ਪੁੱਛ-ਗਿੱਛ ਦੌਰਾਨ ਦੋਸ਼ੀ ਸੁਮੇਧ ਸੈਣੀ ਨਾਲ ਪੁਲਸ ਨੇ ਪ੍ਰਾਹੁਣਿਆਂ ਵਾਲਾ ਵਿਹਾਰ ਕੀਤਾ

ਪੁੱਛ-ਗਿੱਛ ਦੌਰਾਨ ਦੋਸ਼ੀ ਸੁਮੇਧ ਸੈਣੀ ਨਾਲ ਪੁਲਸ ਨੇ ਪ੍ਰਾਹੁਣਿਆਂ ਵਾਲਾ ਵਿਹਾਰ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸਿੱਖ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਦੇ ਮਾਮਲੇ 'ਚ ਨਾਮਜ਼ਦ ਦੋਸ਼ੀ ਪੰਜਾਬ ਪੁਲਸ ਦਾ ਸਾਬਕਾ ਡੀਜੀਪੀ ਸੁਮੇਧ ਸੈਣੀ ਬੀਤੇ ਕੱਲ੍ਹ ਪਹਿਲੀ ਵਾਰ ਪੁਲਸ ਸਾਹਮਣੇ ਪੇਸ਼ ਹੋਇਆ। ਸੁਮੇਧ ਸੈਣੀ ਨੇ ਸੈਕਟਰ-76 ਸਥਿਤ ਐੱਸਐੱਸਪੀ ਦਫ਼ਤਰ ਵਿੱਚ ਪਹੁੰਚ ਕੇ ਆਪਣੇ ਬਿਆਨ ਦਰਜ ਕਰਾਏ। ਇਸ ਮੌਕੇ ਵੀ ਜਾਂਚ ਕਰ ਰਹੇ ਪੁਲਸ ਦੀ ਸੈਣੀ ਪੱਖੀ ਪਹੁੰਚ ਸਾਹਮਣੇ ਆਈ। ਦੱਸ ਦਈਏ ਕਿ ਘਰੇਲੂ ਹਿੰਸਾ ਦਾ ਸਾਹਮਣੇ ਕਰ ਰਹੇ ਪੰਜਾਬ ਪੁਲੀਸ ਦੇ ਡੀਐੱਸਪੀ ਨੂੰ ਜ਼ਮਾਨਤ ਦੇਣ ਸਮੇਂ ਮੁਹਾਲੀ ਅਦਾਲਤ ਨੇ ਸ਼ਿਕਾਇਤਕਰਤਾ ਨੂੰ ਜਾਂਚ ਵਿੱਚ ਸ਼ਾਮਲ ਹੋਣ ਦੇ ਆਦੇਸ਼ ਦਿੱਤੇ ਸੀ। ਸ਼ਿਕਾਇਤਕਰਤਾ ਨੇ ਤੁਰੰਤ ਜੁਡੀਸ਼ਲ ਕੰਪਲੈਕਸ ਵਿੱਚ ਜਾਂਚ ਅਧਿਕਾਰੀ ਅੱਗੇ ਪੇਸ਼ ਹੋ ਕੇ ਬਿਆਨ ਦਰਜ ਕਰਵਾਏ ਸਨ ਪ੍ਰੰਤੂ ਜਾਂਚ ਅਧਿਕਾਰੀ ਨੇ ਅਦਾਲਤ ਨੂੰ ਕਿਹਾ ਸੀ ਕਿ ਉਹ ਥਾਣੇ ਜਾ ਕੇ ਹੀ ਬਿਆਨ ਦਰਜ ਕਰ ਸਕਦੇ ਹਨ। ਹੁਣ ਸੈਣੀ ਦੇ ਮਾਮਲੇ ’ਚ ਅਜਿਹਾ ਨਹੀਂ ਹੋਇਆ।

ਸੂਤਰਾਂ ਦੇ ਹਵਾਲੇ ਨਾਲ ਬਾਹਰ ਆਈਆਂ ਖਬਰਾਂ ਮੁਤਾਬਕ ਜਾਂਚ ਸੈਣੀ ਦੇ ਹੇਠ ਕੰਮ ਕਰਦੇ ਰਹੇ ਅਫਸਰਾਂ ਹੱਥ ਹੋਣ ਦਾ ਅਸਰ ਪੁੱਛ ਪੜਤਾਲ ਵਿਚ ਵੀ ਸਾਫ ਨਜ਼ਰ ਆਇਆ। ਖਬਰਾਂ ਮੁਤਾਬਕ ਕਿਸੇ ਵੀ ਜਾਂਚ ਅਫਸਰ ਨੇ ਕਰਾਸ ਪੁੱਛ-ਗਿੱਛ ਦੌਰਾਨ ਸੁਮੇਧ ਸੈਣੀ 'ਤੇ ਬਹੁਤਾ ਜ਼ੋਰ ਜਾਂ ਦਬਾਅ ਪਾਉਣ ਦੀ ਹਿੰਮਤ ਨਹੀਂ ਦਿਖਾਈ।

ਉਂਝ ਕਾਨੂੰਨ ਮੁਤਾਬਕ ਕਿਸੇ ਵੀ ਅਪਰਾਧਿਕ ਮਾਮਲੇ ਵਿੱਚ ਮੁਲਜ਼ਮ, ਭਾਵੇਂ ਕੋਈ ਵੀ ਹੋਵੇ, ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਸਬੰਧਤ ਥਾਣੇ ਵਿੱਚ ਪੇਸ਼ ਹੋਣਾ ਬਣਦਾ ਹੈ। ਇਸ ਤੋਂ ਪਹਿਲਾਂ 13 ਮਈ ਨੂੰ ਸੈਣੀ ਨੇ ਥਾਣੇ ਪਹੁੰਚ ਕੇ ਆਪਣਾ ਪਾਸਪੋਰਟ ਜਮ੍ਹਾਂ ਕਰਵਾਇਆ ਸੀ ਅਤੇ 50 ਹਜ਼ਾਰ ਦਾ ਨਿੱਜੀ ਮੁਚੱਲਕਾ ਭਰਿਆ ਸੀ। ਅਦਾਲਤ ਨੇ 11 ਮਈ ਨੂੰ ਸੈਣੀ ਨੂੰ ਪੇਸ਼ਗੀ ਜ਼ਮਾਨਤ ਦੇਣ ਸਮੇਂ ਹਫ਼ਤੇ ਦੇ ਅੰਦਰ ਅੰਦਰ ਜਾਂਚ ਅਧਿਕਾਰੀ/ਐੱਸਐੱਚਓ ਕੋਲ ਜਾਂਚ ਵਿੱਚ ਸ਼ਾਮਲ ਹੋਣ ਅਤੇ ਜ਼ਮਾਨਤੀ ਬਾਂਡ ਭਰਨ ਲਈ ਆਖਿਆ ਸੀ।

ਟਰਾਈਸਿਟੀ ਦਾ ਸਾਰਾ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਸਵੇਰੇ 10 ਵਜੇ ਤੋਂ ਹੀ ਮੁਹਾਲੀ ਦੇ ਮਟੌਰ ਥਾਣੇ ਦੇ ਬਾਹਰ ਧੁੱਪ ਵਿੱਚ ਖੜ੍ਹਾ ਸੀ। ਪਹਿਲਾਂ ਸਵੇਰੇ 10 ਵਜੇ, ਫਿਰ ਦੁਪਹਿਰ 1 ਵਜੇ ਅਤੇ ਬਾਅਦ ਵਿੱਚ ਤਿੰਨ ਵਜੇ ਸੈਣੀ ਦੇ ਥਾਣੇ ਪੇਸ਼ ਹੋਣ ਬਾਰੇ ਕਿਹਾ ਗਿਆ। ਕਰੀਬ ਸਾਢੇ ਤਿੰਨ ਵਜੇ ਹੀ ਐੱਸਪੀ (ਡੀ) ਹਰਮਨਦੀਪ ਸਿੰਘ ਹਾਂਸ ਅਤੇ ਸਿਟ ਦੇ ਬਾਕੀ ਮੈਂਬਰ ਸਰਕਾਰੀ ਗੱਡੀਆਂ ਵਿੱਚ ਅਚਾਨਕ ਮਟੌਰ ਥਾਣੇ ’ਚੋਂ ਬਾਹਰ ਨਿਕਲੇ ਅਤੇ ਜ਼ਿਲ੍ਹਾ ਪੁਲੀਸ ਹੈੱਡਕੁਆਰਟਰ ਪਹੁੰਚ ਗਏ।

ਮੀਡੀਆ ਕਰਮੀ ਵੀ ਜਾਂਚ ਟੀਮ ਦੇ ਪਿੱਛੇ ਪਿੱਛੇ ਗਏ ਪ੍ਰੰਤੂ ਪੁਲੀਸ ਨੇ ਪਹਿਲਾਂ ਤੋਂ ਹੀ ਡੀਸੀ ਕੰਪਲੈਕਸ ਅਤੇ ਐੱਸਐਸਪੀ ਦਫ਼ਤਰ ਨੂੰ ਜਾਣ ਵਾਲੇ ਸਾਰੇ ਰਸਤਿਆਂ ’ਤੇ ਬੈਰੀਕੇਡ ਲਗਾ ਕੇ ਪੂਰਾ ਇਲਾਕਾ ਸੀਲ ਕਰ ਦਿੱਤਾ ਅਤੇ ਮੀਡੀਆ ਨੂੰ ਅੱਗੇ ਨਹੀਂ ਜਾਣ ਦਿੱਤਾ।

ਕਰੀਬ 4 ਵਜ ਕੇ 20 ਮਿੰਟ ’ਤੇ ਸੁਮੇਧ ਸੈਣੀ ਵੀ ਐੱਸਐੱਸਪੀ ਦਫ਼ਤਰ ਪਹੁੰਚੇ ਜਿੱਥੇ ਉਨ੍ਹਾਂ ਨੂੰ ਵੀਆਈਪੀ ਟਰੀਟਮੈਂਟ ਦਿੱਤਾ ਗਿਆ। ਸੈਣੀ ਤੋਂ ਕੀਤੀ ਗਈ ਪੁੱਛ-ਗਿੱਛ ਦੇ ਵੇਰਵੇ ਨਹੀਂ ਮਿਲੇ ਹਨ। ਸਿਟ ਦੇ ਚੇਅਰਮੈਨ ਅਤੇ ਐੱਸਪੀ (ਡੀ) ਹਰਮਨਦੀਪ ਸਿੰਘ ਹਾਂਸ ਨੇ ਸਿਰਫ਼ ਏਨਾ ਹੀ ਕਿਹਾ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।