ਕੋਰੋਨਾ ਕਾਰਨ ਹਾਲਾਤ ਖਰਾਬ ਹੋ ਰਹੇ ਹਨ, ਡਾ ਐਨਥਨੀ ਫੌਕੀ ਨੇ ਦਿੱਤੀ ਚਿਤਾਵਨੀ *
ਟੀਕਾਕਰਣ ਨਾ ਕਰਵਾਉਣ ਵਾਲੇ ਲੋਕ ਫੈਲਾਅ ਰਹੇ ਹਨ ਬਿਮਾਰੀ
ਅੰਮ੍ਰਿਤਸਰ ਟਾਈਮਜ਼ ਬਿਉਰੋ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਵਾਈਟ ਹਾਊਸ ਦੇ ਸਿਹਤ ਮਾਹਿਰ ਡਾ ਐਨਥਨੀ ਫੌਕੀ ਨੇ ਚਿਤਾਵਨੀ ਦਿੱਤੀ ਹੈ ਕਿ ਵਧ ਰਹੇ ਕੋਰੋਨਾ ਮਾਮਲਿਆਂ ਕਾਰਨ ਹਾਲਾਤ ਖਰਾਬ ਹੋ ਰਹੇ ਹਨ ਹਾਲਾਂ ਕਿ ਅਮਰੀਕਾ ਪਿਛਲੇ ਸਾਲ ਦੀ ਤਰਾਂ ਲਾਕ ਡਾਊਨ ਲਾਉਣ ਦੀ ਸਥਿੱਤੀ ਵਿਚ ਨਹੀਂ ਹੈ ਜਿਸ ਕਾਰਨ ਅਰਥ ਵਿਵਸਥਾ ਬੁਰੀ ਤਰਾਂ ਪ੍ਰਭਾਵਿਤ ਹੋਈ ਹੈ। ਫੌਕੀ ਨੇ ਕਿਹਾ ਹੈ ਹਾਲਾਂ ਕਿ ਅੱਧੀ ਅਮਰੀਕਨ ਆਬਾਦੀ ਦੇ ਟੀਕਾਕਰਣ ਹੋ ਚੁੱਕਾ ਹੈ ਪਰ ਇਹ ਕਾਫੀ ਨਹੀਂ ਹੈ। ਮਹਾਮਾਰੀ ਨੂੰ ਖਤਮ ਕਰਨ ਲਈ ਪੂਰੀ ਆਬਾਦੀ ਦੇ ਟੀਕਾਕਰਣ ਜਰੂਰੀ ਹੈ। ਅਮਰੀਕਾ ਵਿਚ ਜੁਲਾਈ ਮਹੀਨੇ ਦੌਰਾਨ 13 ਲੱਖ ਨਵੇਂ ਕੋਰੋਨਾ ਮਾਮਲੇ ਰਿਕਾਰਡ ਹੋਏ ਹਨ ਜੋ ਜੂਨ ਦੀ ਤੁਲਨਾ ਵਿਚ ਤਿੰਨ ਗੁਣਾਂ ਜਿਆਦਾ ਹਨ। ਡਾ ਫੌਕੀ ਨੇ ਸਵਿਕਾਰ ਕੀਤਾ ਕਿ ਵੈਕਸੀਨ 100% ਅਸਰਦਾਇਕ ਨਹੀਂ ਹੈ ਤੇ ਕੋਰੋਨਾ ਤੋਂ ਬਚਾਅ ਲਈ ਟੀਕੇ ਲਵਾ ਚੁੱਕੇ ਲੋਕ ਵੀ ਬਿਮਾਰ ਹੋ ਰਹੇ ਹਨ ਪਰੰਤੂ ਟੀਕੇ ਲਵਾ ਚੁੱਕੇ ਲੋਕਾਂ ਨੂੰ ਦੂਸਰੇ ਲੋਕਾਂ ਜਿਨਾਂ ਨੇ ਟੀਕੇ ਨਹੀਂ ਲਵਾਏ ਹਨ, ਦੀ ਤੁਲਨਾ ਵਿਚ ਖਤਰਾ ਘੱਟ ਹੈ। ਟੀਕੇ ਲਵਾ ਚੁੱਕੇ ਲੋਕਾਂ ਦੇ ਗੰਭੀਰ ਬਿਮਾਰ ਹੋਣ ਦੀ ਸੰਭਾਵਨਾ ਘੱਟ ਹੈ। ਉਨਾਂ ਕਿਹਾ ਕਿ ਹਸਪਤਾਲ ਵਿਚ ਦਾਖਲ ਲੋਕਾਂ ਤੇ ਮੌਤਾਂ ਤੋਂ ਪਤਾ ਲੱਗਦਾ ਹੈ ਕਿ ਟੀਕਾ ਨਾ ਲਵਾਉਣ ਵਾਲੇ ਲੋਕ ਵਧੇਰੇ ਲਪੇਟ ਵਿਚ ਆਏ ਹਨ। ਉਨਾਂ ਕਿਹਾ ਕਿ ਕੋਰੋਨਾ ਤੋਂ ਬਚਾਅ ਲਈ ਟੀਕੇ ਨਾ ਲਵਾਉਣ ਵਾਲੇ ਲੋਕ ਬਿਮਾਰੀ ਨੂੰ ਅੱਗੇ ਫੈਲਾਅ ਰਹੇ ਹਨ।
Comments (0)