ਘੱਲੂਘਾਰਾ ਜੂਨ ’84 ਦਾ ਦੁਖਾਂਤ ਤੇ ਸਿੱਖ ਰਾਜਨੀਤੀ ਦੀ ਪੁਨਰ ਉਸਾਰੀ ਦਾ ਮੱਸਲਾ
ਸਿੱਖਾਂ ਦੇ ਇਤਿਹਾਸ ਵਿਚ ਘੱਲੂਘਾਰੇ ਪਹਿਲਾਂ ਵੀ ਵਾਪਰੇ ਹਨ ਪ੍ਰੰਤੂ ਜੂਨ ’84 ਦਾ ਖ਼ੂਨੀ ਘੱਲੂਘਾਰਾ ਪਿਛਲੇ ਵਾਪਰੇ ਘੱਲੂਘਾਰਿਆਂ ਨਾਲੋਂ ਕਿਤੇ ਵੱਧ ਭਿਆਨਕ ਅਤੇ ਦੁਖਾਂਤਕ ਇਸ ਲਈ ਸੀ, ਕਿਉਂਕਿ ਇਹ ਆਜ਼ਾਦ ਭਾਰਤ ਦੇ ਵਿਚ ਆਜ਼ਾਦੀ ਦੇ ਲਈ ਕੁਰਬਾਨੀ ਦੇਣ ਵਾਲੀ ਸਿੱਖ ਕੌਮ ਨਾਲ ਵਾਪਰਿਆ।
ਇਸ ਭਿਅੰਕਰ ਘੱਲੂਘਾਰੇ ਦਾ ਸੰਤਾਪ ਖ਼ਾਲਸਾ ਪੰਥ ਹਾਲੇ ਵੀ ਭੋਗ ਰਿਹਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਭਾਜਪਾ, ਖੱਬੇ ਪੱਖੀ ਤੇ ਹੋਰ ਬਹੁਤ ਸਾਰੀਆਂ ਰਾਸ਼ਟਰਵਾਦੀ ਪਾਰਟੀਆਂ ਸਿੱਖ ਪੰਥ ਦੇ ਵਿਰੋਧ ਵਿਚ ਖੜੀਆਂ ਰਹੀਆਂ ਹਨ। ਭਗਵੇਂਵਾਦੀ ਜਥੇਬੰਦੀਆਂ ਇਸ ਸਾਕੇ ਦੀ ਖ਼ੁਸ਼ੀ ਮਨਾਉਂਦੇ ਹੋਏ ਲੱਡੂ ਵੰਡਦੀਆਂ ਰਹੀਆਂ ਤੇ ਹੁਣ ਵੀ ਇਸ ਦਿਹਾੜੇ ਦੌਰਾਨ ਸ਼ਿਵ ਸੈਨਾ ਵਰਗੀਆਂ ਫਿਰਕੂ ਜਥੇਬੰਦੀਆਂ ਸਿੱਖਾਂ ਦੇ ਜ਼ਖ਼ਮਾਂ ਉੱਪਰ ਲੂਣ ਭੂਕਦੀਆਂ ਹਨ। ਭਾਜਪਾ ਨੇਤਾ ਐਲ ਕੇ ਅਡਵਾਨੀ ਨੇ ਆਪਣੀ ਜੀਵਨ ਕਥਾ ’ਮਾਈ ਕੰਟਰੀ ਮਾਈ ਲਾਈਫ’ ਵਿਚ ਲਿਖਿਆ ਹੈ ਕਿ ਉਸ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਜ਼ੋਰ ਪਾ ਕੇ ਕਿਹਾ ਸੀ ਕਿ ਜਲਦੀ ਤੋਂ ਜਲਦੀ ਦਰਬਾਰ ਸਾਹਿਬ ’ਤੇ ਫ਼ੌਜੀ ਹਮਲਾ ਕੀਤਾ ਜਾਵੇ।
ਯਾਦ ਰਹੇ ਕਿ ਦਰਬਾਰ ਸਾਹਿਬ ਉੱਪਰ ਫ਼ੌਜੀ ਹਮਲੇ ਦੀ ਵਿਉਂਤਬੰਦੀ ਬਹੁਤ ਵੱਡੀ ਪੱਧਰ ’ਤੇ ਕਈ ਮਹੀਨੇ ਪਹਿਲਾਂ ਤੋਂ ਹੀ ਹੋ ਚੁੱਕੀ ਸੀ। ਪਹਾੜੀ ਇਲਾਕੇ ਵਿਚ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ, ਇਸ ਉੱਪਰ ਫੌਜੀ ਅਪਰੇਸ਼ਨ ਕਰਨ ਦੀ ਸਾਜ਼ਿਸ਼ ਰਚੀ ਗਈ ਸੀ। ਬਰਤਾਨੀਆ ਸਰਕਾਰ ਤੋਂ ਵੀ ਇਸ ਮੰਤਵ ਲਈ ਸਲਾਹਕਾਰ ਮੰਗਵਾਏ ਗਏ ਸਨ ਜਿਨ੍ਹਾਂ ਨੇ ਖ਼ੁਫ਼ੀਆ ਤੌਰ ’ਤੇ ਦਰਬਾਰ ਸਾਹਿਬ ਜਾ ਕੇ ਪੂਰਾ ਸਰਵੇਖਣ ਕਰ ਕੇ, ਭਾਰਤ ਸਰਕਾਰ ਨੂੰ ਅਪਣੀ ਸਲਾਹ ਪੇਸ਼ ਕੀਤੀ ਸੀ। ਇਸ ਸੰਬੰਧੀ ਸਾਰੇ ਸਬੂਤ ਸਾਹਮਣੇ ਆ ਚੁੱਕੇ ਹਨ, ਪਰ ਉਨ੍ਹਾਂ ਦਾ ਅਜੇ ਵੀ ਅਧਿਐਨ ਕਰਨਾ ਬਾਕੀ ਹੈ। ਹੈਰਾਨੀ ਦਾ ਵਿਸ਼ਾ ਹੈ ਕਿ ਭਾਰਤ ਦੀ ਪ੍ਰਧਾਨ ਮੰਤਰੀ ਇਕ ਪਾਸੇ ਪੰਜਾਬ ਸਮੱਸਿਆ ਦੇ ਹੱਲ ਲਈ ਸ਼੍ਰੋਮਣੀ ਅਕਾਲੀ ਦਲ ਨਾਲ ਮੀਟਿੰਗਾਂ ਕਰ ਰਹੀ ਸੀ ਤੇ ਦੂਸਰੇ ਪਾਸੇ ਦਰਬਾਰ ਸਾਹਿਬ ਉੱਪਰ ਫੌਜੀ ਹਮਲਾ ਕਰ ਦਿੱਤਾ ਤੇ ਇਹੋ ਜਿਹੇ ਖਤਰਨਾਕ ਹਾਲਾਤ ਜਾਣ ਬੁੱਝ ਕੇ ਬਣਾਏ ਗਏ ਤਾਂ ਜੋ ਸਿੱਖ ਪੰਥ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਸਕੇ ਤੇ ਸਬਕ ਸਿਖਾਇਆ ਜਾ ਸਕੇ।
ਆਈ ਕੇ ਗੁਜਰਾਲ ਨੇ ਮੀਡੀਆ ਵਿਚ ਸਾਫ ਦੱਸਿਆ ਸੀ ਕਿ ਪ੍ਰਧਾਨ ਮੰਤਰੀ ਦਾ ਅਕਾਲੀਆਂ ਨਾਲ ਸਮਝੌਤਾ ਕਰਨ ਦਾ ਕੋਈ ਇਰਾਦਾ ਹੀ ਨਹੀਂ ਸੀ। 2 ਜੂਨ 1984 ਨੂੰ ਜਦੋਂ ਕਿ ਦਰਬਾਰ ਸਾਹਿਬ ਨੂੰ ਚਾਰੇ ਪਾਸਿਉਂ ਫ਼ੌਜਾਂ ਨੇ ਘੇਰ ਲਿਆ ਸੀ ਅਤੇ ਫ਼ਾਇਰਿੰਗ ਸ਼ੁਰੂ ਹੋ ਚੁੱਕੀ ਸੀ, ਤਾਂ ਵੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਕ ਟੈਲੀਵਿਜ਼ਨ ਸੰਦੇਸ਼ ਦੁਆਰਾ ਅਕਾਲੀਆਂ ਨੂੰ ਗੱਲਬਾਤ ਦਾ ਸੱਦਾ ਦੇਣ ਦਾ ਨਾਟਕ ਰਚਿਆ ਤਾਂ ਜੋ ਦੁਨੀਆਂ ਨੂੰ ਗੁਮਰਾਹ ਕੀਤਾ ਜਾ ਸਕੇ। ਸਿੱਖਾਂ ਨਾਲ ਟਕਰਾਓ ਤੇ ਦਰਬਾਰ ਸਾਹਿਬ ਉੱਪਰ ਹਮਲੇ ਦਾ ਵਿਚਾਰ ਇੰਦਰਾ ਗਾਂਧੀ ਪਹਿਲਾਂ ਹੀ ਬਣਾ ਚੁੱਕੀ ਸੀ, ਕਿਉਂਕਿ ਇੰਦਰਾ ਵਲੋਂ ਲਗਾਈ ਐਮਰਜੈਂਸੀ ਦਾ ਵਿਰੋਧ ਸਿੱਖਾਂ ਨੇ ਵੱਡੇ ਪੱਧਰ ’ਤੇ ਕੀਤਾ ਸੀ। ਇਸੇ ਕਰਕੇ ਇੰਦਰਾ ਨੂੰ ਐਮਜਰੈਂਸੀ ਵਾਪਸ ਲੈਣ ਲਈ ਮਜ਼ਬੂਰ ਹੋਣਾ ਪਿਆ। ਇਸ ਹਾਰ ਨੂੰ ਇੰਦਰਾ ਬਰਦਾਸ਼ਤ ਨਹੀਂ ਕਰ ਸਕੀ, ਜਿਸ ਵਿਚੋਂ ਇਹ ਘੱਲੂਘਾਰਾ ਨਿਕਲਿਆ। ਇਸ ਘੱਲੂਘਾਰੇ ਦੇ ਜਨਮ ਦਾ ਇਹ ਵੀ ਕਾਰਨ ਸੀ ਕਿ ਇੰਦਰਾ ਹਿੰਦੂਤਵ ਦੀ ਰਚਨਾ ਕਰਕੇ ਤੇ ਸਿੱਖ ਕੌਮ ਨੂੰ ਅੱਤਵਾਦੀ ਐਲਾਨ ਕੇ ਫੌਜੀ ਅਪਰੇਸ਼ਨ ਕਰਕੇ ਆਪਣੀ ਸੱਤਾ ਕਾਇਮ ਰੱਖਣਾ ਚਾਹੁੰਦੀ ਸੀ। ਹਾਲਾਂਕਿ ਸੰਨ 1982 ਦੌਰਾਨ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਧਰਮ ਯੁੱਧ ਮੋਰਚਾ ਬਹੁਤ ਹੀ ਸ਼ਾਂਤਮਈ ਮੋਰਚਾ ਸੀ ਜਿਸ ਵਿਚ ਤਕਰੀਬਨ ਦੋ ਲੱਖ ਦੇ ਕਰੀਬ ਸਿੱਖ ਜੇਲ੍ਹਾਂ ਵਿਚ ਗਏ ਸਨ। ਪਰ ਇੰਦਰਾ ਗਾਂਧੀ ਨੇ ਇਸ ਨੂੰ ਅੱਤਵਾਦ ਨਾਲ ਜੋੜ ਕੇ ਇਹ ਫਿਰਕੂ ਖੇਡ ਖੇਡੀ। ਇਕ ਸਾਜ਼ਿਸ਼ ਤਹਿਤ ਅਧੀਨ ਦਰਬਾਰ ਸਾਹਿਬ ’ਤੇ ਹਮਲਾ ਕਰਨ ਲਈ ਗੁਰੂ ਅਰਜਨ ਦੇਵ ਦੀ ਸ਼ਹਾਦਤ ਵਾਲੇ 6 ਜੂਨ ਦਾ ਦਿਨ ਜਾਣ ਬੁਝ ਕੇ ਚੁਣਿਆ ਗਿਆ ਤਾਂ ਜੋ ਉੱਥੇ ਇਕੱਠੀਆਂ ਸੰਗਤਾਂ ਨੂੰ ਨਿਸ਼ਾਨਾ ਬਣਾਇਆ ਜਾ ਸਕੇ। ਹਮਲੇ ਦੌਰਾਨ ਮਸ਼ੀਨ ਗੰਨਾਂ, ਹੈਲੀਕਾਪਟਰਾਂ, ਟੈਂਕਾਂ ਤੇ ਰਾਕਟਾਂ ਦੀ ਵਰਤੋਂ ਕੀਤੀ ਗਈ। ਅਕਾਲ ਤਖ਼ਤ ਢਹਿ ਢੇਰੀ ਕੀਤਾ ਗਿਆ। ਤਕਰੀਬਨ ਹਜ਼ਾਰਾਂ ਸੰਗਤਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਮੌਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਨ੍ਹਾਂ ਨਾਲ ਲੜਨ ਵਾਲਿਆਂ ਦੀ ਗਿਣਤੀ ਤਾਂ ਪੰਜਾਹ ਤੋਂ ਲੈ ਕੇ ਸੌ ਦੇ ਕਰੀਬ ਹੀ ਦਸੀ ਜਾਂਦੀ ਹੈ। ਪਰ ਸੁਆਲ ਇਹ ਹੈ ਕਿ ਏਨੀ ਕੁ ਗਿਣਤੀ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਏਨਾ ਵੱਡਾ ਫੌਜੀ ਅਪਰੇਸ਼ਨ ਕਿਉਂ ਕੀਤਾ ਗਿਆ? ਸਿੱਖ ਰੈਂਫ਼ਰੈਂਸ ਲਾਇਬਰੇਰੀ ਨੂੰ ਸਾੜ ਕੇ ਸੁਆਹ ਕਰ ਦਿਤਾ ਗਿਆ। ਲੁਟ ਲਿਆ ਗਿਆ। ਦਰਬਾਰ ਸਾਹਿਬ ਦੇ ਨਾਲ ਪੰਜਾਬ ਵਿਚ 72 ਹੋਰ ਗੁਰਦਵਾਰਿਆਂ ਉਪਰ ਵੀ ਭਾਰਤੀ ਫ਼ੌਜ ਨੇ ਇੰਦਰਾ ਸਰਕਾਰ ਦੇ ਹੁਕਮ ਅਨੁਸਾਰ ਨਿਸ਼ਾਨਾ ਬਣਾਇਆ ਗਿਆ। ਹਾਲਾਂਕਿ ਇਨ੍ਹਾਂ ਗੁਰਦਵਾਰਿਆਂ ਅੰਦਰ ਕੋਈ ਖਾੜਕੂ ਮੌਜੂਦ ਨਹੀਂ ਸੀ। ਪਰ ਉੱਥੇ ਵੀ ਸਿੱਖ ਸੰਗਤਾਂ ਉਪਰ ਫੌਜ ਵਲੋਂ ਤਸ਼ੱਦਦ ਢਾਹਿਆ ਗਿਆ। ਮਨੁੱਖੀ ਅਧਿਕਾਰਾਂ ਦਾ ਜੋ ਘਾਣ 84 ਤੋਂ ਬਾਅਦ ਪੰਜਾਬ ਵਿਚ ਹੋਇਆ, ਝੂਠੇ ਪੁਲੀਸ ਮੁਕਾਬਲੇ ਹੋਏ, ਲਾਵਾਰਸ ਲਾਸ਼ਾਂ ਦਾ ਕੇਸ ਮਨੁੱਖੀ ਅਧਿਕਾਰਾਂ ਦੇ ਨੇਤਾ ਜਸਵੰਤ ਸਿੰਘ ਖਾਲੜਾ ਨੇ ਸਾਹਮਣੇ ਲਿਆਂਦਾ ਉਸ ਦੀ ਮਿਸਾਲ ਸਾਰੇ ਭਾਰਤ ਵਿਚ ਨਹੀਂ ਮਿਲਦੀ। ਆਖਿਰ ਖਾਲੜਾ ਨੂੰ ਵੀ ਲਾਵਾਰਸ ਲਾਸ਼ ਬਣਾ ਦਿੱਤਾ ਗਿਆ। ਇਹ ਭਾਰਤੀ ਜਮਹੂਰੀਅਤ ਦਾ ਕਤਲ ਸੀ। ਅੱਜ ਤੱਕ ਸਿੱਖ ਕੌਮ ਇਸ ਘੱਲੂਘਾਰੇ ਕਾਰਨ ਬੇਗਾਨਗੀ ਦਾ ਅਹਿਸਾਸ ਕਰ ਰਹੀ ਹੈ।
ਵਰਣਨਯੋਗ ਹੈ ਕਿ ਪੰਜਾਬੀ ਸਾਹਿਤਕਾਰਾਂ ਨੇ ਇਸ ਘਟਨਾ ਦਾ ਯਥਾਰਥਕ ਪੱਖ ਆਪਣੀ ਲਿਖਤਾਂ ਵਿਚ ਕਦੇ ਵੀ ਪੇਸ਼ ਨਹੀਂ ਕੀਤਾ ਤੇ ਉਹ ਸਰਕਾਰੀ ਇਨਾਮਾਂ ਪਦਮ ਸ੍ਰੀ, ਪਦਮ ਵਿਭੂਸ਼ਨ ਵਰਗੇ ਪੁਰਸਕਾਰਾਂ ਦੀ ਝਾਕ ਵਿਚ ਆਪਣੀਆਂ ਜਮੀਰਾਂ ਵੇਚਦੇ ਰਹੇ। ਗ਼ੈਰਾਂ ਤੋਂ ਇਲਾਵਾ ਸਾਡੇ ਆਪਣੇ ਪੰਥਕ ਆਗੂਆਂ ਨੇ ਵੀ ਇਸ ਘੱਲੂਘਾਰੇ ਦੌਰਾਨ ਪੰਥ ਨਾਲ ਧੋਖਾ ਕੀਤਾ। ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਪੰਥ ਦੀ ਸੋਚ ਤੋਂ ਪਰੇ ਜਾ ਕੇ ਲੰਗੜਾ ਲੂਲਾ ਰਾਜੀਵ-ਲੌਂਗੋਵਾਲ ਸਮਝੌਤਾ ਕੀਤਾ। ਬਾਦਲ ਪਰਿਵਾਰ ਹੁਣ ਤੱਕ ਗੁਰੂ ਨਾਨਕ ਪੰਥ ਦੀ ਸੋਚ ਦੇ ਉਲਟ ਭੁਗਤਦੇ ਰਹੇ ਤੇ ਸੱਤਾ ਪ੍ਰਾਪਤੀ ਦੇ ਲਈ ਕੇਂਦਰ ਸਰਕਾਰ ਖਾਸ ਕਰਕੇ ਭਾਜਪਾ ਦੇ ਅਧੀਨ ਰਾਜਨੀਤੀ ਕਰਦੇ ਰਹੇ ਹਨ। ਨਿਰੰਕਾਰੀ ਕਾਂਡ, ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ, ਸੌਦਾ ਸਾਧ, ਦਰਿਆਈ ਪਾਣੀ, ਕਸ਼ਮੀਰ ਦੇ ਮਸਲੇ ਇਸ ਗੱਲ ਦੇ ਗਵਾਹ ਹਨ ਕਿ ਬਾਦਲ ਪਰਿਵਾਰ ਦੀ ਨਿਸ਼ਠਾ ਪੰਥ ਪ੍ਰਤੀ ਕਦਾਚਿਤ ਨਹੀਂ ਸੀ। ਸ਼੍ਰੋਮਣੀ ਅਕਾਲੀ ਦਲ ਦਾ ਵਾਰ ਵਾਰ ਚੋਣਾਂ ਹਾਰਨਾ ਸਿਆਸੀ ਤੌਰ ’ਤੇ ਭੋਗ ਪੈਣਾ ਅਤੇ ਰਾਜਾਂ ਦੀ ਖੁਦਮੁਖਤਿਆਰੀ ਢਾਂਚੇ ਤੋਂ ਪਰੇ ਹੱਟਣਾ ਸਿੱਖ ਪੰਥ ਲਈ ਇਕ ਹੋਰ ਵੱਡਾ ਦੁਖਾਂਤ ਹੈ। ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੀ ਹੋਂਦ ਨਾ ਉਭਰਨ ਦੇਣਾ ਬਾਦਲ ਦਲ ਦੀ ਸਿਧਾਂਤਹੀਣੀ ਸਿਆਸਤ ਦਾ ਹਿੱਸਾ ਸੀ ਤੇ ਹੈ। ਅਜੇ ਸਿੱਖ ਇਤਿਹਾਸਕਾਰਾਂ ਤੇ ਲੇਖਕਾਂ ਨੇ ਇਸ ਬਾਰੇ ਬਹੁਤ ਕੁਝ ਲਿਖਣਾ ਹੈ ਤੇ ਬਹੁਤ ਤੱਥ ਸਾਹਮਣੇ ਆਉਣੇ ਬਾਕੀ ਹਨ। ਸ੍ਰੋਮਣੀ ਕਮੇਟੀ ਵਲੋਂ ਦਰਬਾਰ ਸਾਹਿਬ ਵਿਖੇ ਗੋਲੀਆਂ ਦਾ ਨਿਸ਼ਾਨ ਮਿਟਾ ਦੇਣ ਦਾ ਅਰਥ ਇਹੀ ਸੀ ਕਿ ਸਿੱਖ ਇਹ ਸਾਕਾ ਭੁੱਲ ਜਾਣ। ਇਹੀ ਸਿਖ ਵਿਰੋਧੀ ਸਿਸਟਮ ਚਾਹੁੰਦਾ ਸੀ ਜੋ ਸਿਖ ਘਲੂਘਾਰਿਆ ਦਾ ਜ਼ਿੰਮੇਵਾਰ ਹੈ। ਪਰ ਸਿੱਖ ਸਿਧਾਂਤ, ਸਿੱਖ ਪਰੰਪਰਾ, ਸਿੱਖ ਫਿਲਾਸਫੀ ਤੇ ਸਿੱਖ ਇਤਿਹਾਸ ਲਗਾਤਾਰ ਸਿੱਖ ਜਗਤ ਦੀ ਅਗਵਾਈ ਕਰ ਰਹੇ ਹਨ, ਜਿਸ ਤਹਿਤ ਏਨਾ ਵੱਡਾ ਦੁਖਾਂਤ ਭੁੱਲ ਜਾਣਾ ਅਸੰਭਵ ਹੈ। ਏਨੀ ਗੱਲ ਜ਼ਰੂਰ ਹੈ ਕਿ ਸਿੱਖ ਆਪਣੀ ਸੰਗਤ ਰੂਪੀ ਜਮਹੂਰੀ ਜਮਾਤ ਨਹੀਂ ਸਿਰਜ ਸਕੇ ਤੇ ਨਾ ਹੀ ਇਸ ਤੋਂ ਬਾਅਦ ਗੁਰਮਤਿ ਪੱਖੀ ਰਾਜਨੀਤੀ ਵਲ ਵੱਧ ਸਕੇ ਹਨ, ਜਿਸ ਦੇ ਇਸ਼ਾਰੇ ਗੁਰੂ ਅਰਜਨ ਦੇਵ ਜੀ ਨੇ ਹਲੇਮੀ ਰਾਜ ਦੇ ਰੂਪ ਵਿਚ ਕੀਤੇ ਹਨ। ਜਾਤੀਵਾਦ, ਕਰਮਕਾਂਡ, ਸਿੱਖ ਸਿਧਾਂਤਾਂ ਦਾ ਬ੍ਰਾਹਮਣੀਕਰਨ ਤੇ ਸਿੱਖ ਸਿਧਾਂਤਾਂ ਨੂੰ ਤਿਲਾਂਜਲੀ ਹਲੇਮੀ ਰਾਜ ਦੇ ਸੰਕਲਪ ਵਿਚ ਵੱਡੀ ਰੁਕਾਵਟ ਹਨ। ਮੁਗਲ ਹਕੂਮਤ ਤੋਂ ਲੈ ਕੇ ਧਾੜਵੀ ਨਾਦਰ ਸ਼ਾਹ, ਅਬਦਾਲੀ ਅੰਰਗੇਜ਼ ਦਰਬਾਰ ਸਾਹਿਬ ਦੇ ਮਹੱਤਵ ਨੂੰ ਹਮੇਸ਼ਾ ਜਾਣਦੇ ਰਹੇ ਹਨ।
ਇਸੇ ਕਰਕੇ ਦਰਬਾਰ ਸਾਹਿਬ ’ਤੇ ਹਮਲੇ ਹੁੰਦੇ ਰਹੇ ਤੇ ਕਬਜ਼ੇ ਵੀ ਹੁੰਦੇ ਰਹੇ। ਅੰਗਰੇਜ਼ ਰਾਜ ਦੌਰਾਨ ਸਿੱਖੀ ਤੋਂ ਬੇਮੁੱਖ ਹੋਏ ਮਹੰਤਾਂ, ਪੁਜਾਰੀਆਂ ਦਾ ਦਰਬਾਰ ਸਾਹਿਬ ਤੇ ਗੁਰਧਾਮਾਂ ਉੱਪਰ ਕਬਜ਼ਾ ਕਰਵਾ ਦਿੱਤਾ ਗਿਆ ਤਾਂ ਜੋ ਆਜ਼ਾਦੀ ਤੇ ਸਿੱਖ ਸਿਧਾਂਤਾਂ ਦਾ ਪ੍ਰਚਾਰ ਗੁਰਧਾਮਾਂ ਰਾਹੀਂ ਨਾ ਹੋ ਸਕੇ। ਇਹੀ ਘਾੜਤਾਂ ਹੁਣ ਘੜੀਆਂ ਜਾ ਰਹੀਆਂ ਹਨ ਅਤੇ ਸੱਤਾ ਦੀ ਲਾਲਚੀ ਸਿੱਖ ਲੀਡਰਸ਼ਿਪ ਇਸ ਬਾਰੇ ਹਮੇਸ਼ਾ ਕਬਰਾਂ ਵਰਗੀ ਚੁਪ ਧਾਰੀ ਬੈਠੀ ਹੈ। ਅੰਗਰੇਜ਼ ਕਾਲ ਦੌਰਾਨ ਸਿੰਘ ਸਭਾ ਲਹਿਰ ਤੇ ਗੁਰਦੁਆਰਾ ਸੁਧਾਰ ਲਹਿਰ ਨੇ ਗੁਰਧਾਮਾਂ ਨੂੰ ਆਜ਼ਾਦ ਕਰਵਾ ਕੇ ਗੁਰੂ ਨਾਨਕ ਪੰਥ ਨੂੰ ਰਾਜਨੀਤਕ ਤੇ ਧਾਰਮਿਕ ਪੱਖ ਤੋਂ ਮਜ਼ਬੂਤ ਕੀਤਾ ਸੀ, ਪਰ ਅੱਜ ਸਿੱਖ ਦਿਸ਼ਾਹੀਣ ਹਨ, ਕਿਉਂਕਿ ਸਿਧਾਂਤਕ ਅਗਵਾਈ ਕਰਨ ਵਾਲੀ ਨਾ ਉਨ੍ਹਾਂ ਕੋਲ ਬੁੱਧੀਜੀਵੀ ਜਮਾਤ ਤੇ ਨਾ ਸਿਆਸੀ ਜਮਾਤ ਹੈ। 40 ਸਾਲ ਬੀਤ ਜਾਣ ’ਤੇ ਵੀ ਸਿੱਖਾਂ ਦੇ ਮਨਾਂ ਵਿਚ ਦਰਬਾਰ ਸਾਹਿਬ ਤੇ ਹੋਏ ਫ਼ੌਜੀ ਹਮਲੇ ਵਿਰੁਧ ਰੋਸ ਲਗਾਤਾਰ ਬਣਿਆ ਹੋਇਆ ਹੈ। ਸਿੱਖਾਂ ਦੇ ਜ਼ਖ਼ਮਾਂ ਤੇ ਮਰਹਮ ਲਾਉਣ ਦਾ ਕੋਈ ਵੀ ਯਤਨ ਨਹੀਂ ਕੀਤਾ ਗਿਆ।
ਅਹਿਮ ਸਵਾਲ ਇਹ ਉਠਦਾ ਹੈ ਕਿ ਅੱਜ ਦੀ ਸਥਿਤੀ ਵਿਚ ਜਦੋਂ ਸਿਖਾਂ ਦਾ ਰਾਜਨੀਤਕ ਸੰਗਠਨ ਨਹੀਂ ਹੈ ਤੇ ਨਾ ਹੀ ਰਾਜਨੀਤੀ ਹੈ।ਜਿਹਨਾਂ ਕੌਮਾਂ ਕੋਲ ਰਾਜਨੀਤੀ ਨਹੀਂ ਹੁੰਦੀ ਉਹ ਕਦੇ ਵੀ ਆਪਣਾ ਵਾਜੂਦ ਕਾਇਮ ਨਹੀਂ ਰਖ ਸਕਦੀਆਂ। ਇਸ ਮੌਕੇ ਸਿਖ ਪੰਥ ਨੂੰ ਨਵੇ ਪੰਥਕ ਤੇ ਖੇਤਰੀ ਰਾਜਨੀਤੀ ਦੇ ਮੁਹਾਂਦਰੇ ਬਾਰੇ ਸ੍ਰੋਮਣੀ ਅਕਾਲੀ ਦਲ ਦੀ ਪੁਨਰ ਉਸਾਰੀ ਕਰਨੀ ਚਾਹੀਦੀ ਹੈ। ਸਿਖ ਪੰਥ ਨੂੰ ਪੰਜਾਬ ਦੀ ਅਗਵਾਈ ਕਰਦਿਆਂ ਵਿਸ਼ਵ ਵਿਚ ਰੋਲ ਨਿਭਾਉਣਾ ਚਾਹੀਦਾ ਹੈ ਤੇ ਗੁਰੂ ਗਰੰਥ ਸਾਹਿਬ ਆਧਾਰਿਤ ਫਲਸਫੇ ਤੇ ਰਾਜਨੀਤੀ ਨੂੰ ਪ੍ਰਗਟ ਕਰਕੇ ਅਭਿਆਸ ਕਰਨਾ ਚਾਹੀਦਾ ਹੈ।
ਖ਼ਾਲਸਾ ਪੰਥ ਕੋਲ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਵਿਚ ਸਿੱਖ ਫਿਲਾਸਫ਼ੀ ਤੋਂ ਸੇਧ ਪ੍ਰਾਪਤ ਕਰਦੀ ਆਪਣੀ ਵਿਸ਼ਵ ਪੱਧਰੀ ਸੋਚ ਹੋਣੀ ਚਾਹੀਦੀ ਹੈ। ਕੌਮੀ ਲੋੜਾਂ ਅਨੁਕੂਲ ਪੰਜਾਬ ਤੋਂ ਭਾਰਤ ਅਤੇ ਦੂਰ-ਦੁਰਾਡੇ ਦੇਸ਼ਾਂ ਵਿਚ ਸਿੱਖ ਧਰਮ ਦਾ ਸੁਨੇਹਾ ਦੇਣ ਵਾਲੇ ਗੁਰਦੁਆਰਿਆਂ, ਧਰਮ-ਕੇਂਦਰਾਂ ਅਤੇ ਧਾਰਮਿਕ ਸੰਸਥਾਵਾਂ ਕੋਲ ਸਪੱਸ਼ਟ ਸਾਂਝਾ ਕੌਮੀ ਏਜੰਡਾ ਅਤੇ ਸਦੀਵੀਂ ਪ੍ਰਚਾਰ ਨੀਤੀ ਹੋਣੀ ਜ਼ਰੂਰੀ ਹੈ। ਇਨ੍ਹਾਂ ਹੀ ਲੀਹਾਂ ਉੱਤੇ ਸਿੱਖ ਪੰਥ ਦਾ ਜੀਵਨ ਦੀਆਂ ਸਾਰੀਆਂ ਸੰਸਥਾਵਾਂ ਦਾ ਗੁਰਮਤਿ ਮਾਡਲ ਅਨੁਸਾਰ ਨੀਤੀਤੰਤਰ ਉਸਾਰਨਾ ਜ਼ਰੂਰੀ ਹੈ। ਗੁਰਦੁਆਰੇ ਸਿੱਖੀ ਦੇ ਸਕੂਲ ਵਜੋਂ ਸਥਾਪਤ ਹੋਣੇ ਚਾਹੀਦੇ ਹਨ। ਜਿੰਨਾ ਚਿਰ ਤੱਕ ਅਸੀਂ ਸਿੱਖ ਸਭਿਆਚਾਰ ਉਸਾਰਨ ਵਲ ਧਿਆਨ ਨਹੀਂ ਦੇਵਾਂਗੇ ਤੇ ਹਲੇਮੀ ਰਾਜ ਤਹਿਤ ਆਪਣੀ ਪ੍ਰਭੂ ਸੱਤਾ ਨਹੀਂ ਉਸਾਰਾਂਗੇ, ਓਨਾ ਚਿਰ ਤੱਕ ਸਿੱਖ ਘੱਲੂਘਾਰੇ ਦੇ ਦੁਖਾਂਤ ਸਾਡੇ ਜਖ਼ਮ ਬਣਦੇ ਰਹਿਣਗੇ। ਹੋ ਸਕਦਾ ਹੈ ਕਿ ਹੋਲੀ ਹੋਲੀ ਅਸੀਂ ਕਮਜ਼ੋਰ ਹੁੰਦੇ ਇਨ੍ਹਾਂ ਨੂੰ ਭੁੱਲ ਵੀ ਜਾਈਏ, ਪਰ ਜਦੋਂ ਅਸੀਂ ਆਪਣੇ ਗਿਆਨ ਸਿਲੇਬਸਾਂ ਨਾਲ ਲੈਸ ਹੋਵਾਂਗੇ ਤਾਂ ਹੀ ਸਾਡਾ ਭਵਿੱਖ ਉਜਵਲ ਹੋ ਸਕੇਗਾ।
ਗੁਰੂ ਗ੍ਰੰਥ ਸਾਹਿਬ ਵਿਚਲਾ ਹਲੇਮੀ ਰਾਜ ਇਹੋ ਹੀ ਉਹ ਮਾਡਲ ਹੈ ਜਿਸ ਦੀ ਪੂੰਜੀਵਾਦ, ਸਮਾਜਵਾਦ, ਸਾਮਵਾਦ, ਇਸਲਾਮਿਕ ਸ਼ਰੀਅਤ ਅਤੇ ਹਿੰਦੂਤਵ ਤੋਂ ਬਦਲਵੀਂ ਪ੍ਰਭੂ ਸੱਤਾ ਪ੍ਰਬੰਧ ਦੀ ਅੱਜ ਵਿਸ਼ਵ ਮਾਨਵ ਸੱਭਿਅਤਾ ਨੂੰ ਲੋੜ ਹੈ। ਇਸ ਸੰਬੰਧ ਵਿਚ ਡੂੰਘੀ ਵਿਆਖਿਆ ਕਰਨ ਦੇ ਨਾਲ ਸੰਗਤੀ ਪੱਧਰ ’ਤੇ ਅਭਿਆਸ ਜਾਰੀ ਰੱਖਣ ਦੀ ਲੋੜ ਹੈ।
ਪ੍ਰੋ. ਬਲਵਿੰਦਰਪਾਲ ਸਿੰਘ
9815700916
Comments (0)