ਅਮਰੀਕਾ ਨੇ ਹਥਿਆਰਾਂ 'ਤੇ ਨਿਯੰਤਰਣ ਦੀ ਇਕ ਹੋਰ ਕੌਮਾਂਤਰੀ ਸੰਧੀ ਤੋਂ ਹੱਥ ਪਿਛਾਂਹ ਖਿੱਚੇ

ਅਮਰੀਕਾ ਨੇ ਹਥਿਆਰਾਂ 'ਤੇ ਨਿਯੰਤਰਣ ਦੀ ਇਕ ਹੋਰ ਕੌਮਾਂਤਰੀ ਸੰਧੀ ਤੋਂ ਹੱਥ ਪਿਛਾਂਹ ਖਿੱਚੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਠੰਡੀ ਜੰਗ ਖਤਮ ਹੋਣ ਤੋਂ ਬਾਅਦ ਅਮਰੀਕਾ ਵੱਲੋਂ ਹੀ ਸਥਾਪਤ ਕੀਤੇ ਵਿਸ਼ਵ ਪ੍ਰਬੰਧ ਤੋਂ ਹੁਣ ਅਮਰੀਕਾ ਤੇਜੀ ਨਾਲ ਪਿਛਾਂਹ ਹਟਦਾ ਜਾ ਰਿਹਾ ਹੈ। ਪਿਛਲੇ ਕੁੱਝ ਸਾਲਾਂ 'ਚ ਅਮਰੀਕਾ ਨੇ ਕਈ ਅਜਿਹੀਆਂ ਕੌਮਾਂਤਰੀ ਸੰਧੀਆਂ ਤੋਂ ਆਪਣੇ ਆਪ ਨੂੰ ਬਾਹਰ ਕਰ ਲਿਆ ਹੈ ਜੋ ਕਿਸੇ ਸਮੇਂ ਅਮਰੀਕਾ ਨੇ ਆਪਣੀ ਨੀਤੀ ਅਧੀਨ ਹੀ ਬਣਾਈਆਂ ਸੀ। ਅੱਜ ਅਮਰੀਕਾ ਨੇ ਖੁੱਲ੍ਹੇ ਅਸਮਾਨ ਬਾਰੇ ਸੰਧੀ ਤੋਂ ਵੀ ਖੁਦ ਨੂੰ ਬਾਹਰ ਕਰਨ ਦਾ ਐਲਾਨ ਕਰ ਦਿੱਤਾ ਹੈ। 

ਕੀ ਹੈ ਖੁੱਲ੍ਹੇ ਅਸਮਾਨ ਦੀ ਸੰਧੀ?
ਖੁੱਲ੍ਹੇ ਅਸਮਾਨ ਦੀ ਇਹ ਸੰਧੀ 1992 ਵਿਚ ਹੋਂਦ 'ਚ ਆਈ ਸੀ ਜੋ ਅਮਰੀਕਾ ਅਤੇ ਰੂਸ ਸਮੇਤ ਕਈ ਦੇਸ਼ਾਂ ਨੇ ਇਕ ਦੂਜੇ ਦੇ ਹਥਿਆਰਾਂ ਦੇ ਜ਼ਖੀਰਿਆਂ 'ਤੇ ਨਜ਼ਰ ਰੱਖਣ ਲਈ ਦਸਤਖਤ ਕੀਤੀ ਸੀ। ਇਸ ਸੰਧੀ ਮੁਤਾਬਕ ਦਸਤਖਤ ਕਰਨ ਵਾਲੇ 34 ਦੇਸ਼ ਇਕ ਦੂਜੇ ਦੇ ਅਸਮਾਨ ਵਿਚ ਹਥਿਆਰ ਰਹਿਤ ਜਹਾਜ਼ ਰਾਹੀਂ ਉਡਾਨ ਭਰ ਕੇ ਹਥਿਆਰਾਂ ਦੇ ਜ਼ਖੀਰਿਆਂ ਅਤੇ ਫੌਜੀ ਕਾਰਵਾਈਆਂ 'ਤੇ ਨਜ਼ਰ ਰੱਖ ਸਕਦੇ ਹਨ। 

ਅਮਰੀਕਾ ਦੇ ਸਟੇਟ ਡਿਪਾਰਟਮੈਂਟ ਦੇ ਬੁਲਾਰੇ ਨੇ ਕਿਹਾ ਕਿ ਉਹਨਾਂ 6 ਮਹੀਨੇ ਪਹਿਲਾਂ ਹੀ ਸੰਧੀ ਵਿਚ ਸ਼ਾਮਲ ਮੁਲਕਾਂ ਨੂੰ ਦੱਸ ਦਿੱਤਾ ਸੀ ਕਿ ਅਮਰੀਕਾ ਇਸ ਸੰਧੀ ਤੋਂ ਬਾਹਰ ਹੋ ਰਿਹਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਹੁਣ ਤੋਂ ਬਾਅਦ ਅਮਰੀਕਾ ਇਸ ਸੰਧੀ ਦਾ ਹਿੱਸਾ ਨਹੀਂ ਹੋਵੇਗਾ।

ਅਮਰੀਕਾ ਦੇ ਸਟੇਟ ਸਕੱਤਰ ਮਾਈਕ ਪੋਂਪੀਓ ਨੇ ਟਵੀਟ ਕਰਦਿਆਂ ਕਿਹਾ ਕਿ ਅਮਰੀਕਾ ਇਸ ਸੰਧੀ ਵਿਚੋਂ ਬਾਹਰ ਨਿੱਕਲ ਕੇ ਵੱਧ ਸੁਰੱਖਿਅਤ ਹੈ। ਉਹਨਾਂ ਨਾਲ ਲਿਖਿਆ ਕਿ ਰੂਸ ਸੰਧੀ ਦੀਆਂ ਸ਼ਰਤਾਂ ਦੀ ਸਹੀ ਪਾਲਣਾ ਨਹੀਂ ਕਰਦਾ।

ਰੂਸ ਨੇ ਸੰਧੀ ਵਿਚ ਸ਼ਾਮਲ ਅਮਰੀਕਾ ਦੇ ਸਹਿਯੋਗੀ ਯੂਰਪੀਨ ਮੁਲਕਾਂ ਤੋਂ ਲਿਖਤੀ ਮੰਗ ਕੀਤੀ ਹੈ ਕਿ ਉਹ ਇਹ ਭਰੋਸਾ ਦੇਣ ਕਿ ਉਹ ਇਸ ਸੰਧੀ ਅਨੁਸਾਰ ਇਕੱਤਰ ਕੀਤੀ ਜਾਣਕਾਰੀ ਅਮਰੀਕਾ ਨਾਲ ਸਾਂਝੀ ਨਹੀਂ ਕਰਨਗੇ। ਰੂਸ ਨੇ ਕਿਹਾ ਕਿ ਯੂਰਪ ਵਿਚਲੇ ਅਮਰੀਕੀ ਫੌਜ ਦੇ ਟਿਕਾਣਿਆਂ ਦੀ ਨਜ਼ਰਸਾਨੀ ਤੋਂ ਵੀ ਰੂਸ ਨੂੰ ਨਾ ਰੋਕਿਆ ਜਾਵੇ।

ਕੌਮਾਂਤਰੀ ਪੱਧਰ 'ਤੇ ਹਥਿਆਰਾਂ ਦੇ ਵੱਧ ਰਹੇ ਜ਼ਖੀਰਿਆਂ ਪ੍ਰਤੀ ਚਿੰਤਤ ਮਾਹਰਾਂ ਦਾ ਕਹਿਣਾ ਹੈ ਕਿ ਹਥਿਆਰਾਂ ਦੇ ਨਿਯੰਤਰਣ ਦੀ ਮੁਹਿੰਮ ਨੂੰ ਅਮਰੀਕਾ ਦੇ ਇਸ ਫੈਂਸਲੇ ਨਾਲ ਵੱਡਾ ਝਟਕਾ ਲੱਗਿਆ ਹੈ ਅਤੇ ਉਹਨਾਂ ਅਮਰੀਕਾ ਦੇ ਨਵੇਂ ਬਣਨ ਜਾ ਰਹੇ ਰਾਸ਼ਟਰਪਤੀ ਜੋ ਬਾਇਡੇਨ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕਾ ਨੂੰ ਮੁੜ ਇਸ ਸੰਧੀ ਵਿਚ ਸ਼ਾਮਲ ਕਰਨ।