ਫਲੋਰੀਡਾ ਦੇ ਗਵਰਨਰ ਨੇ ਹਿੰਸਾ ਤੇ ਦੰਗਿਆਂ ਨੂੰ ਨੱਥ ਪਾਉਣ ਲਈ ਬਿੱਲ ਉਪਰ ਕੀਤੇ ਦਸਤਖਤ

ਫਲੋਰੀਡਾ ਦੇ ਗਵਰਨਰ ਨੇ ਹਿੰਸਾ ਤੇ ਦੰਗਿਆਂ ਨੂੰ ਨੱਥ ਪਾਉਣ ਲਈ ਬਿੱਲ ਉਪਰ ਕੀਤੇ ਦਸਤਖਤ

* ਵਿਰੋਧੀਆਂ ਨੇ ਕਿਹਾ ਕਾਨੂੰਨ ਰਾਹੀਂ ਸਾਹਫਿਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ

ਅਮ੍ਰਿੰਤਸਰ ਟਾਇਮਜ਼ ਬਿਊਰੋ

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)ਫਲੋਰੀਡਾ ਦੇ ਗਵਰਨਰ ਰੋਨ ਡੀਸੈਂਟਿਸ ਨੇ ਉਸ ਬਿੱਲ  ਉਪਰ ਦਸਤਖਤ ਕਰ ਦਿੱਤੇ ਹਨ ਜਿਸ ਤਹਿਤ ਦੰਗਾਕਾਰੀਆਂ ਲਈ ਸਖਤ ਸਜਾਵਾਂ ਦੀ ਵਿਵਸਥਾ ਕੀਤੀ ਗਈ ਹੈ। ਗਵਰਨਰ ਨੇ ਕਿਹਾ ਹੈ ਕਿ 'ਕੰਬੇਟਿੰਗ ਪਬਲਿਕ ਡਿਸਆਰਡਰ' ਕਾਨੂੰਨ ਤਹਿਤ ਹਿੰਸਾ, ਦੰਗੇ ਕਰਨ ਤੇ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਲੋਕਾਂ ਦੀਆਂ ਸਜਾਵਾਂ ਵਧਾ ਦਿੱਤੀਆਂ ਗਈਆਂ ਹਨ ਤੇ ਉਨਾਂ ਸਥਾਨਕ ਅਧਿਕਾਰੀਆਂ ਤੇ ਮਿਊਂਸਪਲ ਕਮੇਟੀਆਂ ਨੂੰ ਵੀ ਸਜਾਵਾਂ ਹੋਣਗੀਆਂ ਜੋ ਲੋਕਾਂ ਦੇ ਜਾਨ ਮਾਲ ਦੀ ਰਾਖੀ ਨਹੀਂ ਕਰ ਸਕਣਗੀਆਂ। ਸਥਾਨਕ ਅਧਿਕਾਰੀਆਂ ਤੇ ਮਿਊਂਸਪਲ ਕਮੇਟੀਆਂ ਜੋ ਲਾਅ ਇਨਫੋਰਸਮੈਂਟ ਦੇ ਫੰਡਾਂ ਨੂੰ ਘਟਾਉਣ ਜਾਂ ਖਤਮ ਕਰਨ ਦੀ ਕੋਸ਼ਿਸ ਕਰਨਗੀਆਂ ਵਿਰੁੱਧ ਰਾਜ ਕਾਰਵਾਈ ਕਰ ਸਕਣਗੇ। ਕਾਰੋਬਾਰੀ ਆਪਣੀਆਂ ਜਾਇਦਾਦਾਂ ਦੇ ਨੁਕਸਾਨ ਦੀ ਭਰਪਾਈ ਲਈ ਉਨਾਂ ਮਿਊਂਸਪੈਲਟੀਆਂ ਵਿਰੁੱਧ ਕੇਸ ਕਰ ਸਕਣਗੇ ਜੋ ਉਨਾਂ ਦੀ ਜਇਦਾਦ ਦੀ ਹਿਫਾਜਤ ਕਰਨ ਵਿਚ ਨਾਕਾਮ ਰਹਿੰਦੀਆਂ ਹਨ। ਜੋ ਵਿਅਕਤੀ ਕਿਸੇ ਹੋਰ ਉਪਰ ਹਮਲਾ ਕਰਦਾ ਹੈ ਵਿਸ਼ੇਸ਼ ਕਰਕੇ ਲਾਅ ਇਨਫੋਰਸਮੈਂਟ ਅਧਿਕਾਰੀਆਂ 'ਤੇ ਜਾਂ ਜਾਇਦਾਦ ਨੂੰ ਨੁਕਸਾਨ ਪਹੰਚਾਉਂਦਾ ਹੈ, ਵਿਰੁੱਧ ਕਾਨੂੰਨੀ ਦੋਸ਼ਾਂ ਵਿਚ ਵਾਧਾ ਕਰ ਦਿੱਤਾ ਗਿਆ ਹੈ। ਹੁਣ ਉਸ ਨੂੰ ਸਖਤ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ਗ੍ਰਿਫਤਾਰ ਵਿਅਕਤੀ ਨੂੰ ਅਦਾਲਤ ਵਿਚ ਪਹਿਲੀ ਪੇਸ਼ੀ ਤੱਕ ਹਿਰਾਸਤ ਵਿਚ ਰਖਿਆ ਜਾ ਸਕੇਗਾ। ਰਾਜਪਾਲ ਨੇ ਕਿਹਾ ਹੈ ਕਿ ਰਾਸ਼ਟਰੀ ਝੰਡੇ ਸਮੇਤ ਇਤਿਹਾਸਕ ਇਮਾਰਤਾਂ ਜਾਂ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਜਾਂ ਅਪਮਾਨ ਕਰਨ ਵਾਲਿਆਂ ਦੀਆਂ ਗਤੀਵਿਧੀਆਂ ਨੂੰ ਰੋਕਣ ਵਿੱਚ ਇਹ ਬਿੱਲ ਕਾਰਗਰ ਸਾਬਤ ਹੋਵੇਗਾ।

ਬਿੱਲ ਉਪਰ ਦਸਤਖਤ ਕਰਨ ਤੋਂ ਪਹਿਲਾਂ ਗਵਰਨਰ ਨੇ ਕਿਹਾ ਕਿ 'ਜੇ ਤੁਸੀਂ ਦੰਗਾ ਕਰਦੇ ਹੋ, ਲੁੱਟਮਾਰ ਕਰਦੇ ਹੋ, ਦੂਸਰਿਆਂ ਨੂੰ ਨੁਕਸਾਨ ਪਹੁੰਚਾਉਂਦੇ ਹੋ, ਵਿਸ਼ੇਸ਼ ਕਰਕੇ ਲਾਅ ਇਨਫੋਰਸਮੈਂਟ ਅਧਿਕਾਰੀਆਂ ਉਪਰ ਹਮਲਾ ਕਰਦੇ ਹੋ ਤਾਂ ਤੁਹਾਨੂੰ ਜੇਲ ਜਾਣਾ ਹੀ ਪਵੇਗਾ।'' ਉਨਾਂ ਕਿਹਾ ਕਿ ਇਹ ਦੰਗਿਆਂ ਵਿਰੋਧੀ ਤੇ ਲਾਅ ਇਨਫੋਰਸਮੈਂਟ ਏਜੰਸੀਆਂ ਦੇ ਹੱਕ ਵਿਚ ਇਕ ਮਜ਼ਬੂਤ ਕਾਨੂੰਨ ਹੈ।'' ਉਨਾਂ ਕਿਹਾ ਕਿ ਕੁਝ ਸਥਾਨਕ ਸਰਕਾਰਾਂ ਪੁਲਿਸ ਨੂੰ ਉਸ ਸਮੇਂ ਤਮਾਸ਼ਬੀਨ ਬਣਕੇ ਖੜੇ ਰਹਿਣ ਲਈ ਮਜਬੂਰ ਕਰਦੀਆਂ ਹਨ ਜਦੋਂ ਸ਼ਹਿਰ ਸੜ ਰਹੇ ਹੋਣ ਤੇ ਲੋਕਾਂ ਉਪਰ ਹਮਲੇ ਹੋ ਰਹੇ ਹੋਣ ਤੇ ਉਨਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੋਵੇ। ਅਜਿਹਾ ਕਰਨਾ ਆਪਣੇ ਫਰਜਾਂ ਤੋਂ ਭੱਜਣ ਦੇ ਬਰਾਬਰ ਹੈ। ਗਵਰਨਰ ਡੀਸੈਂਟਿਸ  ਨੇ ਪੋਰਟਲੈਂਡ, ਸੀਏਟਲ ਤੇ ਮਿਨੀਪੋਲਿਸ ਦਾ ਹਵਾਲਾ ਵੀ ਦਿੱਤਾ ਜਿਥੇ ਪਿਛਲੇ ਸਾਲ ਦੰਗੇ ਹੋਏ ਸਨ। ਫਲੋਰੀਡਾ ਦੇ ਸੈਨੇਟ ਪ੍ਰਧਾਨ ਵਿਲਟਨ ਸਿੰਪਸਨ ਨੇ ਕਿਹਾ ਹੈ ਕਿ ਮੈ ਨਹੀਂ ਜਾਣਦਾ ਇਹ ਕਾਨੂੰਨ ਰਾਜਸੀ ਕਿਵੇਂ ਹੈ। ਸਾਡਾ ਮਕਸਦ ਲਾਅ ਇਨਫੋਰਸਮੈਂਟ ਅਧਿਕਾਰੀਆਂ ਤੇ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਨਾ ਹੈ ਤੇ ਜੇਕਰ ਕੋਈ ਦੰਗਾ ਕਰਦਾ ਹੈ ਤਾਂ ਉਸ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ। ਇਸ ਕਾਨੂੰਨ ਦੀ ਵਿਰੋਧੀਆਂ ਨੇ ਨਿੰਦਾ ਕਰਦਿਆਂ ਕਿਹਾ ਹੈ ਕਿ ਇਹ ਕਾਨੂੰਨ ਭਾਸ਼ਣ ਦੇ ਅਧਿਕਾਰ ਦੀ ਉਲੰਘਣਾ ਕਰਦਾ ਹੈ ਤੇ ਇਸ ਕਾਨੂੰਨ ਤਹਿਤ ਸਾਹਫਿਆਮ ਲੋਕਾਂ  ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਅਲੋਚਕਾਂ ਦਾ ਕਹਿਣ ਹੈ ਕਿ ਇਹ ਕਾਨੂੰਨ ਰਾਜਸੀ ਹੈ।