰ ਦੇਣ ਵਾਲੀ ਨਹੀਂ ਲਗ ਰਹੀ ਤੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਭਾਜਪਾ ਦਰਮਿਆਨ ਹੀ ਮੰਨਿਆ ਜਾ ਰਿਹਾ ਹੈ। 

ਜਿੱਥੇ ਭਾਜਪਾ ਆਪਣੇ ਹਿੰਦੁਤਵ ਦੇ ਏਜੰਡੇ (ਬਾਬਰੀ ਮਸਜਿਦ, ਧਾਰਾ 370, ਸੀਏਏ) ਅਤੇ ਮੋਦੀ ਫੈਕਟਰ ਨਾਲ ਮੈਦਾਨ ਵਿਚ ਉੱਤਰ ਰਹੀ ਹੈ ਉੱਥੇ ਆਮ ਆਦਮੀ ਪਾਰਟੀ ਆਪਣੇ ਚੰਗੇ ਸ਼ਾਸਨ ਅਤੇ ਸਮਾਜ ਸੁਧਾਰ (ਵਿੱਦਿਆ, ਸਿਹਤ ਅਤੇ ਬਿਜਲੀ) ਦੇ ਕੰਮਾਂ ਨਾਲ ਮੈਦਾਨ ਵਿਚ ਆ ਰਹੀ ਹੈ। 

ਲੋਕ ਸਭਾ ਚੋਣਾਂ 2019 ਦੇ ਅੰਕੜਿਆਂ ਮੁਤਾਬਕ ਦਿੱਲੀ ਦੀ ਵਿਧਾਨ ਸਭਾ ਲਈ ਕੁੱਲ 1.43 ਕਰੋੜ ਲੋਕਾਂ ਕੋਲ ਵੋਟ ਦਾ ਹੱਕ ਹੈ। ਇਹਨਾਂ ਵਿੱਚੋਂ ਸਭ ਤੋਂ ਵੱਡੇ ਸਮੂਹ ਪੂਰਵਾਂਚਲੀ, ਪੰਜਾਬੀ ਅਤੇ ਮੁਸਲਿਮ ਲੋਕਾਂ ਦੇ ਹਨ। 

ਸਿੱਖ ਭਾਵੇਂ ਕਿ ਦਿੱਲੀ ਦੀ ਕੁੱਲ ਅਬਾਦੀ ਦਾ 5 ਫੀਸਦੀ ਹਿੱਸਾ ਹੀ ਬਣਦੇ ਹਨ ਪਰ ਦਿੱਲੀ ਦੀ ਸਰਕਾਰ ਬਣਨ ਵਿਚ ਸਿੱਖ ਵੋਟ ਅਹਿਮ ਰੋਲ ਨਿਭਾਉਂਦੀ ਹੈ। ਇਸ ਲਈ ਹਰ ਪਾਰਟੀ ਸਿੱਖ ਭਾਈਚਾਰੇ ਨੂੰ ਆਪਣੇ ਨਾਲ ਗੰਢਣ ਦੀ ਕੋਸ਼ਿਸ਼ ਵੀ ਕਰ ਰਹੀ ਹੈ। ਪਰ ਇਹ ਪ੍ਰਭਾਵ ਤਾਂ ਹੀ ਪੈ ਸਕਦਾ ਹੈ ਜੇ ਸਿੱਖ ਸੰਗਠਿਤ ਰੂਪ 'ਚ ਆਪਣੀ ਵੋਟ ਭੁਗਤਾਉਣ

ਸਿੱਖ ਵੋਟ ਨੂੰ ਸੰਗਠਿਤ ਰੂਪ 'ਚ ਭੁਗਤਾਉਣ ਦਾ ਸਭ ਤੋਂ ਅਹਿਮ ਵਸੀਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਸਿੱਖੀ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਦੇ ਨਾਲ ਨਾਲ ਹਸਪਤਾਲ, ਸਕੂਲ ਅਤੇ ਕਾਲਜ ਚਲਾਉਂਦੀ ਇਹ ਸੰਸਥਾ ਸਿੱਖ ਵੋਟਾਂ ਨੂੰ ਸਭ ਤੋਂ ਵੱਧ ਪ੍ਰਭਾਵਤ ਕਰਦੀ ਹੈ। ਇਸ ਸਮੇਂ ਇਸ ਸੰਸਥਾ 'ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ ਦਲ) ਦਾ ਪ੍ਰਬੰਧ ਹੈ ਅਤੇ ਬਾਦਲ ਦਲ ਭਾਜਪਾ ਨਾਲ ਗਠਜੋੜ ਵਿਚ ਇਹ ਚੋਣਾਂ ਲੜ ਰਿਹਾ ਹੈ। ਭਾਜਪਾ 1984 ਸਿੱਖ ਕਤਲੇਆਮ ਮਾਮਲੇ 'ਚ ਸਿੱਟ ਬਣਾ ਕੇ ਮਾਮਲਿਆਂ ਦੀ ਮੁੜ ਜਾਂਚ ਸ਼ੁਰੂ ਕਰਨ ਨੂੰ ਅਧਾਰ ਬਣਾ ਕੇ ਸਿੱਖ ਵੋਟਾਂ ਨੂੰ ਆਪਣੇ ਪੱਖ 'ਚ ਭੁਗਤਾਉਣ ਦੀ ਕੋਸ਼ਿਸ਼ ਕਰੇਗੀ। 

ਜਦਕਿ 2013 ਅਤੇ 2015 ਦੀਆਂ ਚੋਣਾਂ 'ਚ ਸਿੱਖ ਵੋਟ ਵੱਡੇ ਪੱਧਰ 'ਤੇ ਆਮ ਆਦਮੀ ਪਾਰਟੀ ਦੇ ਪੱਖ 'ਚ ਭੁਗਤੀ ਸੀ। 

ਇਸ ਤੋਂ ਇਲਾਵਾ ਸਿੱਖ ਵਪਾਰਕ ਮਜ਼ਬੂਤੀ ਕਾਰਨ ਚੋਣਾਂ 'ਚ ਫੰਡ ਮੁਹੱਈਆ ਕਰਾਉਣ ਵਿਚ ਵੀ ਅਹਿਮ ਹਿੱਸਾ ਪਾਉਂਦੇ ਹਨ ਤੇ ਜਿਸ ਪਾਰਟੀ ਨਾਲ ਸਿੱਖ ਵੋਟ ਜੁੜਦੀ ਹੈ ਉਸਨੂੰ ਇਸ ਪੱਖ ਤੋਂ ਵੀ ਮਜ਼ਬੂਤੀ ਮਿਲਦੀ ਹੈ। 

ਸਿੱਖ ਪ੍ਰਭਾਵ ਵਾਲੇ ਮੁੱਖ ਹਲਕੇ
ਦਿੱਲੀ ਦੇ 70 ਵਿਧਾਨ ਸਭਾ ਹਲਕਿਆਂ ਵਿਚ ਸਿੱਖਾਂ ਵੋਟਰਾਂ ਦੀ ਗਿਣਤੀ 4,000 ਤੋਂ 40,000 ਦਰਮਿਆਨ ਹੈ ਜਦਕਿ ਰਾਜੌਰੀ ਗਾਰਡਨ ਅਤੇ ਤਿਲਕ ਨਗਰ ਹਲਕਿਆਂ ਵਿਚ ਸਿੱਖ ਵੋਟਰਾਂ ਦੀ ਗਿਣਤੀ 55,000 ਤੋਂ ਵੱਧ ਹੈ ਤੇ ਇਹਨਾਂ ਹਲਕਿਆਂ 'ਚ ਜਿੱਤ ਹਾਰ ਦਾ ਫੈਂਸਲਾ ਸਿੱਖ ਵੋਟ ਦੇ ਹੱਥ ਵਿਚ ਹੀ ਹੁੰਦਾ ਹੈ। 

ਜ਼ਿਆਦਾ ਸਿੱਖ ਪ੍ਰਭਾਵ ਵਾਲੇ ਹਲਕਿਆਂ 'ਚ ਰਾਜੌਰੀ ਗਾਰਡਨ, ਤਿਲਕ ਨਗਰ, ਮੋਤੀ ਨਗਰ, ਵਿਕਾਸ ਪੁਰੀ, ਹਰੀ ਨਗਰ, ਰਜਿੰਦਰ ਨਗਰ, ਕਾਲਕਾਜੀ, ਜੰਗਪੁਰਾ, ਜੀਟੀਬੀ ਨਗਰ, ਪੰਜਾਬ ਬਾਗ ਅਤੇ ਗੀਤਾ ਕਲੋਨੀ ਗਿਣੇ ਜਾਂਦੇ ਹਨ। 

ਕਿਹੜੀ ਪਾਰਟੀ ਦਾ ਕਿਹੜਾ ਸਿੱਖ ਉਮੀਦਵਾਰ?
ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਗਠਜੋੜ ਵਿਚ ਦਿੱਲੀ ਦੀਆਂ ਚਾਰ ਸੀਟਾਂ 'ਤੇ ਚੋਣ ਲੜਨੀ ਹੈ। ਇਸ ਲਈ ਉਮੀਦਵਾਰਾਂ ਦਾ ਐਲਾਨ ਹਲਾਂਕਿ ਕੀਤਾ ਜਾਣਾ ਹੈ ਪਰ ਬੀਤੀ ਸ਼ਾਮ ਹੋਈ ਪਾਰਟੀ ਬੈਠਕ 'ਤੇ ਉਮੀਦਵਾਰਾਂ ਦੇ ਸੰਭਾਵੀ ਨਾਵਾਂ 'ਤੇ ਮੋਹਰ ਲੱਗ ਚੁੱਕੀ ਹੈ ਜਿਹਨਾਂ ਵਿਚ ਮਨਜਿੰਦਰ ਸਿੰਘ ਸਿਰਸਾ (ਰਾਜੋਰੀ ਗਾਰਡਨ), ਜਤਿੰਦਰ ਸਿੰਘ ਸ਼ੰਟੀ (ਸ਼ਾਹਦਰਾ), ਹਰਮੀਤ ਸਿੰਘ ਕਾਲਕਾ (ਕਾਲਕਾਜੀ) ਅਤੇ ਅਮਰਜੀਤ ਸਿੰਘ (ਹਰੀ ਨਗਰ) ਤੋਂ ਉਮੀਦਵਾਰ ਹਨ।

ਭਾਜਪਾ ਵੱਲੋਂ 4 ਸਿੱਖ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ: ਆਰਪੀਸਿੰਘ (ਰਜਿੰਦਰ ਨਗਰ), ਇਸ਼ਪ੍ਰੀਤ ਸਿੰਘ ਬਖਸ਼ੀ (ਜੰਗਪੁਰਾ), ਸੁਰਿੰਦਰ ਸਿੰਘ ਬਿੱਟੂ (ਤੀਮਰਪੁਰ) ਅਤੇ ਸ਼ੀਖਾ ਕੌਰ (ਗ੍ਰੇਟਰ ਕੈਲਾਸ਼)। 

ਕਾਂਗਰਸ ਵੱਲੋਂ 6 ਸਿੱਖ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ: ਅਰਵਿੰਦਰ ਸਿੰਘ ਲਵਲੀ (ਗਾਂਧੀ ਨਗਰ), ਤਰਵਿੰਦਰ ਸਿੰਘ ਮਰਵਾਹਾ (ਜੰਗਪੁਰਾ), ਅਰਵਿੰਦਰ ਸਿੰਘ (ਦਿਓਲੀ), ਅਮਨਦੀਪ ਸਿੰਘ ਸੁਡਾਨ (ਰਾਜੌਰੀ ਗਾਰਡਨ), ਗੁਰਚਰਨ ਸਿੰਘ ਰਾਜੂ (ਵਿਸ਼ਵਾਸ਼ ਨਗਰ) ਅਤੇ ਰਵਿੰਦਰ ਸਿੰਘ ਬੁੰਭਰਾ (ਤਿਲਕ ਨਗਰ)। 

ਆਮ ਆਦਮੀ ਪਾਰਟੀ ਵੱਲੋਂ 2 ਸਿੱਖ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ: ਜਰਨੈਲ ਸਿੰਘ (ਤਿਲਕ ਨਗਰ) ਅਤੇ ਪ੍ਰਲਾਦ ਸਿੰਘ ਸਾਹਨੀ (ਚਾਂਦਨੀ ਚੌਂਕ)। 

ਉਲਝਣ ਵਿਚ ਸਿੱਖ ਵੋਟਰ
ਬਾਦਲ ਦਲ ਤੋਂ ਵੱਖ ਹੋਏ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ 1984 ਸਿੱਖ ਕਤਲੇਆਮ ਬਾਅਦ ਸਿੱਖਾਂ ਨੇ ਕਾਂਗਰਸ ਨਾਲੋਂ ਨਾਤਾ ਤੋੜ ਕੇ ਅਕਾਲੀ ਦਲ-ਭਾਜਾਪ ਗਠਜੋੜ ਨੂੰ ਚੁਣਿਆ ਸੀ ਅਤੇ ਫੇਰ ਉਹਨਾਂ ਆਪ ਨੂੰ ਚੁਣਿਆ ਪਰ ਹੁਣ ਉਹ ਉਲਝਣ ਵਿਚ ਹਨ। 

ਜ਼ਿਕਰਯੋਗ ਹੈ ਕਿ ਇਸ ਵਾਰ ਦਿੱਲੀ ਦੀਆਂ ਚੋਣਾਂ 'ਚ ਭਾਰਤ ਅੰਦਰ ਚੱਲ ਰਹੇ ਟਕਰਾਅ ਵਾਲੇ ਮਾਹੌਲ ਦਾ ਅਸਰ ਪੈਣਾ ਲਾਜ਼ਮੀ ਹੈ ਅਤੇ ਸਰਕਾਰ ਬਣਾਉਣ ਲਈ ਮੁੱਖ ਧਿਰਾਂ 'ਚ ਸਖਤ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਅਜਿਹੇ ਵਿਚ ਇੱਕ ਸਮੂਹ ਵਜੋਂ ਸਿੱਖ ਵੋਟ ਕਿਸੇ ਵੀ ਧਿਰ ਦੀ ਜਿੱਤ ਹਾਰ ਦਾ ਫੈਂਸਲਾ ਕਰਨ 'ਚ ਸਭ ਤੋਂ ਅਹਿਮ ਸਮੂਹਿਕ ਵੋਟ ਸਮਝੀ ਜਾ ਰਹੀ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।