ਗ੍ਰਿਫਤਾਰੀ ਦੇ ਡਰ ਤੋਂ ਸੁਰਖਰੂ ਹੋ ਕੇ ਸੁਮੇਧ ਸੈਣੀ ਮਟੌਰ ਥਾਣੇ ਪਹੁੰਚਿਆ

ਗ੍ਰਿਫਤਾਰੀ ਦੇ ਡਰ ਤੋਂ ਸੁਰਖਰੂ ਹੋ ਕੇ ਸੁਮੇਧ ਸੈਣੀ ਮਟੌਰ ਥਾਣੇ ਪਹੁੰਚਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ
ਪੰਜਾਬ ਦਾ ਸਾਬਕਾ ਪੁਲਸ ਮੁਖੀ ਅਤੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਕੇ ਕਤਲ ਕਰਨ ਦਾ ਦੋਸ਼ੀ ਸੁਮੇਧ ਸੈਣੀ ਕਈ ਦਿਨ ਭਗੌੜਾ ਰਹਿਣ ਮਗਰੋਂ ਅੱਜ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਸਾਹਮਣੇ ਪੇਸ਼ ਹੋਇਆ। ਸੈਣੀ ਤੋਂ ਅੱਜ ਸਿੱਟ ਮੈਂਬਰਾਂ ਨੇ ਮੋਹਾਲੀ ਦੇ ਮਟੌਰ ਥਾਣੇ ਵਿਚ ਪੁੱਛਗਿਛ ਕੀਤੀ। 

ਪ੍ਰਤੱਖ ਦਰਸ਼ੀਆਂ ਮੁਤਾਬਕ ਸੈਣੀ ਆਪਣੇ ਵਕੀਲਾਂ ਅਤੇ ਸੁਰੱਖਿਆ ਅਮਲੇ ਨਾਲ ਸਵੇਰੇ 11 ਵਜੇ ਥਾਣੇ ਪਹੁੰਚਿਆ ਅਤੇ ਉਹ ਸਿੱਧਾ ਥਾਣਾ ਮੁਖੀ ਦੇ ਦਫਤਰ ਵਿਚ ਜਾ ਕੇ ਕਰਸੀ 'ਤੇ ਬੈਠ ਗਿਆ। 

ਸੈਣੀ ਨੇ ਕਈ ਦਿਨ ਭਗੌੜਾ ਰਹਿ ਕੇ ਸੁਪਰੀਮ ਕੋਰਟ ਤਕ ਪਹੁੰਚ ਕਰਕੇ ਗ੍ਰਿਫਤਾਰੀ ਤੋਂ ਬਚਣ ਲਈ ਅਗਾਊਂ ਜ਼ਮਾਨਤ ਹਾਸਲ ਕਰ ਲਈ ਹੈ ਅਤੇ ਹੋਰ ਮਾਮਲਿਆਂ ਵਿਚ ਵੀ ਗ੍ਰਿਫਤਾਰੀ ਤੋਂ ਬਚਾਅ ਲਈ ਆਰਜ਼ੀ ਰੋਕ ਲਗਵਾ ਲਈ ਹੈ। ਪੰਜਾਬ ਵਿਚ ਸੈਣੀ ਦੀ ਗ੍ਰਿਫਤਾਰੀ ਦੀ ਲੋਕਾਂ ਨੂੰ ਬੇਸਬਰੀ ਨਾਲ ਉਡੀਕ ਸੀ, ਪਰ ਪੰਜਾਬ ਸਰਕਾਰ ਅਤੇ ਪੰਜਾਬ ਦੀ ਪੁਲਸ ਫਿਲਹਾਲ ਸੈਣੀ ਨੂੰ ਗ੍ਰਿਫਤਾਰ ਕਰਨ ਵਿਚ ਫੇਲ੍ਹ ਹੋਈ। ਕਈ ਲੋਕਾਂ ਦਾ ਕਹਿਣਾ ਹੈ ਕਿ ਸੈਣੀ ਨੂੰ ਸਰਕਾਰ ਗ੍ਰਿਫਤਾਰ ਕਰਨਾ ਹੀ ਨਹੀਂ ਚਾਹੁੰਦੀ ਸੀ। 

ਉਧਰ ਬਹਿਬਲ ਕਲਾਂ ਮਾਮਲੇ ਵਿਚ ਸੈਣੀ ਅਤੇ ਆਈਜੀ ੳੇੁਮਰਾਨੰਗਲ ਨੂੰ ਦੋਸ਼ੀ ਵਜੋਂ ਨਾਮਜ਼ਦ ਕਰਨ ਦੀ ਖਬਰਾਂ ਆ ਰਹੀਆਂ ਹਨ। ਸੂਤਰਾਂ ਤੋਂ ਹਾਸਲ ਜਾਣਕਾਰੀ ਮੁਤਾਬਕ ਬਹਿਬਲ ਕਲਾਂ ਗੋਲੀਬਾਰੀ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਨੇ ਘਟਨਾ ਸਮੇਂ ਪੰਜਾਬ ਦੇ ਡੀਜੀਪੀ ਸੁਮੇਧ ਸੈਣੀ ਅਤੇ ਆਈਜੀ ਪਰਮਰਾਜ ਉਮਰਾਨੰਗਲ ਨੂੰ ਦੋਸ਼ੀ ਵਜੋਂ ਨਾਮਜ਼ਦ ਕਰ ਲਿਆ ਹੈ।