ਟਰੰਪ ਵੱਲੋਂ ਤੁਰਕੀ ਦੇ ਰਾਸ਼ਟਰਪਤੀ ਨੂੰ ਲਿਖੀ ਧਮਕੀ ਭਰੀ ਚਿੱਠੀ ਜਨਤਕ ਹੋਈ; ਚਿੱਠੀ ਦਾ ਪੰਜਾਬੀ ਤਰਜ਼ਮਾ ਪੜ੍ਹੋ

ਟਰੰਪ ਵੱਲੋਂ ਤੁਰਕੀ ਦੇ ਰਾਸ਼ਟਰਪਤੀ ਨੂੰ ਲਿਖੀ ਧਮਕੀ ਭਰੀ ਚਿੱਠੀ ਜਨਤਕ ਹੋਈ; ਚਿੱਠੀ ਦਾ ਪੰਜਾਬੀ ਤਰਜ਼ਮਾ ਪੜ੍ਹੋ
ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਤੁਰਕੀ ਦੇ ਰਾਸ਼ਟਰਪਤੀ ਏਰਡੋਗਨ ਦੀ ਪੁਰਾਣੀ ਤਸਵੀਰ

ਨਿਊਯਾਰਕ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਤੁਰਕੀ ਦੇ ਰਾਸ਼ਟਰਪਤੀ ਰਿਸਿਪ ਏਰਡੋਗਨ ਨੂੰ ਲਿਖੀ ਗਈ ਇੱਕ ਚਿੱਠੀ ਜਨਤਕ ਹੋਈ ਹੈ। ਬੀਤੇ ਦਿਨੀਂ ਸੀਰੀਆ ਦੇ ਜੰਗ ਪ੍ਰਭਾਵਿਤ ਖੇਤਰ ਵਿੱਚੋਂ ਆਪਣੀਆਂ ਫੌਜਾਂ ਵਾਪਸ ਬੁਲਾਉਣ ਤੋਂ ਬਾਅਦ ਤੁਰਕੀ ਵੱਲੋਂ ਕੁਰਦਾਂ ਦੇ ਪ੍ਰਬੰਧ ਅਧੀਨ ਖੇਤਰ 'ਤੇ ਕੀਤੇ ਹਮਲੇ ਨਾਲ ਸਖਤ ਟਿੱਪਣੀਆਂ ਦਾ ਸਾਹਮਣੇ ਕਰ ਰਹੇ ਟਰੰਪ ਨੇ ਤੁਰਕੀ ਦੇ ਰਾਸ਼ਟਰਪਤੀ ਰਿਸਿਪ ਏਰਡੋਗਨ ਨੂੰ ਲਿਖੀ ਚਿੱਠੀ ਵਿੱਚ ਉਹਨਾਂ ਨੂੰ ਨਸੀਹਤ ਦਿੱਤੀ ਹੈ ਕਿ ਉਹ ਮੂਰਖਾਂ ਵਾਲੇ ਕੰਮ ਨਾ ਕਰਨ। 

ਇਸ ਚਿੱਠੀ ਵਿੱਚ ਟਰੰਪ ਨੇ ਤੁਰਕੀ ਦੇ ਰਾਸ਼ਟਰਪਤੀ ਨੂੰ ਇਸ ਹਾਲਾਤ ਨਾਲ ਨਜਿੱਠਣ ਲਈ ਇੱਕ ਚੰਗਾ ਸਮਝੌਤਾ ਕਰਨ ਲਈ ਕਿਹਾ ਹੈ। ਇਹ ਚਿੱਠੀ ਟਰੰਪ ਵੱਲੋਂ 9 ਅਕਤੂਬਰ ਨੂੰ ਲਿਖੀ ਗਈ ਸੀ ਜਿਸ ਦਿਨ ਤੁਰਕੀ ਦੀਆਂ ਫੌਜਾਂ ਨੇ ਸੀਰੀਆ ਦੇ ਕੁਰਦ ਪ੍ਰਬੰਧ ਵਾਲੇ ਇਲਾਕੇ 'ਤੇ ਹਮਲਾ ਸ਼ੁਰੂ ਕੀਤਾ ਸੀ।

ਜ਼ਿਕਰਯੋਗ ਹੈ ਕਿ ਹਮਲੇ ਵਾਲੇ ਦਿਨ ਟਰੰਪ ਨੇ ਬਿਆਨ ਜਾਰੀ ਕਰਕੇ ਤੁਰਕੀ ਨੂੰ ਧਮਕੀ ਦਿੱਤੀ ਸੀ ਕਿ ਜੇ ਤੁਰਕੀ ਨੇ ਹਮਲਾ ਨਾ ਰੋਕਿਆ ਤਾਂ ਉਹ ਤੁਰਕੀ ਦੀ ਆਰਥਿਕਤਾ ਨੂੰ ਬਰਬਾਦ ਕਰ ਦੇਣਗੇ।

ਟਰੰਪ ਦੇ ਨਾਂ ਹੇਠ ਲਿਖੀ ਇਸ ਚਿੱਠੀ ਵਿੱਚ ਲਿਖੀਆਂ ਗੱਲਾਂ ਦਾ ਪੰਜਾਬੀ ਤਰਜ਼ਮਾ ਅਸੀਂ ਆਪਣੇ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ:

"ਆਓ, ਅਸੀਂ ਇੱਕ ਚੰਗਾ ਸਮਝੌਤਾ ਕਰੀਏ! ਤੁਸੀਂ ਕਦੇ ਨਹੀਂ ਚਾਹੋਗੇ ਕਿ ਹਜ਼ਾਰਾਂ ਲੋਕਾਂ ਦੇ ਕਤਲੇਆਮ ਦੀ ਜ਼ਿੰਮੇਵਾਰੀ ਤੁਹਾਡੇ ਸਿਰ ਪਵੇ ਅਤੇ ਮੈਂ ਵੀ ਤੁਰਕੀ ਦੀ ਆਰਥਿਕਤਾ ਨੂੰ ਤਬਾਹ ਕਰਨ ਦਾ ਜ਼ਿੰਮੇਵਾਰ ਨਹੀਂ ਬਣਨਾ ਚਾਹੁੰਦਾ- ਤੇ ਨਾ ਬਣਨਾ ਚਾਹਾਂਗਾ। ਮੈਂ ਤੁਹਾਨੂੰ ਇਸ ਦੀ ਛੋਟੀ ਜਿਹੀ ਮਿਸਾਲ ਪਾਸਟਰ ਬਰੂਨਸਨ ਦੇ ਸਬੰਧ ਵਿੱਚ ਦੇ ਹੀ ਚੁੱਕਿਆ ਹਾਂ।

ਮੈਂ ਤੁਹਾਡੀਆਂ ਕੁੱਝ ਸਮੱਸਿਆਵਾਂ ਨੂੰ ਹੱਲ ਕਰਨ ਲਈ ਬਹੁਤ ਮਿਹਨਤ ਕੀਤੀ ਹੈ। ਹੁਣ ਤੁਸੀਂ ਇੰਝ ਨਾ ਕਰੋ। ਤੁਸੀਂ ਇਨ੍ਹਾਂ ਹਾਲਾਤਾਂ ਨੂੰ ਸਹੀ ਕਰ ਸਕਦੇ ਹੋ। ਜਨਰਲ ਮਜ਼ਲੌਮ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਹਨ, ਅਤੇ ਉਹ ਉਹਨਾਂ ਗੱਲਾਂ ਨੂੰ ਮੰਨਣ ਲਈ ਤਿਆਰ ਹਨ ਜਿਹਨਾਂ ਨੂੰ ਮੰਨਣ ਲਈ ਉਹ ਪਹਿਲਾਂ ਤਿਆਰ ਨਹੀਂ ਸਨ। ਮੈਨੂੰ ਉਹਨਾਂ ਦੀ ਕੁੱਝ ਸਮਾਂ ਪਹਿਲਾਂ ਮਿਲੀ ਚਿੱਠੀ ਦੀ ਇੱਕ ਨਕਲ ਮੈਂ ਇਸ ਚਿੱਠੀ ਨਾਲ ਨੱਥੀ ਕਰ ਰਿਹਾ ਹਾਂ। 

ਜੇ ਤੁਸੀਂ ਇਸ ਮਸਲੇ ਨੂੰ ਸਹੀ ਅਤੇ ਇਨਸਾਨੀਅਤ ਪਸੰਦ ਢੰਗ ਨਾਲ ਨਜਿੱਠ ਲਵੋ ਤਾਂ ਇਤਿਹਾਸ ਤੁਹਾਨੂੰ ਚੰਗਿਆਈ ਵਜੋਂ ਯਾਦ ਕਰੇਗਾ। ਜੇ ਇਹ ਮਸਲਾ ਸਹੀ ਢੰਗ ਨਾਲ ਨਾ ਹੱਲ ਕੀਤਾ ਗਿਆ ਤਾਂ ਇਤਿਹਾਸ ਤੁਹਾਨੂੰ ਹਮੇਸ਼ਾ ਬੁਰਾਈ ਵਜੋਂ ਯਾਦ ਕਰੇਗਾ। ਸਖਤੀ ਨਾ ਵਖਾਓ। ਮੂਰਖ ਨਾ ਬਣੋ। 

ਮੈਂ ਤੁਹਾਡੇ ਨਾਲ ਫੇਰ ਗੱਲ ਕਰਾਂਗਾ।"

ਟਰੰਪ ਦੇ ਫੈਸਲੇ ਦੀ ਅਮਰੀਕੀ ਸੰਸਦ ਵਿੱਚ ਭਾਰੀ ਨਿੰਦਾ
ਇਹ ਚਿੱਠੀ ਬਿਲਕੁਲ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਅਮਰੀਕਾ ਦੀ ਸੰਸਦ "ਕਾਂਗਰਸ" ਵਿੱਚ ਟਰੰਪ ਵੱਲੋਂ ਸੀਰੀਆ ਤੋਂ ਫੌਜ ਕੱਢਣ ਦੇ ਫੈਂਸਲੇ ਦੀ ਸਖਤ ਨਿੰਦਾ ਕਰਦਿਆਂ ਵੱਡੇ ਬਹੁਮਤ ਨਾਲ ਮਤਾ ਪਾਸ ਕੀਤਾ ਗਿਆ। ਇਸ ਨਿੰਦਾ ਮਤੇ ਦੇ ਪੱਖ ਵਿੱਚ 354 ਕਾਂਗਰਸ ਮੈਂਬਰਾਂ ਨੇ ਵੋਟ ਪਾਈ।